ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਗਿਆਨੀ ਗੁਰਮੁਖ ਸਿੰਘ

ਸਿੱਖ ਖਬਰਾਂ

ਗਿਆਨੀ ਗੁਰਮੁੱਖ ਸਿੰਘ ਨੇ ਦਿੱਤਾ ਸਪੱਸ਼ਟੀਕਰਨ, ਕਿਹਾ ਸੌਦਾ ਸਾਧ ਨਾਲ ਕੋਈ ਮੀਟਿੰਗ ਨਹੀਂ ਕੀਤੀ

By ਸਿੱਖ ਸਿਆਸਤ ਬਿਊਰੋ

January 17, 2016

ਬਠਿੰਡਾ (16 ਜਨਵਰੀ, 2016): ਗਿਆਨੀ ਗੁਰਮੁੱਖ ਸਿੰਘ ਨੇ ਅੱਜ ਸੌਦਾ ਸਾਧ ਨੂੰ ਜਾਰੀ ਕੀਤੇ ਮਾਫੀਨਾਮੇ ਸਬੰਧੀ ਆਪਣਾ ਸਪੱਸ਼ਟੀ ਕਰਨ ਦਿੰਦਿਆਂ ਕਿਹਾ ਕਿ ਉਨ੍ਹਾਂ ਕਦੇ ਵੀ ਸੌਦਾ ਸਾਧ ਨੂੰ ਵੇਖਿਆ ਤੱਕ ਨਹੀਂ ਹੈ, ਉਸ ਨਾਲ ਮੁਲਾਕਾਤ ਕਰਨੀ ਤਾਂ ਦੂਰ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਜਿਸ ਦਿਨ (22 ਸਤੰਬਰ) ਸੌਦਾ ਸਾਧ ਨਾਲ ਉਨ੍ਹਾਂ ਦੀ ਮੀਟਿੰਗ ਹੋਣ ਦੀ ਗੱਲ ਆਖੀ ਜਾ ਰਹੀ ਹੈ, ਉਸ ਦਿਨ ਉਹ ਭਾਈ ਬਿਧੀ ਚੰਦ ਦੇ ਸਾਲਾਨਾ ਜੋੜ ਮੇਲੇ ਵਿੱਚ ਸਨ। ਉਨ੍ਹਾਂ ਖ਼ਿਲਾਫ਼ ਲਾਏ ਜਾ ਰਹੇ ਵੱਢੀਖੋਰੀ ਦੇ ਦੋਸ਼ ਵੀ ਬੇਬੁਨਿਆਦ ਹਨ। ਜੇਕਰ ਕੋਈ ਵੀ ਦੋਸ਼ ਸਾਬਿਤ ਕਰ ਦੇਵੇ ਤਾਂ ਉਹ ਪੰਥ ਅੱਗੇ ਜੁਆਬਦੇਹ ਹੋਣਗੇ।

ਜ਼ਿਕਰਯੋਗ ਹੈ ਕਿ ਅਕਾਲ ਤਖਤ ਸਾਹਿਬ ਤੋਂ ਸੌਦਾ ਸਾਧ ਨੂੰ ਮਾਫੀਨਾਮਾ ਜ਼ਾਰੀ ਕਰਨ ਵਾਲੇ ਪੰਜ ਤਖਤਾਂ ਦੇ ਜੱਥੇਦਾਰਾਂ ਵਿੱਚ ਗਿਆਨੀ ਗੁਰਮੱਖ ਸਿੰਘ ਵੀ ਸ਼ਾਮਲ ਸੀ। ਜਿਸ ਦਾ ਉਨ੍ਹਾਂ ਦੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਸਮੇਤ ਸਮੁੱਚੇ ਪੰਥ ਵੱਲੋਂ ਕਰੜਾ ਵਿਰੋਧ ਹੋਇਆ ਸੀ। ਪੰਥਕ ਵਿਰੋਧ ਦੇ ਚਲਦਿਆਂ ਹੀ ਸੌਦਾ ਸਾਧ ਨੂੰ ਦਿੱਤਾ ਮਾਫੀਨਾਮਾ ਵਾਪਿਸ ਲਿਆ ਗਿਆ ਸੀ॥

ਸ਼ਰੋਮਣੀ ਕਮੇਟੀ ਵੱਲੋਂ ਲਾਏ ਗਏ ਤਖ਼ਤ ਦਮਦਮਾ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਅੱਜ ਆਪਣਾ ਅਹੁਦਾ ਤਿਆਗਣ ਦੀ ਪੇਸ਼ਕਸ਼ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਉਹ ਕਈ ਵਾਰ ਸ਼੍ਰੋਮਣੀ ਕਮੇਟੀ ਕੋਲ ਆਪਣਾ ਅਹੁਦਾ ਛੱਡਣ ਦੀ ਗੱਲ ਰੱਖ ਚੁੱਕੇ ਹਨ। ਬੇਸ਼ੱਕ ਸ਼੍ਰੋਮਣੀ ਕਮੇਟੀ ਅੱਜ ਨਵਾਂ ਜਥੇਦਾਰ ਲਗਾ ਦੇਵੇ, ਉਹ ਉਸੇ ਵੇਲੇ ਹੀ ਅਹੁਦਾ ਛੱਡ ਦੇਣਗੇ।

ਗਿਆਨੀ ਗੁਰਮੁਖ ਸਿੰਘ ਨੇ ਆਖਿਆ ਕਿ ਉਨ੍ਹਾਂ ਨੂੰ ਜਥੇਦਾਰ ਦੇ ਅਹੁਦੇ ਨਾਲ ਕੋਈ ਮੋਹ ਨਹੀਂ ਹੈ। ਉਹ ਤਾਂ ਗੁਰੂਘਰ ਦੇ ਸੇਵਾਦਾਰ ਬਣੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਹ ਜਥੇਦਾਰ ਬਣਨ ਲਈ ਰਾਜ਼ੀ ਹੀ ਨਹੀਂ ਸਨ ਪਰ ਸ਼੍ਰੋਮਣੀ ਕਮੇਟੀ ਕਈ ਦਿਨ ਉਨ੍ਹਾਂ ਨੂੰ ਮਨਾਉਂਦੀ ਰਹੀ।

ਜਥੇਦਾਰ ਗਿਆਨੀ ਗੁਰਮੁਖ ਸਿੰਘ ਨੇ ਅੱਜ ਲੰਮੀ ਚੁੱਪ ਮਗਰੋਂ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖ ਕੌਮ ਨੂੰ ਆਪਣਾ ਸਪੱਸ਼ਟੀਕਰਨ ਦਿੱਤਾ। ਉਨ੍ਹਾਂ ਆਖਿਆ ਕਿ ਰੋਜ਼ਾਨਾ ਦੀ ਦੂਸ਼ਣਬਾਜ਼ੀ ਨੇ ਉਨ੍ਹਾਂ ਦੇ ਮਨ ਨੂੰ ਠੇਸ ਪਹੁੰਚਾਈ ਹੈ ਜਿਸ ਕਰਕੇ ਉਨ੍ਹਾਂ ਨੇ ਅਹੁਦਾ ਛੱਡਣ ਦੀ ਗੱਲ ਕਈ ਦਫ਼ਾ ਸ਼੍ਰੋਮਣੀ ਕਮੇਟੀ ਕੋਲ ਰੱਖੀ ਪਰ ਸ਼੍ਰੋਮਣੀ ਕਮੇਟੀ ਨੇ ਇਹ ਆਖ ਦਿੱਤਾ ਕਿ ਵਿਸਾਖੀ ਮਗਰੋਂ ਪੱਕਾ ਜਥੇਦਾਰ ਲਗਾ ਦਿੱਤਾ ਜਾਵੇਗਾ।

ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਜਥੇਦਾਰ ਦੇ ਅਹੁਦੇ ’ਤੇ ਰਹਿੰਦੇ ਹੋਏ ਸ਼੍ਰੋਮਣੀ ਕਮੇਟੀ ਦੇ ਖਾਤੇ ਵਿੱਚੋਂ ਕੋਈ ਖ਼ਰਚਾ ਨਹੀਂ ਲਿਆ। ਜਥੇਦਾਰ ਨੇ ਅੱਜ ਸ਼੍ਰੋਮਣੀ ਕਮੇਟੀ ਵੱਲੋਂ ਬਰਖ਼ਾਸਤ ਕੀਤੇ ਪੰਜ ਪਿਆਰਿਆਂ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਜਥੇਦਾਰ ਸਾਹਿਬਾਨ ਖ਼ਿਲਾਫ਼ ਵਰਤੀ ਜਾ ਰਹੀ ਗ਼ੈਰਮਿਆਰੀ ਸ਼ਬਦਾਵਲੀ ਹੁਣ ਬਰਦਾਸ਼ਤ ਕਰਨੀ ਔਖੀ ਹੈ। ਬਰਖ਼ਾਸਤ ਕੀਤੇ ਪੰਜ ਪਿਆਰਿਆਂ ਦੀ ਨਜ਼ਰ ਵਿਦੇਸ਼ੀ ਸਿੱਖਾਂ ਤੋਂ ਮਿਲਣ ਵਾਲੇ ਡਾਲਰਾਂ ’ਤੇ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: