ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਿਛਲੇ 10 ਸਾਲ ਪੰਜਾਬ ਨੂੰ ਲੁੱਟ ਕੇ ਬਰਬਾਦ ਕਰਨ ਲਈ ਜ਼ਿੰਮੇਵਾਰ ਲੋਕਾਂ ਦਾ ਪਰਦਾਫਾਸ਼ ਕਰਨ ਲਈ ਜਾਂਚ ਕਮਿਸ਼ਨ ਗਠਿਤ ਕਰਨ ਜਿਸਦੀ ਨਿਗਰਾਨੀ ਹਾਈ ਕੋਰਟ ਦਾ ਜੱਜ ਕਰੇ। ਇਸਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਮੰਗ ਕੀਤੀ ਕਿ ਪੰਜਾਬ ਦੇ ਵਿੱਤੀ ਹਾਲਾਤਾਂ ਉਪਰ ਜੋ ਵ੍ਹਾਈਟ ਪੇਪਰ ਪੰਜਾਬ ਸਰਕਾਰ ਲਿਆ ਰਹੀ ਹੈ ਉਸਦੀ ਹੱਦ ਤੈਅ ਹੋਵੇ ਅਤੇ ਉਸਦਾ ਦਾਇਰਾ ਪਿਛਲੇ 20 ਸਾਲਾ ਤੱਕ ਵਧਾਇਆ ਜਾਵੇ ਤਾਂਕਿ ਇਸ ਦੌਰਾਨ ਰਾਜ ਕਰਨ ਵਾਲੀਆਂ ਸਾਰੀਆਂ ਧਿਰਾਂ ਦੀ ਭੂਮਿਕਾ ਪੰਜਾਬ ਦੇ ਲੋਕ ਜਾਣ ਸਕਣ। ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਗਠਜੋੜ ਨੇ ਸੱਤਾਧਾਰੀ ਧਿਰ ਉਤੇ ਸਦਨ ਅੰਦਰ ਸੀਟਾਂ ਦੀ ਵੰਡ ਵਿਚ ਪੱਖਪਾਤ ਅਤੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਗਾਉਂਦੇ ਹੋਏ, ਜਿੱਥੇ ਨਾਅਰੇਬਾਜ਼ੀ ਕੀਤੀ ਉਥੇ ਰੋਸ ਵਜੋਂ ਸਪੀਕਰ ਦੀ ਕੁਰਸੀ ਦੇ ਸਾਹਮਣੇ ‘ਸਪੀਕਰ ਵੈਲ’ ਵਿਚ ਧਰਨਾ ਵੀ ਦਿੱਤਾ।
ਮੁੱਖ ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਬੁੱਧਵਾਰ ਨੂੰ ਵਿਧਾਨ ਸਭਾ ਅੰਦਰ ਬੈਂਸ ਭਰਾਵਾਂ ਨੂੰ ਬੋਲਣ ਦਾ ਮੌਕਾ ਨਾ ਦਿੱਤੇ ਜਾਣ ਉਪਰ ਤਿੱਖੀ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਆਮ ਆਦਮੀ ਪਾਰਟੀ ਅਤੇ ਲੋਕ ਇਨਸਾਫ ਪਾਰਟੀ ਦੇ ਗਠਬੰਧਨ ਤੋਂ ਇੰਨਾ ਡਰ ਗਈ ਹੈ ਕਿ ਦੋਵਾਂ ਨੂੰ ਸਦਨ ਵਿਚ ਇਕੱਠੇ ਨਹੀਂ ਬੈਠਣ ਦਿੱਤਾ ਜਾ ਰਿਹਾ ਹੈ। ਜਿਸ ਕਾਰਨ ਆਪ ਅਤੇ ਲੋਕ ਇਨਸਾਫ ਪਾਰਟੀ ਦੇ ਵਿਧਾਇਕਾਂ ਨੂੰ ਮਜਬੂਰ ਹੋ ਕੇ ਸਦਨ ‘ਚ ਰੋਸ ਜਾਹਰ ਕਰਨਾ ਪਿਆ। ਸ਼ੈਸਨ ਤੋਂ ਬਾਅਦ ਸਾਰੇ ਵਿਧਾਇਕਾਂ ਦੀ ਮੌਜੂਦਗੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਐਚ.ਐਸ. ਫੂਲਕਾ, ਸੁਖਪਾਲ ਸਿੰਘ ਖਹਿਰਾ, ਕੰਵਰ ਸੰਧੂ ਅਤੇ ਸਿਮਰਜੀਤ ਸਿੰਘ ਬੈਂਸ ਨੇ ਸੱਤਾਧਾਰੀ ਧਿਰ ਉਤੇ ਵਿਧਾਨ ਸਭਾ ਅੰਦਰ ਪੁਰਾਣੀ ਪਰੰਪਰਾ ਨੂੰ ਤੋੜ ਕੇ ਤਾਨਾਸ਼ਾਹੀ ਰਵੱਈਆ ਅਪਣਾਉਣ ਦਾ ਦੋਸ਼ ਲਗਾਇਆ। ਇਸ ਮੌਕੇ ਖਹਿਰਾ ਨੇ ਕਿਹਾ ਕਿ ਕਾਂਗਰਸ ਹਫਤੇ ਦੇ ਅੰਦਰ-ਅੰਦਰ ਹੀ ਅਕਾਲੀ-ਭਾਜਪਾ ਸਰਕਾਰ ਵਾਲਾ ਰੂਪ ਧਾਰਨ ਕਰਕੇ ਵਿਰੋਧੀ ਧਿਰ ਦੀ ਅਵਾਜ਼ ਦੱਬਾਉਣ ਲੱਗੀ ਹੈ ਜਦਕਿ ਵਿਰੋਧੀ ਧਿਰ ਦੇ ਇਸ ਹੱਕ ਲਈ ਕਾਂਗਰਸੀ ਵਿਧਾਇਕ ਪੰਜਾਬ ਵਿਧਾਨ ਸਭਾ ਵਿਚ ਰੋਸ ਵਜੋਂ ਰਾਤਾਂ ਕੱਟਦੇ ਰਹੇ ਹਨ।
ਵਿਰੋਧੀ ਧਿਰ ਦੇ ਆਗੂ ਐਚ.ਐਸ. ਫੂਲਕਾ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੰਜਾਬ ਦੇ ਵਿੱਤੀ ਸੰਕਟ ਬਾਰੇ ਵ੍ਹਾਈਟ ਪੇਪਰ ਜਾਰੀ ਕਰਨ ਦੇ ਦਾਅਵੇ ਉਪਰ ਪ੍ਰਤੀਕ੍ਰਿਆ ਦਿੰਦੇ ਹੋਏ ਮੰਗ ਰੱਖੀ ਕਿ ਵ੍ਹਾਈਟ ਪੇਪਰ ਜਾਰੀ ਕਰਨ ਦੀ ਮਿਆਦ ਨਿਰਧਾਰਿਤ ਕੀਤੀ ਜਾਵੇ ਤਾਂਕਿ ਪੰਜਾਬ ਨੂੰ ਲੁੱਟਣ ਵਾਲੇ ਲੁੱਟਿਆ ਪੈਸਾ ਬਾਹਰ ਨਾ ਭੇਜ ਸਕਣ। ਇਸ ਲਈ ਸਰਕਾਰ ਜਲਦੀ ਤੋਂ ਜਲਦੀ ਲੁੜੀਂਦਾ ਕਾਨੂੰਨ ਬਣਾਵੇ। ਇਸ ਮਾਮਲੇ ਵਿਚ ਆਮ ਆਦਮੀ ਪਾਰਟੀ ਸਰਕਾਰ ਦੀ ਪੂਰੀ ਮਦਦ ਕਰੇਗੀ। ਇਸ ਉਪਰੰਤ ਮੀਡੀਆ ਨਾਲ ਗੱਲਬਾਤ ਕਰਦਿਆਂ ਫੂਲਕਾ ਨੇ ਕਿਹਾ ਕਿ ਪੰਜਾਬ ਨੂੰ ਲੁੱਟਣ ਵਾਲਿਆਂ ਉਪਰ ਕਾਰਵਾਈ ਸੁਰੂ ਕਰਨ ਲਈ ਵਾਈਟ ਪੇਪਰ ਦੀ ਉਡੀਕ ਨਹੀਂ ਕੀਤੀ ਜਾਣੀ ਚਾਹੀਦੀ, ਜਾਂਚ ਕਮਿਸ਼ਨ ਇਨਾਂ ਵਿਰੁੱਧ ਤੁਰੰਤ ਕਾਰਵਾਈ ਕਰੇ।
ਪਾਰਟੀ ਦੇ ਸੀਨੀਅਰ ਆਗੂ ਅਤੇ ਚੀਫ ਵ੍ਹਿਪ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਮਚਾਈ ਗਈ ਲੁੱਟ ਕਾਰਨ ਪੰਜਾਬ 2 ਲੱਖ ਕਰੋੜ ਰੁਪਏ ਦਾ ਕਰਜ਼ਈ ਹੋ ਗਿਆ ਹੈ। ਜਿਨ੍ਹਾਂ ਲੋਕਾਂ ਨੇ ਪੰਜਾਬ ਨੂੰ 10 ਸਾਲ ਲੁੱਟਿਆ ਅਤੇ ਰੇਤ ਮਾਫੀਆ ਸਮੇਤ ਹਰ ਤਰ੍ਹਾਂ ਦਾ ਮਾਫੀਆ ਅਤੇ ਭ੍ਰਿਸ਼ਟਾਚਾਰ ਕੀਤਾ। ਉਨ੍ਹਾਂ ਵਿਰੁੱਧ ਹਾਈ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਕਮਿਸ਼ਨ ਗਠਿਤ ਕੀਤਾ ਜਾਵੇ। ਖਹਿਰਾ ਨੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਵਲੋਂ ਵੱਡੀ ਗਿਣਤੀ ਵਿਚ ਸਲਾਹਕਾਰਾਂ ਦੀ ਟੀਮ ਰੱਖਣ ਅਤੇ ਮੰਤਰੀਆਂ ਦੇ ਰੁਤਬੇ ਦੇਣ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਆਪਣੇ ਵਿੱਤੀ ਹਾਲਤ ਸੁਧਾਰਨ ਦੇ ਦਾਅਵਿਆਂ ਦੇ ਉਲਟ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਸਲਾਹਾਂ ਦੇਣ ਲਈ ਵੱਡੀ ਗਿਣਤੀ ਵਿਚ ਅਫਸਰ ਮੌਜੂਦ ਹਨ, ਜੇਕਰ ਫੇਰ ਵੀ ਸਲਾਹਕਾਰਾਂ ਦੀ ਸਲਾਹ ਲੈਣੀ ਹੈ ਤਾਂ ਸਰਕਾਰੀ ਖਜ਼ਾਨੇ ਉਪਰ ਬਿਨਾਂ ਭਾਰ ਪਾਏ ਸੇਵਾ ਦੇ ਤੌਰ ‘ਤੇ ਮੁਫਤ ਲਈ ਜਾਵੇ।
ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Form inquiry Commission To Investigate The Irregularities Of The SAD (Badal)-BJP Government: AAP …