ਐਚ.ਐਸ. ਗਰੇਵਾਲ, ਤਨਮਨਜੀਤ ਸਿੰਘ ਢੇਸੀ (ਫਾਈਲ ਫੋਟੋ)

ਕੌਮਾਂਤਰੀ ਖਬਰਾਂ

ਨੈਸ਼ਨਲ ਗੱਤਕਾ ਐਸੋਸੀਏਸ਼ਨ ਵੱਲੋਂ ਢੇਸੀ ਨੂੰ ਸਲੋਹ ਤੋਂ ਸੰਸਦੀ ਉਮੀਦਵਾਰ ਬਣਾਉਣ ਦਾ ਸਵਾਗਤ

By ਸਿੱਖ ਸਿਆਸਤ ਬਿਊਰੋ

May 07, 2017

ਸਾਊਥਹਾਲ: ਗ੍ਰੇਵਸ਼ੈਮ (ਯੂ.ਕੇ.) ਦੇ ਪਹਿਲੇ ਸਿੱਖ ਮੇਅਰ ਰਹੇ ਸ. ਤਨਮਨਜੀਤ ਸਿੰਘ ਢੇਸੀ ਨੂੰ ਸਲੋਹ ਸੰਸਦੀ ਹਲਕੇ ਤੋਂ ਲੇਬਰ ਪਾਰਟੀ ਦਾ ਉਮੀਦਵਾਰ ਬਣਾਏ ਜਾਣ ‘ਤੇ ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇੰਗਲੈਂਡ ਵਸਦੇ ਸਮੂਹ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਬਰਤਾਨਵੀ ਸੰਸਦ ਵਿੱਚ ਪਹਿਲੀ ਵਾਰ ਕਿਸੇ ਦਸਤਾਰਧਾਰੀ ਸਿੱਖ ਨੂੰ ਆਪਣੇ ਨੁਮਾਇੰਦੇ ਵਜੋਂ ਭੇਜਣ ਲਈ ਡਟ ਕੇ ਸ. ਢੇਸੀ ਦੀ ਮੱਦਦ ਕਰਨ।

ਇਸ ਸਬੰਧੀ ਇੱਕ ਬਿਆਨ ਵਿੱਚ ਨੈਸ਼ਨਲ ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਸ. ਹਰਜੀਤ ਸਿੰਘ ਗਰੇਵਾਲ ਨੇ ਸ. ਢੇਸੀ ਵੱਲੋਂ ਬਰਤਾਨੀਆਂ ਦੀਆਂ ਸਥਾਨਕ ਚੋਣਾਂ ਦੌਰਾਨ ਕੈਂਟ ਕਾਊਂਟੀ ਕੌਂਸਲ ਦੀ ਚੋਣ ਦੁਬਾਰਾ ਜਿੱਤਣ ‘ਤੇ ਉਨਾਂ ਨੂੰ ਭੇਜੀ ਵਧਾਈ ਵਿੱਚ ਕਿਹਾ ਹੈ ਕਿ ਪੰਜਾਬ ਦੇ ਇਸ ਜਾਏ ਨੇ ਬਤੌਰ ਮੇਅਰ ਕਾਰਜਸ਼ੀਲ ਰਹਿੰਦਿਆਂ ਵਿਦੇਸ਼ਾਂ ਵਿੱਚ ਸਿੱਖ ਕੌਮ ਦਾ ਮਾਣ ਵਧਾਇਆ ਹੈ। ਉਨ੍ਹਾਂ ਕਿਹਾ ਕਿ ਬਰਤਾਨਵੀ ਸਿੱਖਾਂ ਅਤੇ ਪੰਜਾਬੀਆਂ ਨੂੰ ਇਸ ਨੌਜਵਾਨ ਸਿੱਖ ਰਾਜਸੀ ਆਗੂ ਤੋਂ ਭਵਿੱਖ ਵਿੱਚ ਵੱਡੀਆਂ ਆਸਾਂ ਹਨ ਅਤੇ ਉਮੀਦ ਪ੍ਰਗਟਾਈ ਕਿ ਸੰਸਦ ਲਈ ਚੁਣੇ ਜਾਣ ‘ਤੇ ਸ. ਢੇਸੀ ਆਪਣੇ ਪਿਛਲੇ ਸਾਲਾਂ ਦੇ ਸਫ਼ਲ ਰਾਜਸੀ ਜੀਵਨ ਵਾਂਗ ਬਰਤਾਨੀਆ ਵਸਦੇ ਸਮੂਹ ਪੰਜਾਬੀ ਭਾਈਚਾਰੇ ਦੀ ਆਵਾਜ਼ ਬਣਨਗੇ।

ਗੱਤਕਾ ਪ੍ਰੋਮੋਟਰ ਸ. ਗਰੇਵਾਲ ਨੇ ਕਿਹਾ ਕਿ ਸ. ਢੇਸੀ ਨੇ ਮਿਹਨਤ ਕਰਕੇ ਯੂ.ਕੇ. ਵਿੱਚ ਵਿਰਾਸਤੀ ਖੇਡ ਗੱਤਕਾ ਦੀ ਪ੍ਰਫੁੱਲਤਾ ਲਈ ਵੱਡਾ ਯੋਗਦਾਨ ਪਾਇਆ ਹੈ ਅਤੇ ਯੂ.ਕੇ. ਗੱਤਕਾ ਐਸੋਸੀਏਸ਼ਨ ਦੇ ਪ੍ਰਧਾਨ ਵਜੋਂ ਪਿਛਲੇ ਪੰਜ ਸਾਲਾਂ ਤੋਂ ਲਗਾਤਾਰ ਗੱਤਕੇ ਦੇ ਨੈਸ਼ਨਲ ਪੱਧਰ ਦੇ ਮੁਕਾਬਲੇ ਕਰਵਾ ਰਹੇ ਹਨ। ਉਨ੍ਹਾਂ ਭਾਰਤ ਵਸਦੇ ਸਮੂਹ ਪੰਜਾਬੀਆਂ ਅਤੇ ਦੇਸ਼ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਬਰਤਾਨੀਆਂ ਖਾਸ ਕਰਕੇ ਸਲੋਹ ਸੰਸਦੀ ਹਲਕੇ ਵਿੱਚ ਰਹਿੰਦੇ ਆਪਣੇ ਰਿਸਤੇਦਾਰਾਂ ਨੂੰ ਸ. ਢੇਸੀ ਦੀ ਤਨੋਂ-ਮਨੋਂ ਡਟ ਕੇ ਮੱਦਦ ਕਰਨ ਲਈ ਅਪੀਲਾਂ ਕਰਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Gatka Association exhorts Diaspora to support Tanmanjeet Singh Dhesi from Slough in UK General Elections 2017 …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: