ਹਿਸਾਰ, ਹਰਿਆਣਾ (29 ਜੁਲਾਈ, 2013): 2 ਨਵੰਬਰ 1984 ਨੂੰ ਹਰਿਆਣੇ ਵਿਖੇ ਕਤਲ ਕੀਤੇ ਸਿੱਖਾਂ ਦੇ ਕੇਸਾਂ ਦੀ ਜਾਂਚ ਕਰ ਰਹੇ ਜਸਟਿਸ ਟੀ. ਪੀ. ਗਰਗ ਦੀ ਅਦਾਲਤ ਵਿੱਚ ਹਿਸਾਰ ਵਿਖੇ ਅੱਜ ਹੋਂਦ ਚਿੱਲੜ ਦੇ ਕੇਸਾਂ ਦੀ ਸੁਣਵਾਈ ਸੀ। 29 ਜੁਲਾਈ, 2013 ਨੂੰ ਹੋਈ ਸੁਣਵਾਈ ਵਿੱਚ ਕੇਸ ਨੰਬਰ 44 ਤੋਂ 51 ਤੱਕ ਦੇ ਪੀੜ੍ਹਤ ਅਮਰਜੀਤ ਸਿੰਘ ਤੋਂ ਸਰਕਾਰੀ ਵਕੀਲਾਂ ਨੇ ਕਈ ਤਰ੍ਹਾਂ ਦੇ ਸੁਆਲ ਪੁੱਛੇ।
ਅਮਰਜੀਤ ਸਿੰਘ ਨੇ ਦੱਸਿਆ ਕਿ 2 ਨਵੰਬਰ 1984 ਨੂੰ ਉਸਦੇ ਪਰਿਵਾਰ ਦੇ ਅੱਠ ਜੀਆਂ ਨੂੰ ਬੜੀ ਬੇਕਿਰਕੀ ਨਾਲ ਮਾਰ ਦਿੱਤਾ ਗਿਆ ਸੀ, ਜਿਸ ਵਿੱਚ ਉਸਦੇ ਨਾਨਾ ਗੁਰਦਿਆਲ ਸਿੰਘ (55), ਉਸ ਦੀ ਨਾਨੀ ਜਮਨਾ ਬਾਈ (54) ਤਿੰਨ ਮਾਮੇ ਗੁਰਦਿਆਲ ਸਿੰਘ (24), ਮਹਿੰਦਰ ਸਿੰਘ (27), ਗਿਆਨ ਸਿੰਘ (13), ਤਿੰਨ ਮਾਸੀਆਂ ਅਮਿੰਦਰ ਕੌਰ (25), ਸੁਨੀਤਾ ਦੇਵੀ (17), ਜਸਵੀਰ ਕੌਰ (15) ਨੂੰ ਮਾਰ ਦਿੱਤਾ ਗਿਆ ਸੀ। ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਆਗੂ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਭਾਈ ਦਰਸ਼ਨ ਸਿੰਘ ਘੋਲੀਆ ਨੇ ਸਿੱਖ ਸਿਆਸਤ ਨਿਊਜ਼ ਨੂੰ ਭੇਜੇ ਇਕ ਲਿਖਤੀ ਬਿਆਨ ਵਿਚ ਕਿਹਾ ਹੈ ਕਿ ਮਾਨਯੋਗ ਜੱਜ ਨੇ ਪੀੜ੍ਹਤ ਅਮਰਜੀਤ ਸਿੰਘ ਵੱਲੋਂ ਦਿੱਤੇ ਬਿਆਨਾਂ ਨੂੰ ਧਿਆਨਪੂਰਵਕ ਸੁਣਿਆ ਅਤੇ ਗੁੱਡੀ ਦੇਵੀ ਪੁੱਤਰੀ ਸਰਦਾਰ ਸਿੰਘ ਦੇ ਕੇਸ ਦੀ ਤਰੀਕ 21 ਅਗਸਤ ‘ਤੇ ਅੱਗੇ ਪਾ ਦਿੱਤੀ।
ਆਗੂਆਂ ਨੇ ਦੋਸ਼ ਲਗਾਇਆ ਕਿ ਕੇਂਦਰ ਦੀ ਸ਼ਹਿ ਤੇ ਜਸਟਿਸ ਗਰਗ ਕਮਿਸ਼ਨ ਮਾਮਲੇ ਦੀ ਸੁਣਵਾਈ ਨੂੰ ਜਾਣ-ਬੁੱਝ ਕੇ ਲਟਕਾ ਰਹੇ ਹਨ। ਉਨ੍ਹਾਂ ਦੱਸਿਆ ਕਿ ਮਾਰਚ 2011 ਨੂੰ ਜਦੋਂ ਇਹ ਕਮਿਸ਼ਨ ਸਥਾਪਿਤ ਹੋਇਆ ਸੀ ਤਾਂ ਹਰਿਆਣਾ ਸਰਕਾਰ ਵੱਲੋਂ ਇਹ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਜਾਂਚ 6 ਮਹੀਨੇ ਵਿੱਚ ਪੂਰੀ ਹੋ ਜਾਵੇਗੀ, ਪਰ ਹੁਣ ਤਾਂ 28 ਮਹੀਨੇ ਹੋ ਗਏ ਹਨ ਅਜੇ ਤੱਕ ਕੋਈ ਨਤੀਜੇ ਤੇ ਨਹੀਂ ਪਹੁੰਚ ਸਕੇ। ਉਨ੍ਹਾਂ ਲੋਕ ਸਭਾ ਮੈਂਬਰ ਬੀਬੀ ਹਰਸਿਮਰਤ ਕੌਰ ਬਾਦਲ ਅਤੇ ਸ: ਸੁਖਦੇਵ ਸਿੰਘ ਢੀਂਡਸਾ ਨੂੰ ਅਪੀਲ ਕੀਤੀ ਕਿ ਉਹ ਵੱਖ-ਵੱਖ ਪਾਰਟੀਆਂ ਦੇ ਹਮ ਖਿਆਲੀ ਲੋਕ ਸਭਾ ਮੈਂਬਰਾਂ ਨੂੰ ਨਾਲ ਲੈ ਕੇ ਇਸ ਮੁੱਦੇ ਤੇ ਲੋਕ ਸਭਾ ਵਿੱਚ ਅਵਾਜ ਬੁਲੰਦ ਕਰਨ। ਇਸ ਮੌਕੇ ਲਖਵੀਰ ਸਿੰਘ ਰੰਡਿਆਲਾ, ਸੋਨਾ ਸਿੰਘ ਬਰਾੜ, ਕਰਮ ਸਿੰਘ ਆਦੀਵਾਲ, ਗਿਆਨ ਸਿੰਘ ਖਾਲਸਾ, ਮਨਜਿੰਦਰ ਸਿੰਘ ਗਾਲਬ, ਬਲਵੀਰ ਸਿੰਘ ਹਿਸਾਰ ਆਦਿ ਹਾਜ਼ਰ ਸਨ।