ਭਵਾਨੀਗੜ੍ਹ: ਜੂਨ 1984 ਵਿਚ ਭਾਰਤੀ ਹਕੂਮਤ ਵਲੋਂ ਸਿੱਖਾਂ ਉੱਤੇ ਕੀਤੇ ਗਿਆ ਫੌਜੀ ਹਮਲਾ ਸਿੱਖ ਇਤਿਹਾਸ ਦਾ ਤੀਜਾ ਘੱਲੂਘਾਰਾ ਸੀ। ਇਸ ਵਿਚ ਭਾਰਤੀ ਫੌਜਾਂ ਨੇ ਦਰਬਾਰ ਸਾਹਿਬ (ਅੰਮ੍ਰਿਤਸਰ) ਸਮੇਤ ਪੰਜਾਬ ਅਤੇ ਗਵਾਂਢੀ ਸੂਬਿਆਂ ਦੇ ਹੋਰਨਾਂ ਗੁਰਧਾਮਾਂ ਉੱਤੇ ਹਮਲਾ ਕਰਕੇ ਅਕਾਲ ਤਖਤ ਸਾਹਿਬ ਨੂੰ ਢਹਿਢੇਰੀ ਕੀਤਾ, ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬਹੁਮੁੱਲਾ ਖਜਾਨਾ ਸਾੜਿਆ ਅਤੇ ਲੁੱਟ ਲਿਆ ਅਤੇ ਸਿੱਖ ਸੰਗਤਾਂ ਨੂੰ ਸ਼ਹੀਦ ਕੀਤਾ। ਇਸ ਮੌਕੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਸਿੱਖ ਜੁਝਾਰੂਆਂ ਨੇ ਫੌਜਾਂ ਦਾ ਟਾਕਰਾ ਕੀਤਾ ਅਤੇ ਗੁਰਧਾਮਾਂ ਦੀ ਰਾਖੀ ਕਰਦਿਆਂ ਅਦੁੱਤੀ ਸ਼ਹੀਦੀਆਂ ਪਾਈਆਂ।
ਦੁਨੀਆਂ ਦੇ ਕੋਨੇ-ਕੋਨੇ ਵਿਚ ਰਹਿੰਦੇ ਸਿੱਖ ਹਰ ਸਾਲ ਇਸ ਘੱਲੂਘਾਰੇ ਨੂੰ ਯਾਦ ਕਰਦੇ ਹਨ ਤੇ ਦੇਸ਼-ਵਿਦੇਸ਼ ਵਿਚ ਘੱਲੂਘਾਰੇ ਅਤੇ ਸ਼ਹੀਦਾਂ ਦੀ ਯਾਦ ਵਿਚ ਸਮਾਗਮ ਕਰਵਾਏ ਜਾਂਦੇ ਹਨ। ਇਸੇ ਲੜੀ ਤਹਿਤ 8 ਜੂਨ ਨੂੰ ਘੱਲੂਘਾਰੇ ਦੀ 35ਵੀਂ ਯਾਦ ਵਿਚ ਇਕ ਸਮਾਗਮ ਭਵਾਨੀਗੜ੍ਹ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ ਗੁਰਦੁਆਰਾ ਪਾਤਿਸ਼ਾਹੀ ਨੌਵੀਂ, ਭਵਾਨੀਗੜ੍ਹ ਵਿਖੇ 8 ਜੂਨ ਦੀ ਸ਼ਾਮ ਨੂੰ 7 ਵਜੇ ਸ਼ੁਰੂ ਹੋਵੇਗਾ। ਇਸ ਸਮਾਗਮ ਵਿਚ ਸਾਰੰਦਾਵਾਦਕ ਭਾਈ ਰਣਜੋਧ ਸਿੰਘ ਤੇ ਉਹਨਾਂ ਦੇ ਸਾਥੀ ਗੁਰਬਾਣੀ ਕੀਰਤਨ ਸਰਵਨ ਕਰਵਾਉਣਗੇ ਤੇ ਸ਼ਹੀਦਾਂ ਦੇ ਨਮਿਤ ਅਰਦਾਸ ਹੋਵਗੀ। ਇਸ ਮੌਕੇ ਸਿੱਖ ਵਿਚਾਰਕ ਡਾ. ਸੇਵਕ ਸਿੰਘ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਇਸ ਸਮਾਗਮ ਦਾ ਪ੍ਰਬੰਧ ਸਮੂਹ ਸਾਧ ਸੰਗਤ, ਭਵਾਨੀਗੜ੍ਹ ਵਲੋਂ ਕੀਤਾ ਜਾ ਰਿਹਾ ਹੈ ਤੇ ਸੰਗਤਾਂ ਨੇ ਸਭਨਾ ਨੂੰ ਸਮਾਗਮ ਵਿਚ ਹਾਜ਼ਰੀ ਭਰਨ ਦਾ ਸਨਿਮਰ ਸੱਦਾ ਭੇਜਿਆ ਹੈ।