ਸੰਗਰੂਰ ਸਿਵਲ ਹਸਪਤਾਲ ਵਿੱਚ ਘਟਨਾ ਬਾਰੇ ਪੜਤਾਲ ਕਰਦੇ ਹੋਏ ਪੁਲਿਸ ਅਧਿਕਾਰੀ ਅਤੇ (ਇਨਸੈੱਟ) ਮ੍ਰਿਤਕ ਕਿਸਾਨ ਦਰਸ਼ਨ ਸਿੰਘ ਦੀ ਪੁਰਾਣੀ ਤਸਵੀਰ

ਆਮ ਖਬਰਾਂ

8 ਲੱਖ ਦਾ ਕਰਜ਼ਾ ਸਿਰ ਹੋਣ ਕਰਕੇ ਘਰਾਚੋਂ ’ਚ ਕਿਸਾਨ ਵੱਲੋਂ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ

By ਸਿੱਖ ਸਿਆਸਤ ਬਿਊਰੋ

September 07, 2016

ਸੰਗਰੂਰ: ਕਿਸਾਨੀ ਮੰਗਾਂ ਵਾਸਤੇ ਪੱਕਾ ਮੋਰਚਾ ਲਾਉਣ ਲਈ ਚੰਡੀਗੜ੍ਹ ਜਾਂਦਿਆਂ ਪੁਲਿਸ ਵੱਲੋਂ ਰੋਕੇ ਜਾਣ ’ਤੇ ਸੁਨਾਮ-ਪਟਿਆਲਾ ਸੜਕ ਉੱਤੇ ਪਿੰਡ ਘਰਾਚੋਂ ’ਚ ਚੱਲ ਰਹੇ ਧਰਨੇ ਦੌਰਾਨ ਪਿੰਡ ਸਾਰੋਂ ਦੇ ਕਿਸਾਨ ਦਰਸ਼ਨ ਸਿੰਘ ਨੇ ਜ਼ਹਿਰੀਲੀ ਚੀਜ਼ ਨਿਗਲ ਕੇ ਖ਼ੁਦਕੁਸ਼ੀ ਕਰ ਲਈ ਹੈ। ਸਿਰਫ਼ ਦੋ ਵਿੱਘੇ ਜ਼ਮੀਨ ਦੇ ਮਾਲਕ ਕਿਸਾਨ ਸਿਰ ਕਰੀਬ ਅੱਠ ਲੱਖ ਰੁਪਏ ਕਰਜ਼ਾ ਸੀ। ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਵੱਲੋਂ ਘਰ ਦੀ ਨਿਲਾਮੀ ਦਾ ਨੋਟਿਸ ਵੀ ਭੇਜਿਆ ਗਿਆ ਸੀ। ਇਸ ਕਾਰਨ ਦਰਸ਼ਨ ਸਿੰਘ ਕਾਫ਼ੀ ਪ੍ਰੇਸ਼ਾਨ ਰਹਿੰਦਾ ਸੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਵਿੱਚ ਕਿਸਾਨਾਂ ਨੇ ਮੰਗਾਂ ਪ੍ਰਤੀ ਸੁਣਵਾਈ ਹੋਣ ਤੱਕ ਕਿਸਾਨ ਦਾ ਸਸਕਾਰ ਨਾ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮ੍ਰਿਤਕ ਕਿਸਾਨ ਦੇ ਪਰਿਵਾਰ ਨੂੰ ਦਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਤੇ ਸਾਰੇ ਕਰਜ਼ੇ ’ਤੇ ਲੀਕ ਮਾਰੀ ਜਾਵੇ।

ਦੱਸਣਯੋਗ ਹੈ ਕਿ ਕਿਸਾਨ ਜਥੇਬੰਦੀਆਂ ਨੇ ਕਿਸਾਨੀ ਮੰਗਾਂ ਲਈ 5 ਸਤੰਬਰ ਨੂੰ ਚੰਡੀਗੜ੍ਹ ਵਿੱਚ ਪੱਕਾ ਮੋਰਚਾ ਲਾਉਣਾ ਸੀ ਪਰ ਪੁਲੀਸ ਨੇ ਕਿਸਾਨਾਂ ਨੂੰ ਪਿੰਡ ਘਰਾਚੋਂ ਵਿੱਚ ਨਾਕਾ ਲਾ ਕੇ ਰੋਕ ਲਿਆ ਤੇ ਕਿਸਾਨਾਂ ਨੇ ਉਥੇ ਹੀ ਧਰਨਾ ਲਾ ਦਿੱਤਾ। ਸੰਗਰੂਰ ਬਲਾਕ ਦੇ ਪਿੰਡ ਸਾਰੋਂ ਦਾ ਕਿਸਾਨ ਦਰਸ਼ਨ ਸਿੰਘ (60) ਵੀ ਕੱਲ੍ਹ ਤੋਂ ਧਰਨੇ ਵਿੱਚ ਸ਼ਾਮਲ ਸੀ। ਇਸ ਦੌਰਾਨ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਇੱਥੇ ਸਿਵਲ ਹਸਪਤਾਲ ਵਿੱਚ ਕਿਸਾਨ ਨੂੰ ਗੰਭੀਰ ਹਾਲਤ ਵਿੱਚ ਲੈ ਕੇ ਪੁੱਜੇ ਕਿਸਾਨ ਆਗੂ ਜਸਵਿੰਦਰ ਸਿੰਘ ਲੌਂਗੋਵਾਲ, ਜਸਵੰਤ ਸਿੰਘ ਤੋਲਾਵਾਲ ਤੇ ਹਰਪਾਲ ਸਿੰਘ ਪੇਂਧਨੀ ਨੇ ਦੱਸਿਆ ਕਿ ਦਰਸ਼ਨ ਸਿੰਘ ਨੇ ਕਰੀਬ ਤਿੰਨ ਵਜੇ ਧਰਨੇ ਦੌਰਾਨ ਜ਼ਹਿਰੀਲੀ ਚੀਜ਼ ਨਿਗਲ ਲਈ ਤੇ ਉਸ ਦੀ ਹਾਲਤ ਵਿਗੜ ਗਈ। ਉਹ ਕਿਸਾਨ ਨੂੰ ਸਿਵਲ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਅਧਿਕਾਰੀ ਹਸਪਤਾਲ ਪੁੱਜ ਗਏ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਪਿੰਡ ਸਾਰੋਂ ਦੇ ਵਸਨੀਕ ਕਿਸਾਨ ਨਾਜਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਕੋਲ 17 ਵਿੱਘੇ ਜ਼ਮੀਨ ਸੀ, ਜਿਸ ਵਿੱਚੋਂ 15 ਵਿੱਘੇ ਜ਼ਮੀਨ ਵਿਕ ਗਈ ਸੀ ਤੇ ਸਿਰਫ਼ ਦੋ ਵਿੱਘੇ ਰਹਿ ਗਈ ਸੀ। ਦਰਸ਼ਨ ਸਿੰਘ ਨੇ ਮਕਾਨ ਗਹਿਣੇ ਕਰਕੇ ਬੈਂਕ ਕੋਲੋਂ ਪੰਜ ਲੱਖ ਦਾ ਕਰਜ਼ਾ ਲਿਆ ਸੀ ਪਰ ਉਹ ਕਰਜ਼ਾ ਮੋੜ ਨਾ ਸਕਿਆ। ਕਿਸਾਨ ਸਿਰ ਕਰੀਬ ਅੱਠ ਲੱਖ ਰੁਪਏ ਦਾ ਕਰਜ਼ਾ ਸੀ। ਕਰਜ਼ਾ ਨਾ ਮੋੜਨ ਦੀ ਸੂਰਤ ਵਿੱਚ ਬੈਂਕ ਨੇ ਮਕਾਨ ਦੀ ਨਿਲਾਮੀ ਦਾ ਨੋਟਿਸ ਵੀ ਭੇਜਿਆ ਸੀ ਤੇ ਨਿਲਾਮੀ ਲਈ 15 ਤਰੀਕ ਤੈਅ ਕੀਤੀ ਗਈ ਸੀ। ਕਿਸਾਨ ਦੇ ਵੱਡੇ ਪੁੱਤ ਦੀ ਚਾਰ ਸਾਲ ਪਹਿਲਾਂ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪੁੱਜੇ। ਉਨ੍ਹਾਂ ਪਰਿਵਾਰ ਨੂੰ 10 ਲੱਖ ਰੁਪਏ ਮੁਆਵਜ਼ਾ, ਇੱਕ ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਦੇਣ ਤੇ ਸਾਰਾ ਕਰਜ਼ਾ ਮੁਆਫ਼ ਨਾ ਕੀਤੇ ਜਾਣ ਤੱਕ ਕਿਸਾਨ ਦਾ ਸਸਕਾਰ ਨਾ ਕੀਤੇ ਜਾਣ ਦਾ ਐਲਾਨ ਕੀਤਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: