ਚੰਡੀਗੜ੍ਹ – ਮੀਰੀ ਪੀਰੀ ਦਿਵਸ ਮੌਕੇ ੧੪ ਹਾੜ (੨੮ ਜੂਨ) ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੀ ਵਿਸ਼ਵ ਸਿੱਖ ਇਕੱਤਰਤਾ ਦੇ ਸੱਦੇ ਬਾਬਤ ਗੁਰ-ਸੰਗਤ ਅਤੇ ਖਾਲਸਾ ਪੰਥ ਦੇ ਜਥਿਆ ਨਾਲ ਪੰਥ ਸੇਵਕ ਸ਼ਖਸ਼ੀਅਤਾਂ ਦੀਆਂ ਬੈਠਕਾਂ ਦਾ ਦੌਰ ਜਾਰੀ ਹੈ। ਇਸੇ ਤਹਿਤ ਬੀਤੇ ਦਿਨੀਂ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਪਟਿਆਲਾ ਸ਼ਹਿਰ ਵਿਚ ਗੁਰ-ਸੰਗਤ, ਖਾਲਸਾ ਪੰਥ ਦੀ ਸੇਵਾ ਅਤੇ ਪੰਜਾਬ ਤੇ ਸਰਬੱਤ ਦੇ ਭਲੇ ਲਈ ਸਰਗਰਮ ਜਥਿਆਂ ਨਾਲ ਮੁਲਾਕਾਤ ਪੰਥ ਸੇਵਕਾਂ ਨੇ ਅਹਿਮ ਇਕੱਤਰਤਾ ਕੀਤੀ।
ਇਸ ਇਕੱਤਰਤਾ ਦੌਰਾਨ ਮੌਜੂਦਾ ਹਾਲਾਤ, ਪੰਚ ਪ੍ਰਧਾਨੀ ਅਗਵਾਈ ਤੇ ਗੁਰਮਤਾ ਵਿਧੀ ਬਾਰੇ ਨਿੱਠ ਕੇ ਵਿਚਾਰ ਵਟਾਂਦਰਾ ਹੋਇਆ। ਇਸ ਮੌਕੇ ਭਾਈ ਦਲਜੀਤ ਸਿੰਘ ਨੇ ਕਿਹਾ ਕਿ ਮੌਜੂਦਾ ਸਮੇਂ ਸਿੱਖਾਂ ਦੇ ਇੰਨੇ ਜਥੇ ਸਰਗਰਮ ਹਨ ਪਰ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਸੰਭਾਲ ਦਾ ਨਿਜ਼ਾਮ ਪੰਥਕ ਲੀਹਾਂ ਅਨੁਸਾਰੀ ਨਾ ਹੋਣ ਕਾਰਨ ਇਹਨਾ ਜਥਿਆਂ ਵੱਲੋਂ ਕੀਤੇ ਯਤਨਾਂ ਦੇ ਪੂਰੇ ਸਾਰਥਕ ਨਤੀਜੇ ਨਹੀਂ ਨਿੱਕਲਦੇ। ਜਿਸ ਤੇਜੀ ਨਾਲ ਹਾਲਾਤ ਬਦਲ ਰਹੇ ਹਨ ਸਿੱਖਾਂ ਵਾਸਤੇ ਆਪਣੀ ਸਾਂਝੀ ਅਗਵਾਈ ਚੁਣਨ ਅਤੇ ਸਾਂਝੇ ਫੈਸਲੇ ਲੈਣ ਦਾ ਪੰਥਕ ਤਰੀਕਾਕਾਰ ਅਮਲ ਵਿਚ ਲਿਆਉਣ ਬਹੁਤ ਅਹਿਮ ਹੈ।
ਇਸ ਇਕੱਤਰਤਾ ਵਿਚ ਬਾਬਾ ਇੰਦਰ ਸਿੰਘ (ਜਥੇਦਾਰ ਕਾਰ ਸੇਵਾ ਪਟਿਆਲਾ), ਬਾਬਾ ਦਿਲਬਾਗ ਸਿੰਘ (ਕਾਰ ਸੇਵਾ ਪਟਿਆਲਾ), ਬਾਬਾ ਬਖਸ਼ੀਸ ਸਿੰਘ, ਨੌਨਿਹਾਲ ਸਿੰਘ (ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ), ਪਰਮਿੰਦਰ ਸਿੰਘ, ਗੁਰਮੋਹਣ ਸਿੰਘ ਮੰਡੌਲੀ, ਗੁਰਵਿੰਦਰ ਸਿੰਘ ਗੋਨਾ ਅਤੇ ਸੈਫੀ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਹਾਜ਼ਰ ਜਥਿਆਂ ਨੂੰ ਵਿਸ਼ਵ ਸਿੱਖ ਇਕੱਤਰਤਾ ਦਾ ਸੱਦਾ ਦਿੱਤਾ ਗਿਆ।
ਕੁੱਝ ਹੋਰ ਤਸਵੀਰਾਂ ਵੇਖੋ