ਖਾਸ ਲੇਖੇ/ਰਿਪੋਰਟਾਂ

ਪੰਜਾਬ ਦੇ ਕਿਸਾਨਾਂ ਸਿਰ ਨਵਾਂ ਮੋਰਚਾ

By ਸਿੱਖ ਸਿਆਸਤ ਬਿਊਰੋ

August 05, 2023

ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਰਹੰਦ ਫੀਡਰ ਨਹਿਰ ਤੇ ਲੱਗੇ ਪਾਣੀ ਵਾਲੇ ਪੰਪ ਬੰਦ ਕਰਨ ਬਾਰੇ ਚਿੱਠੀ ਜਾਰੀ ਕੀਤੀ ਗਈ ਸੀ । ਜੇਕਰ ਇਹ ਪੰਪ ਬੰਦ ਕਰਵਾਏ ਜਾਂਦੇ ਹਨ ਤਾਂ ਸਰਹੰਦ ਫ਼ੀਡਰ ਦੇ ਨਾਲ ਵਗਦੀ ਰਾਜਸਥਾਨ ਫ਼ੀਡਰ ਨਹਿਰ ਵਾਲੇ ਪਾਸੇ ਦਾ ਇਲਾਕਾ ਪਾਣੀ ਤੋਂ ਸੱਖਣਾ ਹੋ ਜਾਵੇਗਾ । ਅਜਿਹਾ ਕਿਵੇਂ ਹੋਵੇਗਾ ਅਤੇ ਮਸਲਾ ਗੰਭੀਰ ਕਿਉਂ ਹੈ, ਆਓ ਸਮਝਦੇ ਹਾਂ।

ਫਿਰੋਜ਼ਪੁਰ, ਫਰੀਦਕੋਟ, ਦੱਖਣੀ ਅਤੇ ਦੱਖਣ ਪੱਛਮੀ ਪੰਜਾਬ ਦੇ ਜਿਹੜੇ ਹਿੱਸੇ ਰਾਜਸਥਾਨ ਨਹਿਰ ਕੱਢੇ ਜਾਣ ਤੋਂ ਬਾਅਦ ਪ੍ਰਭਾਵਿਤ ਹੋਏ, ਓਹਨਾਂ ਨੂੰ ਪਾਣੀ ਦੇਣ ਲਈ ਸਰਹੰਦ ਫ਼ੀਡਰ ਨਹਿਰ ਬਣਾਈ ਗਈ। ਇਹ ਨਹਿਰ ਰਾਜਸਥਾਨ ਫ਼ੀਡਰ ਨਹਿਰ ਦੇ ਬਿਲਕੁਲ ਨਾਲ ਹੀ ਹਰਿ ਕੇ ਤੋਂ ਨਿਕਲਦੀ ਹੈ ਅਤੇ ਉਸਦੇ ਸਮਾਂਤਰ ਹੀ ਅੱਗੇ ਜਾਂਦੀ ਹੈ। ਰਾਜਸਥਾਨ ਫੀਡਰ ਤਾਂ ਸਾਰਾ ਪਾਣੀ ਰਾਜਸਥਾਨ ਹੀ ਲੈ ਕੇ ਜਾਂਦੀ ਹੈ। ਸਰਹੰਦ ਫੀਡਰ ਦੇ ਇੱਕ ਪਾਸੇ ਤਾਂ ਇਸਤੋਂ ਪਾਣੀ ਮੋਘਿਆਂ ਰਾਹੀਂ ਸਿੱਧਾ ਦਿੱਤਾ ਜਾਂਦਾ ਹੈ ਪਰ ਦੂਜੇ ਪਾਸੇ ਰਾਜਸਥਾਨ ਫੀਡਰ ਨਹਿਰ ਹੋਣ ਕਰਕੇ ਨਹਿਰ ਉੱਤੇ ਪੰਪ ਲਾ ਕੇ ਪਾਣੀ ਉਸ ਪਾਸੇ ਪਹੁੰਚਾਉਣ ਦਾ ਪ੍ਰਬੰਧ ਕੀਤਾ ਗਿਆ। ਅਨੇਕਾਂ ਮਨਜ਼ੂਰੀਆਂ ਅਤੇ ਖਰਚਿਆਂ ਤੋਂ ਬਾਅਦ ਜਿਨ੍ਹਾਂ ਕਿਸਾਨਾਂ ਨੂੰ ਜ਼ਮੀਨਾਂ ਨੂੰ ਸਿੰਜਣ ਜੋਗੇ ਕੀਤਾ, ਓਹ ਜ਼ਮੀਨਾਂ ਸਰਕਾਰ ਦੇ ਇਸ ਫੈਸਲੇ ਦੇ ਲਾਗੂ ਹੋਣ ਨਾਲ ਮੁੜ੍ਹ ਪਾਣੀ ਤੋਂ ਵਾਂਝੀਆਂ ਹੋ ਜਾਣਗੀਆਂ ।

ਬੀਤੇ ਦਿਨੀਂ ਸਰਕਾਰ ਵੱਲੋਂ ਰਾਜਸਥਾਨ ਫੀਡਰ ਵਾਲੇ ਪਾਸੇ ਨਹਿਰ ਕੱਢ ਕੇ ਉਸ ਇਲਾਕੇ ਨੂੰ ਪਾਣੀ ਮੁੱਹਈਆ ਕਰਵਾਉਣ ਲਈ ਸਰਵੇ ਕਰਾਏ ਜਾਣ ਦੀ ਜਾਣਕਾਰੀ ਵੀ ਮਿਲੀ ਹੈ । ਇਹੀ ਚੰਗੀ ਗੱਲ ਹੁੰਦੀ ਹੈ ਕਿ ਤੁਸੀਂ ਪਹਿਲਾਂ ਜਿਸ ਇਲਾਕੇ ਨੇ ਪ੍ਰਭਾਵਿਤ ਹੋਣਾ ਹੈ, ਉਸ ਲਈ ਵਸੀਲਿਆਂ ਦਾ ਪ੍ਰਬੰਧ ਕਰੋ । ਪਰ ਅਜਿਹਾ ਕਰਨ ਤੋਂ ਪਹਿਲਾਂ ਪੰਪਾਂ ਨੂੰ ਹਟਾਉਣ ਦੀ ਕਾਰਵਾਈ ਸਿਆਣੀ ਗੱਲ ਨਹੀਂ ਹੋਵੇਗੀ ।

ਇਹ ਵੀ ਜ਼ਿਕਰਯੋਗ ਹੈ ਕਿ ਇਸੇ ਇਲਾਕੇ ਦੇ ਲੋਕਾਂ ਨੇ ਕੁਝ ਸਮਾਂ ਪਹਿਲਾਂ ਸੰਘਰਸ਼ ਨਹਿਰਾਂ ਦੇ ਕੰਕਰੀਟਕਰਨ ਵਿਰੁੱਧ ਲੜ੍ਹਿਆ ਸੀ । ਜਿਸ ਚ ਲੋਕਾਂ ਦੀ ਜਿੱਤ ਹੋਈ ਅਤੇ ਕੰਕਰੀਟਕਰਨ ਰੁਕ ਗਿਆ । ਹੁਣ ਓਹੀ ਲੋਕ ਮੁੜ੍ਹ ਤੋਂ ਜੂਝਣ ਲਈ ਕਮਰਕੱਸੇ ਕਰਣ ਲੱਗੇ ਹਨ । ਪਹਿਲੇ ਅਤੇ ਇਸ ਮੋਰਚੇ ਲਈ ਮਿਸਲ ਸਤਲੁਜ ਦੀ ਅਗਵਾਈ ਤੇ ਉੱਦਮ ਸ਼ਲਾਘਾਯੋਗ ਹੈ । ਆਸ ਹੈ ਕਿ ਅਫ਼ਸਰ ਤੇ ਸਰਕਾਰ ਮਸਲੇ ਨੂੰ ਛੇਤੀ ਸਮਝੇਗੀ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: