ਅੰਮਿ੍ਤਸਰ (15 ਸਤੰਬਰ, 2014): ਸਿੱਖ ਕੌਮ ਦੇ ਭੱਖਦੇ ਮਸਲਿਆਂ ਜਿਵੇਂ ਨਾਨਕਸ਼ਾਹੀ ਕੈਲੰਡਰ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ‘ਚ ਸਿਆਸੀ ਦਖਲਅੰਦਾਜ਼ੀ ਸਮੇਤ ਹੋਰ ਵੱਖ-ਵੱਖ ਪੰਥਕ ਮੁੱਦਿਆਂ ‘ਤੇ ਵਿਚਾਰ ਚਰਚਾ ਕਰਨ ਅਤੇ ਇਨ੍ਹਾਂ ਦੇ ਹੱਲ ਲਈ ਸਿੱਖੀ ਸਿਧਾਤਾਂ ਨੂੰ ਸਮਰਪਿਤ ਜੱਥੇਬੰਦੀਆਂ ਵੱਲੋਂ ਪਾਕਿਸਤਾਨ ਦੇ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਸਿੱਖ ਸੰਮੇਲਨ ਕੀਤਾ ਜਾ ਰਿਹਾ ਹੈ।
ਇਹ ਸੰਮੇਲਨ ਨੂੰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ‘ਤੇ 5 ਨਵੰਬਰ ਨੂੰ ਨਨਕਾਣਾ ਸਾਹਿਬ ਵਿਖੇ ਕਰਵਾਇਆ ਜਾਵੇਗਾ, ਜਿਸ ‘ਚ ਹਿੱਸਾ ਲੈਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਹੋਰ ਸਿੰਘ ਸਹਿਬਾਨ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਨੂੰ ਵੀ ਸੱਦਾ ਪੱਤਰ ਭੇਜੇ ਜਾ ਰਹੇ ਹਨ।
ਅੱਜ ਆਪਣੀ ਪਾਕਿਸਤਾਨ ਫੇਰੀ ਤੋਂ ਵਾਪਸ ਆਉਣ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਮਗਰੋਂ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸ: ਪਰਮਜੀਤ ਸਿੰਘ ਸਰਨਾ ਨੇ ਉਕਤ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਮੌਕੇ ਨਾਨਕਸ਼ਾਹੀ ਕੈਲੰਡਰ, ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁੰਦੇ ਹੁਕਮਨਾਮਿਆਂ ‘ਚ ਸਿਆਸੀ ਦਖਲਅੰਦਾਜ਼ੀ ਸਮੇਤ ਵੱਖ-ਵੱਖ ਪੰਥਕ ਮੁੱਦਿਆਂ ‘ਤੇ ਵਿਚਾਰ ਚਰਚਾ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ 2 ਤੋਂ 5 ਨਵੰਬਰ ਤੱਕ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਚੱਲਣ ਵਾਲੇ ਸਮਾਗਮਾਂ ਮੌਕੇ ਭਾਰਤ, ਪਾਕਿਸਤਾਨ ਤੋਂ ਇਲਾਵਾ ਅਮਰੀਕਾ, ਕੈਨੇਡਾ, ਯੂਰਪੀ ਮੁਲਕਾਂ ਤੋਂ ਵੀ ਪੰਥਕ ਜਥੇਬੰਦੀਆਂ ਸ਼ਮੂਲੀਅਤ ਕਰਨਗੀਆਂ ਙ ਉਨ੍ਹਾਂ ਦੱਸਿਆ ਕਿ ਸਮਾਗਮਾਂ ਦੌਰਾਨ ਹੀ ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਇਮਾਰਤ ਦੀ ਕਾਰ ਸੇਵਾ ਆਰੰਭ ਹੋਵੇਗੀ ਙ ਇਸ ਮੌਕੇ ਉਨ੍ਹਾਂ ਨਾਲ ਦਿੱਲੀ ਅਕਾਲੀ ਦਲ ਦੇ ਸਕੱਤਰ ਜਨਰਲ ਸ: ਹਰਵਿੰਦਰ ਸਿੰਘ ਸਰਨਾ ਵੀ ਮੌਜੂਦ ਸਨ।