ਸਿੱਖ ਖਬਰਾਂ

ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਮਾਛੀਵਾੜਾ ਵਿਖੇ 16-17 ਅਗਸਤ ਨੂੰ

By ਸਿੱਖ ਸਿਆਸਤ ਬਿਊਰੋ

July 14, 2014

ਗੱਤਕਾ ਐਸੋਸੀਏਸ਼ਨ ਵੱਲੋਂ ਰੈਫਰੀਆਂ ਲਈ ਗੱਤਕਾ ਕਲੀਨਿਕ ਪਟਿਆਲਾ ਚ ਲੱਗੇਗਾ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (13 ਜੁਲਾਈ 2014): ਪੰਜਾਬ ਗੱਤਕਾ ਐਸੋਸੀਏਸ਼ਨ ਵੱਲੋਂ ਦੋ ਰੋਜਾ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ (ਲੜਕੇ-ਲੜਕੀਆਂ) ਮਾਛੀਵਾੜਾ (ਲੁਧਿਆਣਾ) ਵਿਖੇ 16-17 ਅਗਸਤ ਨੂੰ ਕਰਵਾਈ ਜਾਵੇਗੀ। ਇਹ ਫੈਸਲਾ ਅੱਜ ਇੱਥੇ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਹਰਚਰਨ ਸਿੰਘ ਭੁੱਲਰ ਆਈ.ਪੀ.ਐਸ. ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਲਿਆ ਗਿਆ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਐਸੋਸੀਏਸ਼ਨ ਦੇ ਜਨਰਲ ਸਕੱਤਰ ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਵੱਲੋਂ ਇਸ ਸਾਲ ਕਰਵਾਏ ਜਾਣ ਵਾਲੇ ਟੂਰਨਾਮੈਂਟਾਂ, ਕੈਂਪਾਂ ਅਤੇ ਵਿਰਸਾ ਸੰਭਾਲ ਗੱਤਕਾ ਪ੍ਰਦਰਸ਼ਨੀਆਂ ਦੀ ਰੂਪਰੇਖਾ ਉਲੀਕੀ ਗਈ ਅਤੇ ਵੱਖ-ਵੱਖ ਜਿਲਾ ਕੋਆਰਡੀਨੇਟਰਾਂ ਨੂੰ ਜਿੰਮੇਵਾਰੀਆਂ ਸੌਂਪੀਆਂ ਗਈਆਂ।

ਉਨਾਂ ਦੱਸਿਆ ਕਿ ਮਾਛੀਵਾੜਾ ਵਿਖੇ ਦੂਜੀ ਪੰਜਾਬ ਰਾਜ ਪੱਧਰੀ ਗੱਤਕਾ ਚੈਂਪੀਅਨਸ਼ਿਪ ਕਰਵਾਉਣ ਲਈ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਨੂੰ ਜਿੰਮੇਵਾਰੀ ਸੌਂਪੀ ਗਈ ਹੈ। ਇਸ ਟੂਰਨਾਮੈਂਟ ਦੇ ਸਫਲ ਅਯੋਜਨ ਲਈ ਸ੍ਰੀ ਭੁੱਲਰ ਨੇ ਵਿਰਸਾ ਸੰਭਾਲ ਵਿੰਗ ਦੇ ਸਟੇਟ ਕੋਆਰਡੀਨੇਟਰ ਪ੍ਰਿੰਸੀਪਲ ਬਲਜਿੰਦਰ ਸਿੰਘ ਤੂਰ ਸੀਨੀਅਰ ਮੀਤ ਪ੍ਰਧਾਨ ਜਿਲਾ ਗੱਤਕਾ ਐਸੋਸੀਏਸ਼ਨ ਲੁਧਿਆਣਾ ਨੂੰ ਹਰ ਤਰਾਂ ਦੇ ਪ੍ਰਬੰਧ ਜੁਟਾਉਣ ਲਈ ਨਾਮਜਦ ਕੀਤਾ ਹੈ। ਉਹਨਾਂ ਦੱਸਿਆ ਕਿ ਗੱਤਕਾ ਫੈਡਰੇਸ਼ਨ ਆਫ ਇੰਡੀਆ ਦੀ ਸਰਪ੍ਰਸਤੀ ਹੇਠ ਕਰਵਾਈ ਜਾ ਰਹੀ ਇਸ ਗੱਤਕਾ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਸਾਰੇ ਜਿਲਿਆਂ ਦੀਆਂ ਮਹਿਲਾ ਅਤੇ ਪੁਰਸ਼ ਵਰਗ ਵਿੱਚ ਗੱਤਕਾ ਟੀਮਾਂ ਹਿੱਸਾ ਲੈਣਗੀਆਂ।

ਮੀਟਿੰਗ ਦੌਰਾਨ ਇਹ ਵੀ ਫੈਸਲਾ ਲਿਆ ਗਿਆ ਕਿ ਗੱਤਕਾ ਐਸੋਸੀਏਸ਼ਨ ਵੱਲੋਂ ਅਗਸਤ ਮਹੀਨੇ ਦੇ ਪਹਿਲੇ ਹਫਤੇ ਪਟਿਆਲਾ ਵਿੱਚ ਗੱਤਕਾ ਰੈਫਰੀਆਂ ਲਈ ਵਿਸ਼ੇਸ਼ ਗੱਤਕਾ ਕਲੀਨਿਕ ਲਾਇਆ ਜਾਵੇਗਾ ਜਿਸ ਦੀ ਦੇਖਰੇਖ ਦੀ ਜਿੰਮੇਵਾਰੀ ਜਿਲਾ ਗੱਤਕਾ ਐਸੋਸੀਏਸ਼ਨ ਪਟਿਆਲਾ ਨੂੰ ਸੌਂਪੀ ਗਈ ਹੈ। ਉਨਾਂ ਦੱਸਿਆ ਕਿ ਵਿਸ਼ਵ ਗੱਤਕਾ ਫੈਡਰੇਸ਼ਨ ਵੱਲੋਂ ਇਸੇ ਮਹੀਨੇ ਗੱਤਕਾ ਨਿਯਮਾਂਵਲੀ-2014 ਦਾ ਸੋਧਿਆ ਰੂਪ ਅੰਗਰੇਜੀ ਅਤੇ ਪੰਜਾਬੀ ਵਿੱਚ ਰਿਲੀਜ਼ ਕੀਤਾ ਜਾਵੇਗਾ।

ਇਸ ਮੌਕੇ ਹਰਚਰਨ ਸਿੰਘ ਭੁੱਲਰ, ਜੋ ਕਿ ਗੱਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਵੀ ਹਨ, ਨੇ ਕਿਹਾ ਕਿ ਗੱਤਕਾ ਖੇਡ ਸਕੂਲ ਗੇਮਜ਼ ਫੈਡਰੇਸ਼ਨ ਆਫ ਇੰਡੀਆ ਦੇ ਖੇਡ ਕੈਲੰਡਰ ਵਿੱਚ ਸ਼ਾਮਲ ਹੋਣ ਸਦਕਾ ਰਾਸ਼ਟਰੀ ਸਕੂਲ ਖੇਡਾਂ ਦਾ ਅੰਗ ਬਣ ਗਈ ਹੈ ਜਿਸ ਲਈ ਦੇਸ਼ ਦੇ ਸਮੂਹ ਗੱਤਕਾ ਖਿਡਾਰੀਆਂ ਵਿੱਚ ਇਸ ਮਾਣਮੱਤੀ ਪ੍ਰਾਪਤੀ ਲਈ ਖੁਸ਼ੀ ਦੀ ਲਹਿਰ ਹੈ। ਉਨਾ ਕਿਹਾ ਕਿ ਇਸ ਪਰਾਤਨ ਖੇਡ ਨੂੰ ਰਾਸ਼ਟਰੀ ਮਾਨਤਾ ਮਿਲਣ ਨਾਲ ਯਕੀਨਨ ਹੀ ਜਿੱਥੇ ਇਸ ਖੇਡ ਦਾ ਦਾਇਰਾ ਵਿਸ਼ਾਲ ਹੋਵੇਗਾ ਅਤੇ ਮਕਬੂਲੀਅਤ ਵਧੇਗੀ ਉਥੇ ਹੀ ਚਿਰਾਂ ਤੋਂ ਉਡੀਕ ਵਿੱਚ ਬੈਠੇ ਗੱਤਕਾ ਖਿਡਾਰੀਆਂ ਨੂੰ ਦੂਜੀਆਂ ਸਥਾਪਤ ਖੇਡਾਂ ਦੇ ਖਿਡਾਰੀਆਂ ਵਾਂਗ ਸਹੂਲਤਾਂ ਵੀ ਮਿਲਣੀਆਂ ਸ਼ੁਰੂ ਹੋ ਜਾਣਗੀਆਂ।

ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪੰਜਾਬ ਗੱਤਕਾ ਐਸੋਸੀਏਸ਼ਨ ਦੇ ਸਰਪ੍ਰਸਤ ਗਿਆਨੀ ਰਣਜੀਤ ਸਿੰਘ ਪਟਿਆਲਾ, ਸੀਨੀਅਰ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ, ਵਿਰਸਾ ਸੰਭਾਲ ਵਿੰਗ ਦੇ ਰਾਸ਼ਟਰੀ ਕੋਆਰਡੀਨੇਟਰ ਡਾ. ਦੀਪ ਸਿੰਘ ਚੰਡੀਗੜ੍ਹ, ਕੁਲਦੀਪ ਕੌਰ ਕੰਗ ਕੋਆਰਡੀਨੇਟਰ ਇਸਤਰੀ ਵਿੰਗ, ਇੰਸਪੈਕਟਰ ਸਵਰਨਜੀਤ ਸਿੰਘ ਵਿੱਤ ਸਕੱਤਰ, ਬਲਜਿੰਦਰ ਸਿੰਘ ਦਫਤਰ ਸਕੱਤਰ ਅਤੇ ਗੁਰਦੀਪ ਸਿੰਘ ਖਰੜ ਆਦਿ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: