ਖਾਸ ਖਬਰਾਂ

ਘੱਲੂਘਾਰਾ ਜੂਨ 1984 ਦੀ 34ਵੀਂ ਯਾਦ ਵਿੱਚ ਬੰਗਲੌਰ ਵਿਖੇ ਕਰਵਾਏ ਸੈਮੀਨਾਰ ਤੇ ਸੰਵਾਦ ਦਾ ਤੱਤਸਾਰ

By ਸਿੱਖ ਸਿਆਸਤ ਬਿਊਰੋ

June 04, 2018

ਬੰਗਲੌਰ: ਜੂਨ 1984 ਵਿਚ ਦਰਬਾਰ ਸਾਹਿਬ (ਅੰਮ੍ਰਿਤਸਰ), ਅਕਾਲ ਤਖ਼ਤ ਸਾਹਿਬ ਤੇ ਹਰੋਨਾਂ ਗੁਰਧਾਮਾਂ ਉੱਤੇ ਭਾਰਤੀ ਫੌਜ ਦੇ ਹਮਲੇ ਦੀ 34ਵੀਂ ਬਰਸੀ ਦੀ ਯਾਦ ਵਿਚ ਗੁਰੂਦੁਆਰਾ ਸਾਹਿਬ, ਅਲਸੂਰ, ਬੰਗਲੌਰ ਵਿਖੇ 2 ਜੂਨ, 2018 ਨੂੰ ਇਕ ਦਿਨਾ ਸੈਮੀਨਾਰ ਅਤੇ ਸੰਵਾਦ ਕਰਵਾਇਆ ਗਿਆ। ਬੰਗਲੌਰ ਦੀ ਸੰਗਤ ਅਤੇ ਖਾਸ ਕਰ ਕੇ ਨੌਜਵਾਨਾਂ ਨੇ ਇਸ ਵਿਚ ਸ਼ਾਮਿਲ ਹੋ ਕੇ ਘੱਲੂਘਾਰਾ, ਇਸ ਨਾਲ ਜੁੜੀਆਂ ਹਸਤੀਆਂ ਅਤੇ ਇਸ ਦੀ ਅੱਜ ਬਣਦੀ ਸਾਰਥਕਤਾ ਤੇ ਵਿਚਾਰ ਸਾਂਝੇ ਕੀਤੇ।

ਇਸ ਮੌਕੇ ਤੇ ਸਿੱਖ ਯੂਥ ਵਿੰਗ ਬੰਗਲੌਰ ਵਲੋਂ ਅਜੋਕੇ ਗਿਆਨ ਪ੍ਰਬੰਧ ਅਤੇ ਸਿੱਖ ਦ੍ਰਿਸ਼ਟੀਕੋਣ ਉੱਤੇ ਇਸ ਦਾ ਪ੍ਰਭਾਵ, ਰਾਸ਼ਟਰਵਾਦ (ਨੈਸ਼ਨਲਿਸਮ), ਕਥਿਤ ਧਰਮ-ਨਿਰਲੇਪਤਾ (ਸੈਕੁਲਰਿਸਮ) ਅਤੇ ਫਿਰਕੂਪੁਣੇ ਦੇ ਪ੍ਰਚੱਲਤ ਸਿਧਾਂਤਾਂ ਦੀ ਤਸਵੀਰ-ਲੜੀ (ਸਲਾਈਡ ਸ਼ੋਅ) ਦੀ ਮਦਦ ਨਾਲ ਵਿਆਖਿਆ ਕੀਤੀ ਗਈ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਨੌਜਵਾਨ ਬੁਲਾਰਿਆਂ ਨੇ ਇੰਨਾਂ ਸਿਧਾਂਤਾਂ ਨੂੰ ਭਾਰਤੀ ਸੰਦਰਭ ਵਿਚ ਰੱਖ ਕੇ ਵਿਆਖਿਆ ਕਰਦਿਆਂ ਦੱਸਿਆ ਕਿ ਕਿਵੇਂ ਬ੍ਰਾਹਮਣੀ ਤੇ ਹਿੰਦੂਤਵੀ ਵਿਚਾਰਧਾਰਾ ਦੇ ਪੈਰੋਕਾਰਾਂ ਵੱਲੋਂ ਆਪਣੇ ਨਿੱਜੀ ਸਵਾਰਥਾਂ ਨੂੰ ਪੂਰਾ ਕਰਨ ਲਈ ਸਮਾਜ ਦੇ ਦੱਬੇ-ਕੁਚਲੇ ਤੇ ਘਟ ਗਿਣਤੀ ਵਰਗਾਂ ਵਿਚ ਵੰਡੀਆਂ ਪਾਉਣ, ਉਨ੍ਹਾਂ ਦਾ ਨਜ਼ਰੀਆ ਬਦਲਨ ਤੇ ਉਨ੍ਹਾਂ ਦੀ ਆਪਣੀ ਸਮੂਹਿਕ ਹਸਤੀ ਬਾਰੇ ਚੇਤਨਾ ਨੂੰ ਧੁੰਦਲਾ ਕਰਨ ਲਈ ਇਨ੍ਹਾਂ ਸ਼ਬਦਾਂ ਤੇ ਇਸਤਲਾਹਾਂ ਨੂੰ ਵਰਤਿਆ ਜਾਂਦਾ ਹੈ।

ਸੰਗਤ ਨੂੰ ਬ੍ਰਾਹਮਣੀ ਅਤੇ ਹਿੰਦੂਤਵਾ ਤਾਕਤਾਂ ਦੇ ਪਿਛੋਕੜ ਤੇ ਚਾਨਣਾ ਪਾਉਂਦੇ ਬੁਲਾਰਿਆਂ ਨੇ ਬ੍ਰਾਹਮਣਵਾਦੀ ਤਾਕਤਾਂ ਦੇ ਗੁਰੂ ਸਮੇਂ ਤੋਂ ਲੈ ਕੇ 1984 ਅਤੇ ਮੌਜੂਦਾ ਹਾਲਤਾਂ ਤਕ ਬਦਲਦੇ ਰੂਪਾਂ ਤੇ ਹੱਥਕੰਡਿਆਂ ਦੇ ਬਾਰੇ ਵੀ ਜਾਣਕਾਰੀ ਦਿੱਤੀ ਗਈ ਜਿਨ੍ਹਾਂ ਦੁਆਰਾ ਹਮੇਸ਼ਾ ਤੋਂ ਭਾਰਤ ਦਾ ਜਾਤ – ਅਭਿਮਾਨੀ ਹਿੰਦੂਤਵ ਵਰਗ ਐਸੀਆਂ ਵਿਚਾਰਧਾਰਾਵਾਂ, ਫਲਸਫੇ ਅਤੇ ਕਦਰਾਂ-ਕੀਮਤਾਂ, ਜੋ ਬ੍ਰਾਹਮਣੀ ਜਾਤ ਅਧਾਰਤ ਸਮਾਜ ਤੋਂ ਵੱਖਰੀਆਂ ਹਨ, ਨੂੰ ਦਬਾਉਣ, ਉਨ੍ਹਾਂ ਨੂੰ ਜਜ਼ਬ ਕਰਨ ਅਤੇ ਮੁੱਢੋਂ ਤਬਾਹ ਕਰਨ ਲਈ ਵਿਉਂਤਾਂ ਘੜਦਾ ਰਿਹਾ ਹੈ ।

ਇਸ ਮੌਕੇ ਸਿੱਖ ਨੌਜਵਾਨਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਜ਼ਾਲਮਾਂ ਧਿਰ ਵਲੋਂ ਕੀਤੀ ਜਾ ਰਹੀ ਵਿਆਖਿਆ ਨਾਲ ਹੋ ਰਹੇ ਬੌਧਿਕ-ਭ੍ਰਿਸ਼ਟਾਚਾਰ ਤੋਂ ਬਚਣ ਤੇ ਦੁਚਿੱਤੀ ਵਿਚ ਪੈਣ ਦੀ ਥਾਂ ਜੂਨ 1984 ਵਰਗੇ ਘੱਲੂਘਾਰਿਆਂ ਨੂੰ ਗੁਰਮਤਿ, ਸਿੱਖ ਇਤਿਹਾਸ ਅਤੇ ਖ਼ਾਲਸਾ ਪੰੰਥ ਦੀ ਅਜ਼ਾਦ ਹਸਤੀ ਦੇ ਪ੍ਰਤੀਕ ਅਕਾਲ ਤਖ਼ਤ ਸਾਹਿਬ ਦੇ ਚਾਨਣ ਵਿੱਚ ਵੇਖਣ ਤੇ ਸਮਝਣ ਦੇ ਰਾਹ ਪੈਣ ਅਤੇ ਇਸ ਸਭ ਬਾਰੇ ਤਾਜਾ ਨਜ਼ਰੀਆ ਬਨਾਉਣ ਲਈ ਅੱਜ ਦੇ ਪ੍ਰਚੱਲਤ ਗਿਆਨ ਦੇ ਦਇਰੇ ਵਿੱਚ ਬੱਝਣ ਦੀ ਥਾਂ ਸਿੱਖ ਨੁਕਤਾ ਨਜ਼ਰ ਤੋਂ ਵਰਤਾਰਿਆਂ ਨੂੰ ਜਾਣਨ – ਸਮਝਣ ਦਾ ਪੁਰਜ਼ੋਰ ਯਤਨ ਕਰਨ ਕਿਉਂਕਿ ਇਹੀ ਇੱਕੋ-ਇਕ ਰਾਹ ਹੈ ਜਿਸ ਨਾਲ ਭਵਿੱਖ ਲਈ ਉਸਾਰੂ ਅਤੇ ਅਸਰਦਾਰ ਕਦਮ ਚੁੱਕੇ ਜਾ ਸਕਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: