ਸਿਆਸੀ ਖਬਰਾਂ

ਫਿਲਮ 31 ਅਕਤੂਬਰ: ਪੰਜਾਬ ਸਰਕਾਰ ਵੱਲੋਂ ਮਨੋਰੰਜਨ ਟੈਕਸ ਮੁਆਫ਼

By ਸਿੱਖ ਸਿਆਸਤ ਬਿਊਰੋ

October 27, 2016

ਚੰਡੀਗੜ੍ਹ: ਪੰਜਾਬ ਸਰਕਾਰ ਨੇ ਫਿਲਮ ‘31 ਅਕਤੂਬਰ’ ਦਾ ਮਨੋਰੰਜਨ ਟੈਕਸ ਮੁਆਫ਼ ਕਰ ਦਿੱਤਾ ਹੈ। ਸਰਕਾਰ ਨੇ ਇਹ ਫ਼ੈਸਲਾ ਫਿਲਮ ਦੇ ਲੇਖਕ ਅਤੇ ਨਿਰਮਾਤਾ ਹੈਰੀ ਸਚਦੇਵਾ ਨਾਲ ਮੁਲਾਕਾਤ ਤੋਂ ਬਾਅਦ ਕੀਤਾ ਹੈ।

ਹੈਰੀ ਸਚਦੇਵਾ ਨੇ ਪੰਜਾਬ ਸਰਕਾਰ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਇਸ ਫਿਲਮ ਦੀ ਮੱਦਦ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਸ ਨੇ 32 ਸਾਲ ਪਹਿਲਾਂ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਦਿੱਲੀ ਅਤੇ ਭਾਰਤ ਦੇ ਹੋਰ ਹਿੱਸਿਆਂ ਵਿੱਚ ਸਿੱਖਾਂ ਦੇ ਹੋਏ ਕਤਲੇਆਮ ਲਈ ਇਨਸਾਫ ਦਿਵਾਉਣ ਅਤੇ ਨਵੀਂ ਪੀੜ੍ਹੀ ਨੂੰ ਇਸ ਦੁਖਾਂਤ ਤੋਂ ਜਾਣੂ ਕਰਵਾਉਣ ਲਈ ਇਹ ਫਿਲਮ ਬਣਾਈ ਹੈ। ਹੈਰੀ ਨੇ ਦੱਸਿਆ ਕਿ ਉਸ ਨੇ ਖੁਦ 31 ਅਕਤੂਬਰ ਦਾ ਦੁਖਾਂਤ ਹੰਢਾਇਆ ਹੈ।

ਜਦੋਂ ਦਿੱਲੀ ਵਿਖੇ ਕਤਲੇਆਮ ਚੱਲ ਰਿਹਾ ਸੀ ਤਾਂ ਉਸ ਦੇ ਮਾਪਿਆਂ ਨੇ ਉਸ ਦੇ ਗੁੱਤਾਂ ਕਰਕੇ ਅਤੇ ਫਰਾਕ ਪਹਿਨਾ ਕੇ ਬਚਾਇਆ ਸੀ। ਉਨ੍ਹਾਂ ਕਿਹਾ ਕਿ ਇਹ ਕੋਈ ਦੋ ਫਿਰਕਿਆਂ ਵਿੱਚ ਹੋਏ ਫਸਾਦ ਨਹੀਂ ਸਨ ਸਗੋਂ ਨਸਲਕੁਸ਼ੀ ਅਤੇ ਕਤਲੇਆਮ ਸੀ। ਹੈਰੀ ਨੇ ਦੱਸਿਆ ਕਿ ਇਸ ਫਿਲਮ ਦੀ ਸ਼ੂਟਿੰਗ ਪੰਜਾਬ ਦੇ ਇੱਕ ਪਿੰਡ ਘੁੰਗਰਾਣਾ (ਲੁਧਿਆਣਾ) ਨੂੰ ਦਿੱਲੀ ਦੀ ਦਿੱਖ ਦੇ ਕੇ ਕੀਤੀ ਗਈ ਹੈ। ਇਸ ਤੋਂ ਇਲਾਵਾ ਦਿੱਲੀ ਤੇ ਮੁੰਬਈ ਵਿੱਚ ਸ਼ੂਟਿੰਗ ਕੀਤੀ ਗਈ ਹੈ। ਫਿਲਮ ਦੇ ਲੀਡ ਰੋਲ ਵਿੱਚ ਸੋਹਾ ਅਲੀ ਖਾਨ ਨੇ ਤਜਿੰਦਰ ਕੌਰ ਅਤੇ ਵੀਰਦਾਸ ਨੇ ਦਵਿੰਦਰ ਸਿੰਘ ਦੀਆਂ ਅਹਿਮ ਭੂਮਿਕਾਵਾਂ ਨਿਭਾਈਆਂ ਹਨ ਅਤੇ ਇਹ ਫਿਲਮ ਇਕ ਦੁਖਾਂਤ ਭਰੀ ਰਾਤ ’ਤੇ ਅਧਾਰਤ ਹੈ। ਪਿਛਲੇ ਹਫ਼ਤੇ ਰਿਲੀਜ਼ ਹੋਈ ਇਸ ਫਿਲਮ ਨੇ ਹੁਣ ਤੱਕ ਸੰਸਾਰ ਭਰ ਵਿਚੋਂ 7.50 ਕਰੋੜ ਦੀ ਕਮਾਈ ਕਰ ਲਈ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: