ਚੰਡੀਗੜ: ਪੰਜਾਬ ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਨੇ ਫਰੀਦਕੋਟ ਪੁਲਿਸ ਦੀ ਹਿਰਾਸਤ ਵਿਚ 19 ਸਾਲਾ ਨੌਜਵਾਨ ਜਸਪਾਲ ਸਿੰਘ ਦੀ ਮੌਤ ਅਤੇ ਲਾਸ਼ ਖ਼ੁਰਦ-ਬੁਰਦ ਕਰਨ ਦੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੂਬੇ ਦੇ ਗ੍ਰਹਿ ਮੰਤਰੀ ਵਜੋਂ ਅਸਤੀਫੇ ਦੀ ਮੰਗ ਕੀਤੀ ਹੈ।
‘ਆਪ’ ਮੁੱਖ ਦਫ਼ਤਰ ਵੱਲੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੀਆਈਏ ਸਟਾਫ਼ ਫਰੀਦਕੋਟ ਵੱਲੋਂ ਲੰਘੀ 18 ਮਈ ਨੂੰ ਨੌਜਵਾਨ ਜਸਪਾਲ ਸਿੰਘ ਦੀ ਪੁਲਿਸ ਹਿਰਾਸਤ ਦੌਰਾਨ ਸ਼ੱਕੀ ਹਾਲਤ ’ਚ ਹੋਈ ਮੌਤ ਤੋਂ ਬਾਅਦ ਮੌਕੇ ਦੇ ਪੁਲਿਸ ਅਫ਼ਸਰ ਨਰਿੰਦਰ ਸਿੰਘ ਅਤੇ ਹੋਰ ਮੁਲਾਜ਼ਮਾਂ ਵੱਲੋਂ ਜਸਪਾਲ ਸਿੰਘ ਦੀ ਲਾਸ਼ ਨਹਿਰ ’ਚ ਸੁੱਟੇ ਜਾਣ ਅਤੇ ਫਿਰ ਨਰਿੰਦਰ ਸਿੰਘ ਵੱਲੋਂ ਵੀ ਸ਼ੱਕੀ ਹਾਲਤਾਂ ਵਿਚ ਖੁਦਕੁਸ਼ੀ ਕਰਨਾ ਵੱਡੀ ਘਟਨਾ ਹੈ ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਦਿਖਾਈ ਜਾ ਰਹੀ ਗੈਰ ਜ਼ਿੰਮੇਵਾਰੀ ਨਾ ਕੇਵਲ ਨਿਖੇਧੀਜਨਕ ਹੈ ਬਲਕਿ ਸ਼ਰਮਨਾਕ ਹੈ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸੂਬੇ ਵਿਚ ਕਾਨੂੰਨ ਦੀ ਹਾਲਤ ਪਿਛਲੀ ਬਾਦਲ ਸਰਕਾਰ ਵਰਗੀ ਹੀ ਹੈ, ਸਗੋਂ ਦਿਨ-ਬ-ਦਿਨ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਆਪ ਆਗੂ ਨੇ ਕਿਹਾ ਕਿ ਪੁਲਿਸ ਤੰਤਰ ਦਾ ਇੱਕ ਵੱਡਾ ਹਿੱਸਾ ਬੇਕਾਬੂ ਹੈ, ਲੋਕ ਇਨਸਾਫ਼ ਲਈ ਤ੍ਰਾਹ-ਤ੍ਰਾਹ ਕਰ ਰਹੇ ਹਨ, “ਪਰ ‘ਮਹਾਂਰਾਜਾ’ ਆਪਣੀ ਐਸ਼ ਪ੍ਰਸ਼ਤੀ ਵਿਚ ਮਸਤ ਹੈ”।
“ਇਸ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਗ੍ਰਹਿ ਮੰਤਰੀ ਵਜੋਂ ਤੁਰੰਤ ਅਸਤੀਫ਼ਾ ਦੇ ਕੇ ਇਹ ਅਹਿਮ ਜ਼ਿੰਮੇਵਾਰੀ ਕਿਸੇ ਹੋਰ ਕਾਬਿਲ ਮੰਤਰੀ ਨੂੰ ਸੌਂਪ ਦੇਣੀ ਚਾਹੀਦੀ ਹੈ, ਜੋ ਬੇਕਾਬੂ ਪੁਲਸ ਤੰਤਰ ਨੂੰ ਅਨੁਸ਼ਾਸਨ ‘ਚ ਬੰਨ ਸਕੇ ਅਤੇ ਜਵਾਬਦੇਹ ਬਣਾ ਸਕੇ”, ਆਪ ਆਗੂ ਨੇ ਕਿਹਾ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ “ਪੰਜਾਬ ਪੁਲਸ ਦਾ ਪਿਛਲੇ ਲੰਮੇ ਸਮੇਂ ਤੋਂ ਕਾਂਗਰਸ ਅਤੇ ਬਾਦਲਾਂ ਨੇ ਸਿਆਸੀਕਰਨ ਕਰ ਦਿੱਤਾ ਹੈ। ਨਿੱਜੀ ਅਤੇ ਸਿਆਸੀ ਸਵਾਰਥਾਂ ਲਈ ਪੁਲਿਸ ਪ੍ਰਸ਼ਾਸਨ ‘ਤੇ ਜ਼ਬਰਦਸਤ ਸਿਆਸੀ ਦਬਾਅ ਬਣਾਇਆ ਜਾ ਰਿਹਾ ਹੈ ਅਤੇ ਸਿਆਸੀ ਆਗੂਆਂ ਲਈ ਕਾਨੂੰਨ ਨੂੰ ਹੱਥ ‘ਚ ਲੈਣ ਦੀ ‘ਮਾਹਿਰ’ ਹੋਇਆ ਪੁਲਿਸ ਦਾ ਇੱਕ ਵੱਡਾ ਹਿੱਸਾ ਖ਼ੁਦ ਹੀ ਗੈਂਗ ਵਜੋਂ ਕੰਮ ਕਰਨ ਲੱਗ ਪਿਆ ਹੈ, ਫਰੀਦਕੋਟ ਦੀ ਇਹ ਵਾਰਦਾਤ ਇਸੇ ਦਾ ਨਤੀਜਾ ਹੈ। ਇਹੋ ਵਜਾ ਹੈ ਕਿ ਭ੍ਰਿਸ਼ਟਾਚਾਰ ਸ਼ਿਖਰ ‘ਤੇ ਹੈ। ਨਸ਼ੇ ਦੇ ਤਸਕਰਾਂ ਅਤੇ ਅਪਰਾਧੀਆਂ ਦੇ ਹੌਸਲੇ ਬੁਲੰਦ ਹਨ। ਇਨਸਾਫ਼ ਤੋਂ ਦੂਰ ਪੁਲਸ ਅਤੇ ਸਿਆਸੀ ਲੋਕਾਂ ਦੇ ਨਜਾਇਜ਼ ਅਤੇ ਝੂਠੇ ਪਰਚਿਆਂ ਤੋਂ ਭੈਭੀਤ ਸੂਬੇ ਦਾ ਆਮ ਆਦਮੀ ਡਰ ਦੇ ਮਾਹੌਲ ‘ਚ ਦਿਨ-ਕਟੀ ਕਰ ਰਿਹਾ ਹੈ”।
ਹਰਪਾਲ ਸਿੰਘ ਚੀਮਾ ਨੇ ਜਸਪਾਲ ਸਿੰਘ ਦੇ ਪਰਿਵਾਰ ਦੇ ਯੋਗ ਮੈਂਬਰ ਨੂੰ ਸਰਕਾਰੀ ਨੌਕਰੀ ਦੀ ਮੰਗ ਕਰਦਿਆਂ ਸੱਤਾਧਾਰੀ ਕਾਂਗਰਸ ’ਤੇ ਸਵਾਲ ਖੜੇ ਕੀਤੇ ਕਿ ਫਰੀਦਕੋਟ ਵਿਚ ਹੋਈ ਇਸ ਬੇਇਨਸਾਫ਼ੀ ਵਿਰੁੱਧ ਚੱਲ ਰਹੇ ਰੋਸ ਧਰਨੇ ’ਚ ਸਰਕਾਰ ਦਾ ਨੁਮਾਇੰਦਾ ਤਾਂ ਦੂਰ ਸਗੋਂ ਸਥਾਨਕ ਕਾਂਗਰਸੀ ਆਗੂ ਵੀ ਨਹੀਂ ਜਾ ਰਹੇ, ਸਗੋਂ ਉਲਟਾ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ।