ਲੰਡਨ (23 ਅਕਤੂਬਰ, 2015): ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚ ਕੇ ਸਮੁੱਚੀ ਸਿੱਖ ਕੌਮ ਦੀ ਅਣਖ ਨੂੰ ਵੰਗਾਰਨ ਵਾਲੇ ਸਿਰਸੇ ਵਾਲੇ ਅਸਾਧ ਨੂੰ ਅਣਮੰਗੀ ਮੁਆਫੀ ਦੇਣ ਵਾਲੇ ਜਥੇਦਾਰਾਂ ਨੂੰ ਪੰਜ ਸਿੰਘਾਂ ਵਲੋਂ ਪੰਜ ਪਿਆਰਿਆਂ ਦੇ ਰੂਪ ਬਰਤਰਫ ਕਰਨ ਦਾ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਹਾਰਦਿਕ ਸਵਾਗਤ ਕੀਤਾ ਗਿਆ ।
ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਬਿਆਨ ਵਿੱਚ ਭਾਈ ਕੁਲਦੀਪ ਸਿੰਘ ਚਹੇੜੂ,ਭਾਈ ਲਵਸਿ਼ੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ ਨੇ ਇਸ ਫੈਂਸਲੇ ਨੂੰ ਇਤਿਹਾਸਕ ਅਤੇ ਉਸਾਰੂ ਕਰਾਰ ਦਿੱਤਾ ਹੈ ।ਉਕਤ ਫੈਂਸਲੇ ਨੂੰ ਸਿੱਖ ਇਤਿਹਾਸ ਦੀ ਰੌਸ਼ਨੀ ਵਿੱਚ ਅਤੇ ਗੁਰਮਤਿ ਦੇ ਅਨਕੂਲ ਕਰਾਰ ਦਿੱਤਾ ਗਿਆ ਹੈ । ਗੌਰ ਤਲਬ ਹੈ ਕਿ ਜਦੋਂ ਵੀ ਸਿੱਖ ਕੌਮ ਲੀਡਰਹੀਣ ਹੋਣ ਦੀ ਸਥਿਤੀ ਵਿੱਚ ਆਈ ਹੈ ਤਾਂ ਪੰਜ ਸਿੰਘਾਂ ਵਲੋਂ ਹੀ ਪੰਜ ਪਿਆਰਿਆਂ ਦੇ ਰੂਪ ਵਿੱਚ ਅਗਵਾਈ ਕੀਤੀ ਜਾਂਦੀ ਰਹੀ ।
ਇਸੇ ਦੌਰਾਨ ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਵਲੋਂ ਸਿੱਖ ਕੌਮ ਨੂੰ ਸੱਦਾ ਦਿੱਤਾ ਗਿਆ ਕਿ ਸਿੱਖ ਦੀ ਪਿੱਠ ਵਿੱਚ ਛੁਰਾ ਮਾਰਨ ਵਾਲੇ ਇਹਨਾਂ ਸਾਬਕਾ ਜਥੇਦਾਰਾਂ ਨੂੰ ਦੋਸ਼ੀਆਂ ਦੀ ਕਤਾਰ ਵਿੱਚ ਰੱਖਦਾ ਹੋਇਆ ਇਹਨਾਂ ਨਾਲ ਸਿੱਖ ਦੁਸ਼ਮਣਾ ਵਾਲਾ ਸਲੂਕ ਕਰੇ ।
ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨ ਵਿੱਚ ਸ਼ਾਮਲ ਸਿੱਖ ਜਥੇਬੰਦੀਆਂ ਸਿੱਖ ਫੈਡਰੇਸ਼ਨ ਯੂ,ਕੇ ਭਾਈ ਅਮਰੀਕ ਸਿੰਘ ਗਿੱਲ , ਅਖੰਡ ਕੀਰਤਨੀ ਜਥਾ ਯੂ,ਕੇ ਭਾਈ ਬਲਬੀਰ ਸਿੰਘ ਜਥੇਦਾਰ ,ਖਾਲਿਸਤਾਨ ਜਲਾਵਤਨ ਸਰਕਾਰ ਭਾਈ ਗੁਰਮੇਜ ਸਿੰਘ ਗਿੱਲ , ਯੂਨਾਈਟਿਡ ਖਾਲਸਾ ਦਲ ਯੂ,ਕੇ ਭਾਈ ਨਿਰਮਲ ਸਿੰਘ ਸੰਧੂ , ਬ੍ਰਿਟਿਸ਼ ਸਿੱਖ ਕੌਂਸਲ ਭਾਈ ਕੁਲਵੰਤ ਸਿੰਘ ਢੇਸੀ ,ਧਰਮ ਯੁੱਧ ਜਥਾ ਦਮਦਮੀ ਟਕਸਾਲ ਭਾਈ ਚਰਨ ਸਿੰਘ , ਸ਼੍ਰੋਮਣੀ ਅਕਾਲੀ ਦਲ ਯੂ,ਕੇ ਭਾਈ ਗੁਰਦੇਵ ਸਿੰਘ ਚੌਹਾਨ , ਇੰਟਰਨੈਸ਼ਨਲ ਪੰਥਕ ਦਲ ਭਾਈ ਰਘਵੀਰ ਸਿੰਘ,ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਭਾਈ ਗੁਰਦਿਆਲ ਸਿੰਘ ਅਟਵਾਲ ,ਇੰਟਰਨੈਸ਼ਨਲ ਖਾਲਸਾ ਆਰਗੇਨਾਈਜ਼ੇਸਂਨ ਭਾਈ ਸੁਖਵਿੰਦਰ ਸਿੰਘ ਅਤੇ ਦਲ ਖਾਲਸਾ ਭਾਈ ਮਨਮੋਹਣ ਸਿੰਘ ਖਾਲਸਾ ਵਲੋਂ ਸਿੱਖ ਕੌਮ ਸਨਿਮਰ ਅਪੀਲ ਕੀਤੀ ਗਈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਸਥਾਈ ਤੌਰ ਤੇ ਸਤਿਕਾਰ ਬਹਾਲ ਰੱਖਣ ਲਈ ਸਿੱਖ ਕੌਮ ਦਾ ਆਪਣਾ ਘਰ ਅਜਾਦ ਸਿੱਖ ਰਾਜ ਖਾਲਿਸਤਾਨ ਦਾ ਹੋਣਾ ਜਰੂਰੀ ਹੈ ।
ਇਸ ਕਰਕੇ ਹਰ ਸਿੱਖ ਨੂੰ ਇਸ ਕੌਮੀ ਕਾਰਜ ਵਿੱਚ ਬਣਦਾ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਕਿ ਅੱਗੇ ਵਧਦਿਆਂ ਫਤਿਹ ਦੀ ਮੰਜਿ਼ਲ ਤੱਕ ਅੱਪੜਿਆ ਜਾ ਸਕੇ ।