ਸਿੱਖ ਖਬਰਾਂ

ਫਤਿਹਗੜ੍ਹ ਸਾਹਿਬ ਦੇ ਰਾਮ ਸਿੰਘ ਵੱਲੋਂ ਹਰਿਆਣਾ ਗੁਰਦੁਆਰਾ ਕਮੇਟੀ ਖਿਲਾਫ ਹਾਈਕੋਰਟ ‘ਚ ਪਟੀਸ਼ਨ ਦਾਇਰ

By ਸਿੱਖ ਸਿਆਸਤ ਬਿਊਰੋ

July 26, 2014

ਚੰਡੀਗੜ੍ਹ(25 ਜੁਲਾਈ 2014 ): ਹਰਿਆਣਾ ਸਿੱਖ ਗੁਰਦੁਆਰਾ (ਮੈਨੇਜਮੈਂਟ) ਐਕਟ 2014 ਵਿਰੁਧ ਅੱਜ ਮੁੱਖ ਤੌਰ ‘ਤੇ ਕੇਂਦਰ ਅਤੇ ਹਰਿਆਣਾ ਸਰਕਾਰਾਂ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ (ਐਡਹਾਕ) ਕੁਰੂਕਸ਼ੇਤਰ ਨੂੰ ਵੀ ਇਸਦੇ ਸੱਕਤਰ ਰਾਹੀਂ ਧਿਰ ਬਣਾਉਂਦੇ ਹੋਏ ਹਾਈਕੋਰਟ ‘ਚ  ਪਟੀਸ਼ਨ ਦਾਇਰ ਕਰ ਦਿੱਤੀ ਹੈ।

ਪੰਜਾਬੀ ਅਖਬਾਰ ਅਜੀਤ ਅਨੁਸਾਰ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਤਹਿਤ ਬੱਸੀ ਪਠਾਣਾਂ ਨੇੜਲੇ ਪਿੰਡ ਕਲੌੜ ਦੇ ਰਹਿਣ ਵਾਲੇ ਰਾਮ ਸਿੰਘ ਸੋਮਲ ਨਾਂ ਦੇ ਇੱਕ ਵਿਅਕਤੀ ਨੇ ਅੱਜ ਇਸ ਖ਼ਲਾਫ਼ ਆਪਣੀ ਪਟੀਸ਼ਨ ਦਾਇਰ ਕੀਤੀ, ਜਿਸ ਤਹਿਤ ਉਸ ਵੱਲੋਂ ਵਕੀਲ ਹਰਚੰਦ ਸਿੰਘ ਬਾਠ ਨੇ ਪਟੀਸ਼ਨ ਵਿਚ ਭਾਰਤੀ ਸੰਵਿਧਾਨ ‘ਚੋਂ ਹਵਾਲੇ ਲੈਂਦਿਆਂ ਦਾਅਵਾ ਕੀਤਾ ਹੈ ਕਿ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 1966 ਵਿਚ ਪੰਜਾਬ ਰਾਜ ਦਾ ਪੁਨਰਗਠਨ ਕਰ ਦਿੱਤਾ ਜਾਣ ਮਗਰੋਂ ਅੰਤਰਰਾਜੀ ਬਾਡੀ ਕਾਰਪੋਰੇਸ਼ਨ ਵਜੋਂ ਪਰਿਭਾਸ਼ਿਤ ਹੁੰਦੀ ਹੈ, ਇਸ ਕਰਕੇ ਇਸ ਬਾਰੇ ਕੋਈ ਵੀ ਕਾਨੰਨ ਬਣਾਉਣ ਦਾ ਸੰਵਿਧਾਨਿਕ ਅਖ਼ਤਿਆਰ ਕੇਂਦਰ ਨੂੰ ਹੈ।

ਪਟੀਸ਼ਨਰ ਨੇ ਹਰਿਆਣਾ ਸਰਕਾਰ ਵੱਲੋਂ ਬਣਾਏ ਗਏ ਕਾਨੰਨ ਵਿਚ ‘ਸਿੱਖ’ ਦੀ ਪਰਿਭਾਸ਼ਾ ਨੂੰ ਤੋੜਿਆ-ਮਰੋੜਿਆ ਗਿਆ ਹੋਣ ਦਾ ਦੋਸ਼ ਲਾਉਂਦਿਆਂ ਹਰਿਆਣਾ ਦੀ ਵੱਖਰੀ ਕਮੇਟੀ ਬਣਾਏ ਜਾਣ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਵਉੱਚਤਾ ਅਤੇ ਪੰਜਾਬ ਤਖ਼ਤਾਂ ਨੂੰ ਹਰਿਆਣਾ ਵਿਚਲੇ ਗੁਰਦਵਾਰਿਆਂ ਤੋਂ ਵੱਖਰਿਆਉਣਾ ਦੀ ਕਾਰਵਾਈ ਕਰਾਰ ਦਿੱਤਾ ਹੈ ।

ਪਟੀਸ਼ਨਰ ਨੇ ਅਪੀਲ ਕੀਤੀ ਹੈ ਕਿ ‘ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਐਕਟ, 2014’ ਰੱਦ ਕੀਤਾ ਜਾਵੇ ਅਤੇ ਜਦੋਂ ਤੱਕ ਇਸ ਪਟੀਸ਼ਨ ਉੱਤੇ ਕੋਈ ਫ਼ੈਸਲਾ ਨਹੀਂ ਆ ਜਾਂਦਾ ਉਦੋਂ ਤੱਕ ਇਸ ਨੂੰ ਲਾਗੂ ਕਰਨ ‘ਤੇ ਰੋਕ ਲਗਾ ਦਿੱਤੀ ਜਾਵੇ।

 ਐਡਵੋਕੇਟ ਰਾਮ ਸਿੰਘ ਸੋਮਲ ਨੇ ਕਿਹਾ ਕਿ ਉਨ੍ਹਾਂ ਦਾ ਸ਼ੋ੍ਰਮਣੀ ਅਕਾਲੀ ਦਲ ਬਾਦਲ, ਸ਼ੋ੍ਰਮਣੀ ਕਮੇਟੀ ਜਾਂ ਕਿਸੇ ਵੀ ਹੋਰ ਸਿਆਸੀ ਧਿਰ ਨਾਲ ਕੋਈ ਸਬੰਧ ਨਹੀਂ ਹੈ। ਉਹ ਹਰਿਆਣਾ ਦੀ ਵੱਖਰੀ ਕਮੇਟੀ ਦੇ ਮੁੱਦੇ ਉੱਤੇ ਖੜ੍ਹੇ ਹੋਏ ਪੰਥਕ ਸੰਕਟ ਅਤੇ ਕਿਸੇ ਸੰਭਾਵਿਤ ਟਕਰਾਅ ਨੂੰ ਟਾਲਣ ਦੇ ਮਨਸ਼ੇ ਨਾਲ ਕਾਨੰਨ ਦਾ ਸਹਾਰਾ ਲੈ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: