ਫਰੈਕਫੋਰਟ (ਜਰਮਨੀ): ਸਿੱਖ ਪੰਥ ਨੂੰ ਦਰਪੇਸ਼ ਚੁਣੌਤੀਆਂ ਅਤੇ ਉਹਨਾਂ ਦੇ ਹੱਲ ਬਾਰੇ ਵਿਚਾਰ ਚਰਚਾ ਕਰਨ ਲਈ ਗੁਰਦੁਆਰਾ ਸਿੱਖ ਸੈਟਰ ਫਰੈਂਕਫੋਰਟ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਬੀਤੇ ਕੱਲ੍ਹ ਆਫਨਬਾਖ ਵਿੱਚ ਸਫਲਤਾ ਪੂਰਵਕ ਸੈਮੀਨਾਰ ਕਰਵਾਇਆ ਗਿਆ। ਦੇਸ਼-ਵਿਦੇਸ਼ ਤੋਂ ਪਹੁੰਚੇ ਵਿਦਵਾਨਾਂ ਨੇ ਵੱਖ-ਵੱਖ ਵਿਸ਼ਿਆਂ ‘ਤੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ। ਜਰਮਨ ਦੇ ਕੋਨੇ-ਕੋਨੇ ਅਤੇ ਯੂਰਪ ਅਤੇ ਅਮਰੀਕਾ ਤੋਂ ਪਹੁੰਚੀਆਂ ਸੰਗਤਾਂ ਨੇ ਇਸ ਸੈਮੀਨਾਰ ਵਿੱਚ ਸ਼ਮੂਲੀਅਤ ਕਰਕੇ ਵਿਦਵਾਨਾਂ ਦੇ ਵਿਚਾਰਾਂ ਦਾ ਲਾਹਾ ਲਿਆ।
ਸੈਮੀਨਾਰ ਦੀ ਸ਼ੁਰੂਆਤ ਸ. ਅਵਤਾਰ ਸਿੰਘ ‘ਪੱਤਰਕਾਰ’ ਵੱਲੋਂ ਪੜ੍ਹੇ ਪਰਚੇ ਨਾਲ ਸ਼ੁਰੂ ਹੋਈ। ਉਹਨਾਂ ਨੇ ਘੱਟ ਗਿਣਤੀਆਂ ਅਤੇ ਬਹੁ ਗਿਣਤੀ ਦੇ ਸਬੰਧ, ਬਹੁਗਿਣਤੀ ਵਲੋਂ ਘੱਟ ਗਿਣਤੀ ਉੱਤੇ ਅਤਿਆਚਾਰ ਅਤੇ ਉਹਨਾਂ ਦੀ ਰੋਕਥਮ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ।
ਬੁਧਿਸਟ ਅੰਬੇਦਕਰ ਆਰਗੇਨਾਈਜ਼ੇਸ਼ਨ ਦੇ ਸ੍ਰੀ ਹਰਬੰਸ ਲਾਲ ਵਿਰਦੀ ਨੇ ਮੂਲ ਨਿਵਾਸੀਆਂ ਦੇ ਇਤਿਹਾਸ ਅਤੇ ਭਵਿੱਖ ਵਿੱਚ ਏਕਤਾ ਦੇ ਸਬੰਧ ਵਿੱਚ ਆਪਣੇ ਵਿਚਾਰ ਪ੍ਰਗਟ ਕੀਤੇ। ਉਹਨਾਂ ਨੇ ਇਤਿਹਾਸਕ ਹਵਾਲੇ ਦੇ ਕੇ ਬ੍ਰਾਹਮਣਵਾਦ ਦੇ ਮੂਲਨਿਵਾਸੀਆਂ ਉੱਤੇ ਕੀਤੇ ਕਬਜ਼ੇ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਪੰਜਾਬ ਵਿਚਲੀ ਸਥਿਤੀ ਬਾਰੇ ਉਹਨਾਂ ਨੇ ਕਿਹਾ ਕਿ 36 ਪ੍ਰਤੀਸ਼ਤ ਮੂਲਨਿਵਾਸੀ ਅਤੇ 14 ਪ੍ਰਤੀਸ਼ਤ ਜੱਟ ਸਿੱਖਾਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਵੀ ਬ੍ਰਾਹਮਣਵਾਦੀ ਤਾਕਤਾਂ ਦਾ ਪੰਜਾਬ ਉੱਤੇ ਕਬਜ਼ਾ ਹੈ। ਉਹਨਾਂ ਕਿਹਾ 3 ਪ੍ਰਤੀਸ਼ਤ ਬ੍ਰਾਹਮਣ ਹੀ ਭਾਰਤ ਦਾ ਸਾਰੇ ਰਾਜਨੀਤਿਕ ਢਾਂਚੇ ਉੱਤੇ ਕਬਜ਼ਾ ਹੈ ਤੇ ਅਜਿਹਾ ਬਾਕੀਆਂ ਸਭ ਕੌਮਾਂ ਦੇ ਖਿੰਡਰੇ ਹੋਣ ਕਰਕੇ ਹੈ। ਉਹਨਾਂ ਕਿਹਾ ਕਿ ਸੱਤਾਧਾਰੀ ਬ੍ਰਾਹਮਣ ਬਾਕੀ ਸਾਰੀਆਂ ਕੌਮਾਂ ਨੂੰ ਸ਼ੂਦਰ ਦੇ ਰੂਪ ਵਿੱਚ ਹੀ ਦੇਖਦਾ ਹੈ ਇਸ ਲਈ ਜਦੋਂ ਸਾਨੂੰ ਸਾਡਾ ਦੁਸ਼ਮਣ ਇੱਕ ਅੱਖ ਨਾਲ ਹੀ ਦੇਖਦਾ ਹੈ ਤਾਂ ਸਾਨੂੰ ਇਜੁੱਟ ਹੋ ਕੇ ਉਸਦਾ ਬੌਧਿਕ, ਵਿਚਾਰਧਾਰਕ ਅਤੇ ਸਿਆਸੀ ਤੌਰ ‘ਤੇ ਮੁਕਾਬਲਾ ਕਰਨਾ ਚਹੀਦਾ ਹੈ। ਬ੍ਰਾਹਮਣਵਾਦ ਦਾ ਮੁਕਾਬਲਾ ਕਰਨ ਲਈ ਉਹਨਾਂ ਨੇ ਅੰਬੇਦਕਰ ਸਾਹਿਬ ਵੱਲੋਂ ਸੁਝਾਏ ਕੁਝ ਨੁਕਤਿਆਂ ਨੂੰ ਸੰਗਤਾਂ ਨਾਲ ਸਾਂਝਾਂ ਕੀਤਾ।
ਇੰਗਲੈਂਡ ਤੋਂ ਪਹੁੰਚੇ ਅਰਥਸ਼ਾਸਤਰੀ ਸ. ਬਲਜਿੰਦਰ ਸਿੰਘ ਸੰਧੂ ਨੇ 45 ਮਿੰਟਾਂ ਵਿੱਚ ਸੰਗਤਾਂ ਨੂੰ ਅਰਥਚਾਰੇ ਦੇ ਕੰਮਕਾਜ ਬਾਰੇ ਮੁਢਲੀ ਜਾਣਕਾਰੀ ਸੰਗਤਾਂ ਨੂੰ ਦਿੱਤੀ। ਉਹਨਾਂ ਚਾਨਣਾ ਪਾਇਆ ਕਿ ਕਿਸ ਤਰ੍ਹਾਂ ਆਰਥਿਕ ਰੂਪ ਵਿੱਚ ਮਜ਼ਬੂਤ ਦੇਸ਼ ਆਪਣੀ ਹੋਣੀ ਨੂੰ ਆਪਣੇ ਹੱਥਾਂ ਵਿੱਚ ਰੱਖਦੇ ਹਨ ਤੇ ਦੂਜੇ ਦੇਸ਼ਾਂ ‘ਤੇ ਗਲਬਾ ਪਾਉਂਦੇ ਹਨ। ਉਹਨਾਂ ਵਿਚਾਰ ਦਿੰਦਿਆਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਣ ਵੇਲੇ ਮਨੁੱਖ ਨੂੰ ਆਪਣੀਆਂ ਸਾਰੀਆਂ ਬੌਧਿਕ, ਮਾਨਸਿਕ ਤੇ ਸਰੀਰਕ ਸ਼ਕਤੀਆਂ ਨੂੰ ਇਕੱਠਾ ਕਰਕੇ ਸਮਾਜ ਵਿੱਚ ਵਿਚਰਣ ਲਈ ਕਿਹਾ ਸੀ। ਉਸ ਤਰ੍ਹਾਂ ਦਾ ਮਨੁੱਖ ਅਰਥਚਾਰੇ ਨੂੰ ਬੁਲੰਦੀਆਂ ਵੱਲ ਲੈ ਜਾਂਦਾ ਹੈ ਬਸ਼ਰਤੇ ਕਿ ਸਰਕਾਰਾਂ ਸਹੀ ਪਾਲਿਸੀਆਂ ਬਣਾ ਰਹੀਆਂ ਹੋਣ।
ਇਸ ਸੈਮੀਨਾਰ ਵਿੱਚ ਉਚੇਚੇ ਤੌਰ ‘ਤੇ ਪੰਜਾਬ ਤੋਂ ਪਹੁੰਚੇ ਸ. ਅਜਮੇਰ ਸਿੰਘ ਹੁਰਾਂ ਨੇ ਮੁੱਖ ਭਾਸ਼ਣ ਦਿੰਦਆਂ ਆਧੁਨਿਕਤਾ ਅਤੇ ਉਸ ਦੇ ਸਿੱਖ ਸਮਾਜ, ਧਰਮ ਅਤੇ ਰਾਜਨੀਤੀ ‘ਤੇ ਪੈ ਰਹੇ ਪ੍ਰਭਾਵਾਂ ਨੂੰ ਬਹੁਤ ਵਿਸਥਾਰ ਵਿੱਚ ਸੰਗਤਾਂ ਸਾਹਮਣੇ ਰੱਖਿਆ। ਉਹਨਾਂ ਆਪਣੇ ਵਿਚਾਰ ਦਿੰਦਿਆਂ ਮੌਜੂਦਾ ਸਿੱਖ ਸਮਾਜ ਵਿੱਚ ਹਰ ਵਿਸ਼ੇ ‘ਤੇ ਆ ਰਹੀ ਕਾਹਲ ਅਤੇ ਗੁਰੂ ਸਿਧਾਂਤਾਂ ਤੋਂ ਦੂਰੀ ਵੱਲ ਧਿਆਨ ਦਿਵਾਇਆ। ਉਹਨਾਂ ਕਿਹਾ ਕਿ ਅਸੀਂ ਬਹੁਤ ਜਲਦੀ ਪ੍ਰਾਪਤੀ ਦੀ ਆਸ ਰੱਖਣ ਲੱਗ ਪਏ ਹਾਂ ਤੇ ਇਸ ਕ੍ਰਿਸ਼ਮੇ ਲਈ ਆਗੂਆਂ ਤੋਂ ਲੋੜੋਂ ਵੱਧ ਵੱਡੀਆਂ ਉਮੀਦਾਂ ਰੱਖਦੇ ਹਾਂ। ਇਸ ਤਰ੍ਹਾਂ ਅਸੀਂ ਆਪਣੇ ਨਿਸ਼ਾਨੇ ਤੋਂ ਥਿੜਕ ਕੇ ਆਗੂਆਂ ਦੇ ਹੀ ਸਿੱਖ ਬਣ ਜਾਂਦੇ ਹਾਂ ਤੇ ਅਜਿਹਾ ਕਰਕੇ ਅਸੀਂ ਆਪਣੇ ਨਿਸ਼ਾਨੇ ਤੋਂ ਦੂਰ ਹੁੰਦੇ ਜਾਂਦੇ ਹਾਂ। ਆਧੁਨਿਕਤਾ ਦੇ ਸਿੱਖ ਧਰਮ ਉੱਤੇ ਪਏ ਪ੍ਰਭਾਵਾਂ ਬਾਰੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੌਰਾਨ ਜਦੋਂ ਸਿੱਖ ਧਰਮ ਉੱਤੇ ਬ੍ਰਾਹਮਣਵਾਦੀ ਪ੍ਰਭਾਵਾਂ ਨੂੰ ਦੂਰ ਕਰਨ ਲਈ ਬਹੁਤ ਹੀ ਪਰਭਾਵਸ਼ਾਲੀ ਕਵਾਇਦ ਚੱਲ ਰਹੀ ਸੀ ਤਾਂ ਉਸ ਵੇਲੇ ਜਿਹਨਾਂ ਤਰੀਕਿਆਂ ਨਾਲ ਸਿੱਖੀ ਨੂੰ ਨਵ ਪ੍ਰਭਾਸ਼ਿਤ ਕੀਤਾ ਗਿਆ, ਉਸ ਵਿੱਚ ਪੱਛਮੀ ਵਿਦਿਆ ਦੇ ਲਏ ਸਹਾਰੇ ਨੇ ਮੌਲਿਕ ਪਰਿਭਾਸ਼ਾਵਾਂ ਨੂੰ ਪਿਛੇ ਸੁੱਟ ਦਿੱਤਾ। ਉਹਨਾਂ ਕਿਹਾ ਕਿ ਅੱਜ ਸਿੱਖ ਸਮਾਜ ਵਿੱਚ ਇੱਕ ਪਾਸੇ ਪ੍ਰੰਪਰਾਗਤ ਵਿਚਾਰਧਾਰਾ ਨੂੰ ਜਿਉਂ ਦਾ ਤਿਉਂ ਰੱਖਣ ਦੀ ਤੇ ਦੂਜੇ ਪਾਸੇ ਪੱਛਮੀ ਵਿਦਿਆ ਦੇ ਪ੍ਰਭਾਵ ਥੱਲ੍ਹੇ ਨਵੇਂ ਵਿਚਾਰਾਂ ਨੂੰ ਗ੍ਰਹਿਣ ਕਰਨ ਦੀ ਕਸ਼ਮਕਸ਼ ਚੱਲ ਰਹੀ ਹੈ। ਉਹਨਾਂ ਨੇ ਇਨ੍ਹਾਂ ਸਭ ਵਿਸ਼ਿਆਂ ‘ਤੇ ਦੂਸ਼ਣਬਾਜ਼ੀ ਤੋਂ ਦੂਰ ਜਾ ਕੇ ਉਸਾਰੂ ਬਹਿਸ ਰਚਾਉਣ ਦਾ ਸੱਦਾ ਦਿੱਤਾ। ਅਖੀਰ ਵਿੱਚ ਡੈਨਮਾਰਕ ਤੋਂ ਡਾ: ਜਸਬੀਰ ਸਿੰਘ ਨੇ ਆਧੁਨਿਕਤਾ ਦੇ ਰਾਜਨੀਤੀ ‘ਤੇ ਪ੍ਰਭਾਵਾ ਦੀ ਮੌਜੂਦਾ ਸਮਿਆਂ ਤੋਂ ਕੁਝ ਘਟਨਾਵਾਂ ਦੀ ਉਦਾਹਰਣ ਦੇ ਕੇ ਵਿਸ਼ਲੇਸ਼ਣ ਕੀਤਾ। ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਪੱਛਮੀ ਤਾਕਤਾਂ ਆਪਣੇ ਰਾਜ ਪ੍ਰਬੰਧ ਨੂੰ ਅਗਾਂਹ ਵਧੂ ਤੇ ਮਾਡਰਨ ਦਰਸਾਉਂਦੀਆਂ ਹਨ ਤੇ ਦੂਸਰਿਆਂ ਦੇ ਰਾਜ ਪ੍ਰਬੰਧ ਨੂੰ ਪਿਛਾਂਹ ਖਿੱਚੂ। ਇਸ ਨਿਸ਼ਾਨੇ ਦੀ ਪੂਰਤੀ ਲਈ ਲਈ ਭਾਰੂ ਤਾਕਤਾਂ ਕਿਸ ਤਰ੍ਹਾਂ ਮੀਡੀਏ ਦਾ ਸਹਾਰਾ ਲੈਂਦੀਆਂ ਹਨ, ਬਾਰੇ ਉਹਨਾਂ ਚਾਨਣਾ ਪਾਇਆ। ਮੀਡੀਏ ਦੇ ਪ੍ਰਭਾਵ ਸਿੱਖਾਂ ਨੇ ਕਿਸ ਤਰ੍ਹਾਂ ਕਬੂਲ ਕੀਤੇ ਹਨ ਇਹਨਾਂ ਬਾਰੇ ਵੀ ਉਹਨਾਂ ਸੰਖੇਪ ਵਿੱਚ ਦੱਸਿਆ। ਉਹਨਾਂ ਨਿਸ਼ਾਨਦੇਹੀ ਕੀਤੀ ਕਿ ਕਿਸ ਤਰ੍ਹਾਂ ਅੱਜ ਸਿੱਖ ਨੌਜਵਾਨਾਂ ਦੇ ਰੋਲ ਮਾਡਲ ਗਾਇਕਾਂ ਦੇ ਨਾਮ ਨਾਲੋਂ ਸਿੰਘ ਅੱਖਰ ਗਾਇਬ ਹੋ ਗਿਆ ਹੈ ਤੇ ਅਸੀਂ ਸਭ ਨੇ ਉਸ ਨੂੰ ਪ੍ਰਵਾਨ ਕਰ ਲਿਆ ਹੈ ਤੇ ਇਸ ਤਬਦੀਲੀ ਨਾਲ ਸਾਨੂੰ ਕੋਈ ਤਕਲੀਫ ਨਹੀਂ ਹੁੰਦੀ ਤਾਂ ਸਮਝੋ ਕਿ ਆਧੁਨਿਕਤਾ ਦਾ ਅਸਰ ਅਸੀਂ ਕਬੂਲ ਕਰ ਲਿਆ ਹੈ। ਉਹਨਾਂ ਆਧੁਨਿਕਤਾ ਦੇ ਮਾਰੂ ਪਰਭਾਵਾਂ ਤੋਂ ਬਚਣ ਲਈ ਸੁਚੇਤ ਹੋਣ ਦਾ ਸੱਦਾ ਦਿੱਤਾ।
ਇਸ ਸੈਮੀਨਾਰ ‘ਚ ਸਟੇਜ ਸਕੱਤਰ ਦੀ ਭੂਮਿਕਾ ਸ. ਪਰਮਿੰਦਰ ਸਿੰਘ ਬੱਲ ਨੇ ਬਾਖੂਬੀ ਨਿਭਾਈ। ਉਹਨਾਂ ਅਖੀਰ ਵਿੱਚ ਸ. ਗੁਰਚਰਨ ਸਿੰਘ ਗੁਰਾਇਆਂ ਅਤੇ ਉਹਨਾਂ ਦੀ ਸਾਰੀ ਟੀਮ ਦਾ ਇਸ ਪ੍ਰਭਾਵਸ਼ਾਲੀ ਸੈਮੀਨਾਰ ਨੂੰ ਰਚਾਉਣ ਲਈ ਧੰਨਵਾਦ ਕੀਤਾ।
ਪੰਥਕ ਮਸਲਿਆਂ ‘ਤੇ ਵਿਚਾਰ ਕਰਨ ਲਈ ਰਚਾਏ ਗਏ ਇਸ ਸੈਮੀਨਾਰ ਤੋਂ ਇਲਾਵਾ ਸਿੱਖ ਨੌਜਵਾਨਾਂ ਨੂੰ ਸਿੱਖੀ ਬਾਰੇ ਜਾਣਕਾਰੀ ਦੇਣ ਲਈ ਸਿੱਖ ਐਜੂਕੇਸ਼ਨ ਕੌਂਸਲ ਦੀ ਸਮੁੱਚੀ ਟੀਮ ਨੇ ਨੌਜਵਾਨਾਂ ਨੂੰ ਦੋ ਗਰੁੱਪਾਂ ਵਿੱਚ ਵੰਡ ਕੇ ਸਿਖਲਾਈ ਦਿੱਤੀ ਗਈ। ਦੂਸਰੇ ਦਿਨ ਭਾਈ ਅਜਮੇਰ ਸਿੰਘ ਜਿੱਥੇ ਨੌਜਵਾਨਾਂ ਨੂੰ ਸਬੰਧੋਨ ਕੀਤਾ ਉਥੇ ਦੂਜੇ ਸੈਸ਼ਨ ਵਿੱਚ ਸਰੋਤਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਅੰਤ ਵਿੱਚ ਸੈਮੀਨਾਰ ਕਰਵਾਉਣ ਲਈ ਸੰਗਤਾਂ ਵਲੋਂ ਮਿਲੇ ਭਰਪੂਰ ਸਹਿਯੋਗ ਲਈ ਪ੍ਰਬੰਧਕਾਂ ਨੇ ਸੈਮੀਨਾਰ ਪੰਹੁਚੀਆਂ ਸੰਗਤਾਂ ਦਾ ਧੰਨਵਾਦ ਕੀਤਾ।