ਵਿਦੇਸ਼

ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਪੰਜਾਬ ਅਤੇ ਕਸ਼ਮੀਰ ਵਿੱਚ ਸਰਕਾਰੀ ਜ਼ੁਲਮ ਦੀ ਨਿਖੇਧੀ

By ਸਿੱਖ ਸਿਆਸਤ ਬਿਊਰੋ

July 18, 2016

ਲੰਡਨ: ਕਸ਼ਮੀਰ ਵਿੱਚ ਖਾੜਕੂ ਬੁਰਹਾਨ ਵਾਨੀ ਦੀ ਸ਼ਹਾਦਤ ਤੋਂ ਬਾਅਦ ਜਿਸ ਤਰ੍ਹਾਂ ਭਾਰਤੀ ਸੈਨਿਕ ਦਲਾਂ, ਅਰਧ ਸੈਨਿਕ ਦਲਾਂ ਅਤੇ ਸਥਾਨਕ ਪੁਲੀਸ ਵਲੋਂ ਨਿਰਦੋਸ਼ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਜਾ ਰਿਹਾ ਹੈ ਉਸ ਨਾਲ ਇਹ ਸਾਬਤ ਹੋ ਰਿਹਾ ਹੈ ਕਿ ਭਾਰਤ ਸਰਕਾਰ ਅਤੇ ਹਿਟਲਰ ਦੇ ਜ਼ੁਲਮਾਂ ਵਿੱਚ ਬਹੁਤਾ ਅੰਤਰ ਨਹੀਂ ਹੈ। ਨਿਰਦੋਸ਼ ਬੀਬੀਆਂ ਦੀਆਂ ਫੌਜ ਵਲੋਂ ਇੱਜ਼ਤਾਂ ਲੁੱਟੀਆਂ ਜਾ ਰਹੀਆਂ ਹਨ, ਬੱਚਿਆਂ ਅਤੇ ਬਜ਼ੁਰਗਾਂ ਨੂੰ ਕੋਹ ਕੋਹ ਕੇ ਮਾਰਿਆ ਜਾ ਰਿਹਾ ਹੈ।

ਭਾਰਤੀ ਫੌਜ ਦਾ ਇਸ ਤੋਂ ਕਈ ਗੁਣਾਂ ਵੱਧ ਕਰੂਪ ਅਤੇ ਜ਼ੁਲਮੀ ਚਿਹਰਾ ਸਿੱਖ ਕੌਮ ਨੇ ਜੂਨ 1984 ਦੇ ਖੂਨੀ ਘੱਲੂਘਾਰੇ ਦੌਰਾਨ ਦੇਖਿਆ ਹੈ ਜਦੋਂ ਹਜ਼ਾਰਾਂ ਸਿੱਖਾਂ ਨੂੰ ਭਾਰਤੀ ਫੌਜ ਵਲੋਂ ਘਰਾਂ ਤੋਂ ਫੜ-ਫੜ ਕੇ ਸ਼ਹੀਦ ਕੀਤਾ ਗਿਆ। ਘੱਲੂਘਾਰੇ ਦੌਰਾਨ ਭਾਰਤੀ ਫੌਜ ਵਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਦੁੱਧ ਚੁੰਘਦੇ ਹੋਏ ਬੱਚਿਆਂ, ਬਜ਼ੁਰਗਾਂ ਅਤੇ ਬੀਬੀਆਂ ਨੂੰ ਸ਼ਹੀਦ ਕੀਤਾ ਗਿਆ ਸੀ। ਕਸ਼ਮੀਰ ਵਿੱਚ ਮੁਕਾਬਲੇ ਵਿੱਚ ਸ਼ਹੀਦ ਹੋਏ ਬੁਰਹਾਨ ਵਾਨੀ ਦੀ ਮ੍ਰਿਤਕ ਦੇਹ ਦਾ ਵਰਦੀ ਧਾਰੀਆਂ ਵਲੋਂ ਜਿਸ ਕਦਰ ਅਪਮਾਨ ਕੀਤਾ ਗਿਆ ਉਹ ਇਨਸਾਨੀਅਤ ਅਤੇ ਲੋਕਤੰਤਰ ਦੇ ਮੱਥੇ ਤੇ ਬਹੁਤ ਵੱਡਾ ਕਲੰਕ ਹੈ।

ਬਰਤਾਨੀਆਂ ਵਿੱਚ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੇ ਨਿਸ਼ਾਨੇ ਨੂੰ ਸਮਰਪਤ ਅਤੇ ਯਤਨਸ਼ੀਲ ਸਿੱਖ ਜਥੇਬੰਦੀਆਂ ਦੇ ਸਾਂਝੇ ਸੰਗਠਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ.ਕੇ. ਵਲੋਂ ਇਸ ਦੀ ਸਖਤ ਨਿਖੇਧੀ ਕੀਤੀ ਗਈ ਹੈ। ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਦੇ ਕੋਆਰਡੀਨੇਟਰਜ਼ ਭਾਈ ਕੁਲਦੀਪ ਸਿੰਘ ਚਹੇੜੂ, ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਵਲੋਂ ਜਿੱਥੇ ਕਸ਼ਮੀਰ ਦੇ ਲੋਕਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ ਉੱਥੇ ਨੀਂਦ ਦੀਆਂ ਗੋਲੀਆਂ ਖਾ ਕੇ ਸੁੱਤੀ ਹੋਈ ਭਾਰਤ ਦੀ ਸੁਪਰੀਮ ਕੋਰਟ ਨੂੰ ਜਾਗ ਜਾਣ ਅਤੇ ਕਸ਼ਮੀਰੀਆਂ ਅਤੇ ਪੰਜਾਬੀਆਂ (ਸਿੱਖਾਂ) ਤੇ ਹੋ ਰਹੇ ਸਰਕਾਰੀ ਧੱਕਿਆਂ ਨੂੰ ਰੋਕਣ ਦੀ ਅਪੀਲ ਕੀਤੀ ਗਈ ਹੈ।

ਪੰਜਾਬ ਸਾਹਿਬ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਅਤੇ ਗੁਰਬਾਣੀ ਦੀਆਂ ਪੋਥੀਆਂ ਦੀ ਬੇਅਦਬੀ ਹੁੰਦਿਆਂ ਇੱਕ ਸਾਲ ਤੋਂ ਲਗਾਤਾਰ ਜਾਰੀ ਹਨ। ਪਰ ਸਰਕਾਰ ਵਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜਦਕਿ ਮਲੇਰਕੋਟਲਾ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਕਰਨ ਵਾਲੇ 48 ਘੰਟਿਆਂ ਵਿੱਚ ਗ੍ਰਿਫਤਾਰ ਕਰ ਲਏ ਗਏ ਹਨ। ਇਹ ਵਰਤਾਰਾ ਪੰਜਾਬ ਦੀ ਬਾਦਲ ਸਰਕਾਰ ਦੇ ਦੋਹਰੇ ਕਿਰਦਾਰ ਅਤੇ ਬੇਅਦਬੀ ਕਰਨ ਵਾਲਿਆਂ ਪ੍ਰਤੀ ਕੋਈ ਸਾਂਝ ਭਿਆਲਤਾ ਦੀ ਸ਼ੱਕ ਪ੍ਰਗਟ ਕਰਦਾ ਹੈ। ਸਰਕਾਰ ਦੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵਰਤੀ ਗਈ ਸੁਸਤ ਰਫਤਾਰ ਖਿਲਾਫ ਸਿੱਖ ਜਥੇਬੰਦੀਆਂ ਵਲੋਂ ਉਲੀਕੇ ਗਏ ਰੋਸ ਮਾਰਚ ਨੂੰ ਰੋਕਣ ਵਾਸਤੇ ਸੈਂਕੜੇ ਸਿੱਖਾਂ ਨੂੰ ਗ੍ਰਿਫਤਾਰ ਕਰਨਾ ਬਾਦਲਕਿਆਂ ਦੀ ਸਿੱਖਾਂ ਪ੍ਰਤੀ ਜ਼ੁਲਮ ਦੀ ਇੰਤਹਾ ਹੈ। ਇਹਨਾਂ ਸਮੁੱਚੇ ਜ਼ੁਲਮਾਂ ਤੋਂ ਨਿਜਾਤ ਪਾਉਣ ਦਾ ਇੱਕੋ ਇੱਕ ਹੱਲ ਸਿੱਖਾਂ ਦਾ ਆਪਣਾ ਅਜ਼ਾਦ ਸਿੱਖ ਰਾਜ ਖਾਲਿਸਤਾਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: