ਖਾਸ ਖਬਰਾਂ

ਸੰਗਤ ਨੇ ਪਹਿਰੇਦਾਰੀ ਕਰਕੇ ਸਾਹਿਬਜ਼ਾਦਿਆਂ ਦਾ ਸਵਾਂਗ ਰਚਦੀ ‘ਦਾਸਤਾਨ-ਏ-ਸਰਹੰਦ’ ਮੁੜ ਬੰਦ ਕਰਵਾਈ

By ਸਿੱਖ ਸਿਆਸਤ ਬਿਊਰੋ

November 17, 2023

ਬੁਢਲਾਡਾ: ਛੋਟੇ ਸਾਹਿਬਜ਼ਾਦਿਆਂ ਦਾ ਸਵਾਂਗ ਰਚ ਕੇ ਗੁਰਮਤਿ ਆਸ਼ੇ ਤੇ ਪੰਥਕ ਰਿਵਾਇਤ ਦੀ ਉਲੰਘਣਾ ਕਰਦੀ ਫਿਲਮ ‘ਦਾਸਤਾਨ-ਏ-ਸਰਹੰਦ’ ਵਿਰੁਧ ਚੇਤਨ ਸੰਗਤਾਂ ਤੇ ਜਥਿਆਂ ਦੀ ਪਹਿਰੇਦਾਰੀ ਜਾਰੀ ਹੈ। ਫਿਲਮ ਵਾਲਿਆਂ ਵੱਲੋਂ ਅੱਜ ਬੁਢਲਾਡਾ ਵਿਖੇ ਇਹ ਫਿਲਮ ਮੁੜ ਚਲਾਉਣ ਦਾ ਯਤਨ ਕੀਤਾ ਗਿਆ ਜਿਸ ਬਾਰੇ ਪਤਾ ਲੱਗਣ ਉੱਤੇ ਦਲ ਖਾਲਸਾ ਅਤੇ ਲੱਖੀ ਜੰਗਲ ਖਾਲਸਾ ਜਥਾ ਦੇ ਸੇਵਾਦਾਰਾਂ ਨੇ ਮੌਕੇ ਉੱਤੇ ਪਹੁੰਚ ਕੇ ਇਹ ਫਿਲਮ ਬੰਦ ਕਰਵਾਈ। 

ਜ਼ਿਕਰਯੋਗ ਹੈ ਕਿ ਇਹ ਫਿਲਮ ਬੀਤੇ ਸਾਲ ਦਸੰਬਰ ਵਿਚ ਜਾਰੀ ਹੋਣੀ ਸੀ ਪਰ ਸਿੱਖ ਸੰਗਤਾਂ ਦੇ ਵਿਰੋਧ ਦੇ ਚੱਲਦਿਆਂ ਫਿਲਮ ਰੋਕ ਦਿੱਤੀ ਗਈ ਸੀ। 

ਇਸ ਸਾਲ ਜਦੋਂ ਫਿਲਮ ਵਾਲਿਆਂ ਨੇ 3 ਨਵੰਬਰ 2023 ਨੂੰ ਫਿਲਮ ਜਾਰੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੋਹ ਵਿਚ ਆਈਆਂ ਸੰਗਤਾਂ ਨੇ ਵੱਖ-ਵੱਖ ਥਾਵਾਂ ਉੱਤੇ ਸਿਨੇਮਾਂ ਘਰਾਂ ਵਿਚ ਜਾ ਕੇ ਫਿਲਮ ਬੰਦ ਕਰਵਾਈ।

ਕਿਤਾਬ ਖਾਲਸਾ ਬੁੱਤ ਨਾ ਮਾਨੈ ਕੋਇ ਮੰਗਵਾਉਣ ਲਈ ਸੁਨੇਹਾ ਭੇਜੋ –

ਦੱਸਣਯੋਗ ਹੈ ਕਿ ਸਿੱਖ ਪਰੰਪਰਾ ਵਿਚ ਗੁਰੂ ਸਾਹਿਬਾਨ, ਗੁਰੂ ਸਾਹਿਬ ਦੇ ਪਰਿਵਾਰਾਂ, ਚਾਰ ਸਾਹਿਬਜ਼ਾਦਿਆਂ, ਗੁਰੂ ਸਾਹਿਬ ਦੇ ਸੰਗੀ ਗੁਰਸਿੱਖਾਂ ਤੇ ਮਹਾਨ ਸ਼ਹੀਦਾਂ ਦੀਆਂ ਨਕਲਾਂ ਲਾਹੁਣ ਦੀ ਮਨਾਹੀ ਹੈ। 

ਫਿਲਮਾਂ ਵਾਲੇ ਕਾਰਟੂਨ/ਐਨੀਮੇਸ਼ਨ ਦੀ ਬਹਾਨੇ ਇਹ ਨਕਲਾਂ ਲਾਹ ਕੇ ਸਿੱਖ ਪਰੰਪਰਾਵਾਂ ਦੀ ਉਲੰਘਣਾ ਕਰ ਰਹੇ ਹਨ। ਇਸ ਲਈ ਸੰਗਤਾਂ ਵੱਲੋਂ ਇਹਨਾ ਫਿਲਮਾਂ ਦਾ ਵਿਰੋਧ ਕੀਤਾ ਜਾਂਦਾ ਹੈ।

ਇਸ ਬਾਰੇ ਸਿੱਖ ਸਿਆਸਤ ਨਾਲ ਗੱਲ ਕਰਦਿਆਂ ਸਿੱਖ ਜਥਾ ਮਾਲਵਾ ਦੇ ਸੇਵਾਦਾਰ ਭਾਈ ਮਲਕੀਤ ਸਿੰਘ ਭਵਾਨੀਗੜ੍ਹ ਨੇ ਕਿਹਾ ਕਿ ਫਿਲਮਾਂ ਰਾਹੀਂ ਸਵਾਂਗ ਦਾ ਇਹ ਕੁਰਾਹਾ ਦਿਨ-ਬ-ਦਿਨ ਡੂੰਘਾ ਹੁੰਦਾ ਜਾ ਰਿਹਾ ਹੈ। ਦਾਸਤਾਨ-ਏ-ਸਰਹੰਦ ਫਿਲਮ ਵਿਚ ਮਾਸੂਮ ਬੱਚਿਆਂ ਕੋਲੋਂ ਸਾਹਿਬਜ਼ਾਦਿਆਂ ਦੀਆਂ ਨਕਲਾਂ ਲੁਹਾਈਆਂ ਗਈਆਂ ਸਨ ਤੇ ਬਾਅਦ ਵਿਚ ਇਸ ਨੂੰ ਨਕਲੋ-ਹਰਕਤ ਫੜ੍ਹਨ ਵਾਲੀ ਵਿਧੀ (ਮੋਸ਼ਨ ਕੈਪਚਰ ਤਕਨੀਕ) ਰਾਹੀਂ ਕਾਰਟੂਨ/ਐਨੀਮੇਸ਼ਨ ਵਿਚ ਬਦਲਿਆ ਗਿਆ ਸੀ। ਉਹਨਾ ਕਿਹਾ ਕਿ ਸੰਗਤਾਂ ਇਸ ਫਿਲਮ ਵਿਰੁਧ ਪਹਿਰੇਦਾਰੀ ਜਾਰੀ ਰੱਖਣਗੀਆਂ ਅਤੇ ਇਹ ਸਵਾਂਗ ਨਹੀਂ ਚੱਲਣ ਦਿੱਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਵੀ ਇਕ ਮਤੇ ਰਾਹੀਂ ਗੁਰੂ ਸਾਹਿਬਾਨ, ਗੁਰੂ ਸਾਹਿਬਾਨ ਦੇ ਪਰਿਵਾਰਾਂ ਅਤੇ ਸਾਹਿਬਜ਼ਾਦਿਆਂ ਦੇ ਕਿਸੇ ਤਰ੍ਹਾਂ ਦੇ ਸਵਾਂਗ ਦੀ ਮੁਕੰਮਲ ਮਨਾਹੀ ਕੀਤੀ ਹੈ। ਮਤੇ ਵਿਚ ਸਾਫ ਦਰਜ਼ ਹੈ ਕਿ ਕਾਰਟੂਨ ਜਾਂ ਐਨੀਮੇਸ਼ਨ ਰਾਹੀਂ ਵੀ ਇਹ ਸਵਾਂਗ ਨਹੀਂ ਰਚਿਆ ਜਾ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: