ਚੋਣਵੀਆਂ ਵੀਡੀਓ

ਦਰਬਾਰ ਸਾਹਿਬ ਉੱਤੇ ਹਮਲੇ ਦਾ ਗਵਾਹ ਜਗਦੀਸ਼ ਚੰਦਰ (ਲੇਖਕ: ਪ੍ਰੀਤਮ ਸਿੰਘ)

By ਸਿੱਖ ਸਿਆਸਤ ਬਿਊਰੋ

June 04, 2022

ਦੇਸ਼ ਦੀ ਵੰਡ ਵਿੱਚ ਭੋਗੇ ਦੁਖਾਂਤ ਤੋਂ ਬਾਅਦ ਜੂਨ 1984 ਵਿੱਚ ਵਾਪਰੀ ਦਰਬਾਰ ਸਾਹਿਬ ਉੱਤੇ ਫੌਜੀ ਹਮਲੇ ਦੀ ਘਟਨਾ ਪੰਜਾਬ ਲਈ ਸਭ ਤੋਂ ਵੱਧ ਮਹੱਤਵਪੂਰਨ ਘਟਨਾ ਹੈ, ਜਿਸ ਦਾ ਮਾੜਾ ਪ੍ਰਭਾਵ ਪੰਜਾਬ ਦੇ ਜਨ ਜੀਵਨ ’ਤੇ ਸਦੀਆਂ ਤੱਕ ਮਹਿਸੂਸ ਕੀਤਾ ਜਾਂਦਾ ਰਹੇਗਾ। ਪਰ ਇਸ ਮਹੱਤਵਪੂਰਨ ਘਟਨਾ ਦੇ ਅਸਲੀ ਹਾਲਾਤ ਤੋਂ ਜਨਤਾ ਨੂੰ ਜਾਣੂੰ ਕਰਵਾਉਣ ਦਾ ਕੋਈ ਸਾਰਥਕ ਯਤਨ ਨਹੀਂ ਹੋਇਆ। ਇਹ ਠੀਕ ਹੈ ਕਿ ਸਰਕਾਰ ਨੇ “ਵਾਈਟ ਪੇਪਰ” ਛਾਪ ਕੇ ਇਸ ਅਤਿ ਘਿਨਾਉਣੀ ਦੁਰਘਟਨਾ ’ਤੇ ਪੋਚਾ ਫੇਰਨ ਦਾ ਯਤਨ ਕੀਤਾ ਹੈ ਪਰ ਉਸ ਵਿੱਚ ਵਰਨਣ ਕੀਤੇ ਹਾਲਾਤ ਦਾ ਜੇ ਜ਼ਰਾ ਬਾਰੀਕੀ ਨਾਲ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਬਿਰਤਾਂਤ ਦਾ ਸਾਰਾ ਖੋਖਲਾਪਣ ਉੱਘੜ ਆਉਂਦਾ ਹੈ। ਇਸ ਉਪਰੰਤ “ਉਪਰੇਸ਼ਨ ਬਲਿਊ ਸਟਾਰ” ਬਾਰੇ ਕਈ ਕਿਤਾਬਾਂ ਪ੍ਰਕਾਸ਼ਤ ਹੋਈਆਂ ਹਨ ਪਰ ਇਨ੍ਹਾਂ ਵਿੱਚ ਦਰਜ ਸਮੱਗਰੀ ਉਹੀ ਹੈ ਜੋ ਸਰਕਾਰੀ ਖੁਫੀਆ ਏਜੰਸੀਆਂ ਨੇ “ਪਲਾਂਟ” ਕੀਤੀ ਹੈ। ਇਨ੍ਹਾਂ ਸਾਰੇ ਲੇਖਕਾਂ ਨੇ ਆਪ ਕੋਈ ਖੋਜ ਨਹੀਂ ਕੀਤੀ। ਸਰਕਾਰ ਨੇ ਉਹੋ ਸੂਚਨਾ ਉਪਲਬਧ ਕੀਤੀ ਹੈ ਜਿਸ ਨਾਲ ਅਸਲ ਹਾਲਾਤ ਦੀ ਪਰਦਾਪੋਸ਼ੀ ਹੁੰਦੀ ਹੈ। “ਉਪਰੇਸ਼ਨ ਬਲਿਊ ਸਟਾਰ” ਬਾਰੇ ਉਹੋ ਕੋਈ ਪਰਮਾਣਿਕ ਪੁਸਤਕ ਲਿਖ ਸਕਦਾ ਹੈ ਜਿਸ ਨੇ ਇਸ ਘਟਨਾ ਵਿੱਚ ਆਪ ਭਾਗ ਲਿਆ ਹੋਵੇ ਜਾਂ ਜਿਸ ਦੀ ਪਹੁੰਚ ਸਰਕਾਰੀ ਦਸਤਾਵੇਜਾਂ ਤਕ ਹੋਵੇ। ਪਰ ਮੰਦੇ ਭਾਗੀਂ ਅਜਿਹਾ ਕੁਝ ਨਹੀਂ ਹੋ ਰਿਹਾ। ਜਨਰਲ ਬਰਾੜ, ਜਿਸ ਨੇ ਇਸ ਉਪਰੇਸ਼ਨ ਦੀ ਕਮਾਨ ਕੀਤੀ ਸੀ, ਨੇ ਵੀ ਭਾਵੇਂ ਆਪਣੀ ਕਿਤਾਬ ਦਾ ਨਾਂ “ਸੱਚੀ ਕਹਾਣੀ” ਰੱਖਿਆ ਹੈ ਪਰ ਉਸ ਦੀ ਭੂਮਿਕਾ ਪੜ੍ਹ ਕੇ ਹੀ ਪਤਾ ਲੱਗ ਜਾਂਦਾ ਹੈ ਕਿ ਇਸ ਪੁਸਤਕ ਵਿੱਚ ਦਰਸਾਇਆ ਗਿਆ “ਸੱਚ” ਕੇਵਲ ਉਹ ਹੈ ਜਿਸ ”ਤੇ ਸਰਕਾਰ ਨੇ ਪ੍ਰਵਾਨਗੀ ਦੀ ਮੋਹਰ ਲਾਈ ਹੈ।

ਸ੍ਰੀ ਜਗਦੀਸ਼ ਚੰਦਰ ਹਿੰਦੀ ਦੇ ਵਿਸ਼ਵ ਪ੍ਰਸਿੱਧੀ ਵਾਲੇ ਨਾਵਲਕਾਰ ਹਨ। ਉਨ੍ਹਾਂ ਨੇ “ਸ਼੍ਰੀ ਹਰਿਮੰਦਰ ਸਾਹਿਬ ”ਤੇ ਹਮਲੇ” ਦਾ ਕੁਝ ਭਾਗ ਅੱਖੀਂ ਦੇਖਿਆ ਸੀ। ਇਸ ਤੋਂ ਇਲਾਵਾ ਇਸ ਲੇਖਕ ਨੂੰ ਦੋ ਹੋਰ ਮਹੱਤਵਪੂਰਨ ਉੱਤਮਤਾਵਾਂ ਪ੍ਰਾਪਤ ਸਨ। ਪਹਿਲੀ ਇਹ ਕਿ ਉਹ ਇਸ ਹਮਲੇ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਆਮ ਜਾਂਦੇ ਸਨ ਅਤੇ ਉਨ੍ਹਾਂ ਨੂੰ ਇਸ ਹਮਲੇ ਤੋਂ ਪਹਿਲਾਂ ਦੇ ਦਰਬਾਰ ਸਾਹਿਬ ਦੇ ਵਾਤਾਵਰਣ ਦਾ ਪੂਰਾ ਪੂਰਾ ਗਿਆਨ ਸੀ। ਸੰਤ ਭਿੰਡਰਾਂਵਾਲੇ ਨਾਲ ਉਨ੍ਹਾਂ ਦਾ ਚੰਗਾ ਮੇਲ-ਜੋਲ ਸੀ। ਦੋਹਾਂ ਦਾ ਸਮਕਾਲੀ ਸਥਿਤੀ ਬਾਰੇ ਵਿਚਾਰ ਵਟਾਂਦਰਾ ਚਲਦਾ ਰਹਿੰਦਾ ਸੀ। ਦੂਸਰੇ ਇੱਕ ਯੋਗ ਲੇਖਕ ਹੋਣ ਦੇ ਨਾਤੇ ਉਨ੍ਹਾਂ ਨੂੰ ਸਾਰੇ ਹਾਲਾਤ ਨੂੰ ਬਿਆਨ ਕਰਨ ਵਿੱਚ ਕੋਈ ਦਿੱਕਤ ਨਹੀਂ ਸੀ। ਅੱਜ ਤਕ “ਸ੍ਰੀ ਹਰਿਮੰਦਰ ਸਾਹਿਬ ਤੇ ਹਮਲੇ” ਸੰਬੰਧੀ ਜੋ ਵੀ ਚਰਚਾ ਛਪੀ ਹੈ। ਉਸ ”ਤੇ ਇੱਕ ਜਾਂ ਦੂਸਰੀ ਧਿਰ ਦੀ ਤਰਫਦਾਰੀ ਦਾ ਇਲਜ਼ਾਮ ਲਗਦਾ ਰਿਹਾ ਹੈ। ਪਰ ਜਗਦੀਸ਼ ਚੰਦਰ ਦਾ “ਉਪਰੇਸ਼ਨ ਬਲਿਊ ਸਟਾਰ” ਅਜਿਹੇ ਸਭ ਦੋਸ਼ਾਂ ਤੋਂ ਮੁਕਤ ਹੈ। ਇੱਕ ਹਿੰਦੂ ਹੋਣ ਦੇ ਨਾਤੇ ਉਨ੍ਹਾਂ ”ਤੇ ਇਹ ਇਲਜ਼ਾਮ ਕਿਸੇ ਤਰ੍ਹਾਂ ਢੁੱਕ ਨਹੀਂ ਸਕਦਾ। ਇਸ ਗੱਲ ਵੱਲ ਮੈਂ ਵਿਸ਼ੇਸ਼ ਤੌਰ ”ਤੇ ਕਿਉਂ ਸੰਕੇਤ ਕਰ ਰਿਹਾ ਹਾਂ, ਇਸ ਦਾ ਭੇਤ ਅੱਗੇ ਚੱਲ ਕੇ ਖੁੱਲੇ੍ਹਗਾ।

“ਉਪਰੇਸ਼ਨ ਬਲਿਊ ਸਟਾਰ” ਸਮੇਂ ਜਗਦੀਸ਼ ਜਲੰਧਰ ਦੂਰਦਰਸ਼ਨ ਵਿੱਚ ਸਮਾਚਾਰ ਸੰਪਾਦਕ ਵਜੋਂ ਨਿਯੁਕਤ ਸੀ। ਉਪਰੇਸ਼ਨ ਤੋਂ ਪਹਿਲਾਂ ਜਗਦੀਸ਼ ਅਤੇ ਉਸ ਦੇ ਯੂਨਿਟ ਨੂੰ ਚੰਡੀਗੜ੍ਹ ਬੁਲਾਇਆ ਗਿਆ। ਉਸ ਨੇ ਮੈਨੂੰ ਚੰਡੀਗੜ੍ਹ ਵਿੱਚ ਆਪਣੇ ਹੋਣ ਬਾਰੇ ਟੈਲੀਫੋਨ ”ਤੇ ਸੂਚਿਤ ਕੀਤਾ ਪਰ ਮੁਲਾਕਾਤ ਨਾ ਹੋ ਸਕੀ। ਉਪਰੇਸ਼ਨ ਤੋਂ ਬਾਅਦ ਮੈਨੂੰ ਪਤਾ ਲੱਗਾ ਕਿ ਉਹ ਉਪਰੇਸ਼ਨ ਦੇ ਦਿਨਾਂ ਵਿੱਚ ਅੰਮ੍ਰਿਤਸਰ ਸੀ। ਮੈਂ ਉਪਰੇਸ਼ਨ ਕਾਰਨ ਕਾਫੀ ਝੰਜੋੜਿਆ ਗਿਆ ਸਾਂ। ਇਸ ਲਈ ਮੈਂ ਵਿਹਲ ਕੱਢ ਕੇ ਉਸ ਨੂੰ ਮਿਲਣ ਉਚੇਚਾ ਜਲੰਧਰ ਗਿਆ। ਮੈਂ ਤਾਂ ਪਰੇਸ਼ਾਨ ਸਾਂ ਹੀ ਉਹ ਮੇਰੇ ਤੋਂ ਵੱਧ ਬੌਂਦਲਿਆ ਹੋਇਆ ਸੀ। ਉਸ ਨੂੰ ਸਾਰੇ ਚਸ਼ਮਦੀਦ ਵਾਕਿਆਤ ਸੁਣਾਉਣ ਲਈ ਬੇਨਤੀ ਕੀਤੀ। ਪਰ ਉਸ ਦੀ ਗੱਲਬਾਤ ਵਿੱਚ ਕੋਈ ਤੁਕ ਨਹੀਂ ਸੀ ਬੱਝ ਰਹੀ। ਉਹ ਕਦੇ ਇੱਕ ਗੱਲ ਸੁਣਾਉਂਦਾ, ਫੇਰ ਉਸ ਨੂੰ ਵਿੱਚੇ ਛੱਡ ਕੇ ਦੂਜੀ ਛੋਹ ਬਹਿੰਦਾ। ਕੋਈ ਤਾਲਮੇਲ ਨਾ ਬੱਝਦਾ। ਮੈਂ ਕਿਹਾ, “ਜਗਦੀਸ਼ ਛੱਡ ਇਸ ਤਰ੍ਹਾਂ ਕੋਈ ਖਾਸ ਮਜ਼ਾ ਨਹੀਂ ਆ ਰਿਹਾ। ਤੰੂ ਇਸ ਸਾਕੇ ਬਾਰੇ ਇੱਕ ਰਿਪੋਰਟ ਲਿਖ। ਉਸ ਨੇ ਜਜ਼ਬਾਤੀ ਹੋ ਕੇ ਉਤਰ ਦਿੱਤਾ, ਮੈਂ ਜੋ ਕੁੱਝ ਦੇਖਿਆ ਹੈ ਉਹ ਏਨਾ ਭਿਆਨਕ ਏ ਕਿ ਸ਼ਾਇਦ ਮੈਂ ਕਦੇ ਲਿਖ ਨਾ ਸਕਾਂ”। ਜਗਦੀਸ਼ ਦੀ ਧਰਮ ਪਤਨੀ ਨੇ ਕਿਹਾ, “ਜੀ ਜੋ ਵੀ ਹੋਇਆ ਹੈ ਬੜਾ ਮਾੜਾ ਹੋਇਆ। ਇਸ ਦੇ ਨਤੀਜੇ ਬੜੇ ਭਿਆਨਕ ਨਿਕਲਣਗੇ। ਮੇਰਾ ਤਾਂ ਇਹ ਸਭ ਕੁਝ ਸੋਚ ਕੇ ਦਿਲ ਕੰਬ ਜਾਂਦਾ ਹੈ।” ਮੈਂ ਕਿਹਾ, “ਗੱਲ ਤਾਂ ਤੁਹਾਡੀ ਠੀਕ ਹੈ ਪਰ ਸਰਕਾਰ ਦੇ ਨਾਲ-ਨਾਲ ਕਸੂਰ ਭਿੰਡਰਾਂਵਾਲੇ ਦਾ ਵੀ ਸੀ।” ਉਸ ਨੇ ਗੁੱਸਾ ਖਾ ਕੇ ਪਰਤ ਕੇ ਕਿਹਾ, “ਤੁਸੀਂ ਮੈਨੂੰ ਇਹ ਦੱਸੋ ਕਿ ਦਰਬਾਰ ਸਾਹਿਬ ਭਿੰਡਰਾਂਵਾਲੇ ਦੀ ਆਪਣੀ ਜਾਇਦਾਦ ਸੀ? ਉਸ ਨੂੰ ਸਜ਼ਾ ਦੇਣ ਲਈ ਦਰਬਾਰ ਸਾਹਿਬ ਨੂੰ ਢਾਹ ਦਿੱਤਾ। ਇਹ ਅਸਥਾਨ ਤਾਂ ਸਾਰਿਆਂ ਲਈ ਸਾਂਝਾ ਸੀ। ਕੀ ਸਿੱਖ ਤੇ ਕੀ ਹਿੰਦੂ। ਸਾਰੇ ਇਸ ਨੂੰ ਮੰਨਦੇ ਹਨ। ਬੜਾ ਅਨਰਥ ਹੋਇਆ।”

ਮੈਂ ਚੁਪ ਕਰ ਗਿਆ। ਜਗਦੀਸ਼ ਨੇ ਕਿਹਾ, “ਬਹੁਤਾ ਨੁਕਸਾਨ ਤਾਂ ਅਕਾਲ ਤਖਤ ਸਾਹਿਬ ਦਾ ਹੋਇਆ ਹੈ। ਅਸੀਂ ਸਰਕਟ ਹਾਊਸ ਵਿੱਚ ਸੀ ਜਦੋਂ ਗੋਲਾਬਾਰੀ ਸ਼ੁਰੂ ਹੋਈ। ਬਹੁਤ ਭਿਆਨਕ ਸਮਾਂ ਸੀ। ਗਰਮੀ ਅੰਤਾਂ ਦੀ ਸੀ। ਪਰ ਕੋਈ ਬਿਜਲੀ ਨਹੀਂ ਸੀ। ਇਸ ਲਈ ਸੌਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਸਾਰੇ ਜਣੇ ਜਾਗ ਰਹੇ ਸਾਂ ਅਤੇ ਹਰ ਗੋਲਾ ਫਟਣ ’ਤੇ ਅਨੁਮਾਨ ਲਗਾ ਰਹੇ ਸਾਂ ਕਿ ਕੀ ਹੋਇਆ ਹੋਵੇਗਾ। ਅਚਾਨਕ ਗੋਲਾ ਫਟਣ ਬਾਅਦ ਇੱਕ ਭਿਆਨਕ ਆਵਾਜ਼ ਆਈ। ਜਿਵੇਂ ਪਾਣੀ ਵਿੱਚ ਕੋਈ ਬਹੁਤ ਭਾਰੀ ਚੀਜ਼ ਡਿੱਗੀ ਹੋਵੇ। ਅਸੀਂ ਸਾਰੇ ਕੰਬ ਗਏ ਕਿ ਗੋਲਾ ਦਰਬਾਰ ਸਾਹਿਬ ਉਤੇ ਡਿੱਗਾ ਹੈ ਅਤੇ ਦਰਬਾਰ ਸਾਹਿਬ ਢਹਿ ਕੇ ਸਰੋਵਰ ਵਿੱਚ ਡਿੱਗ ਪਿਆ ਹੈ। ਇਸ ਤੋਂ ਬਾਅਦ ਤਾਂ ਫੇਰ ਚੈਨ ਪੈਣ ਦਾ ਸਵਾਲ ਪੈਦਾ ਨਹੀਂ ਸੀ ਹੁੰਦਾ। ਸਵੇਰੇ ਉਠ ਕੇ ਪਤਾ ਲੱਗਾ ਕਿ ਪਾਣੀ ਦੀ ਟੈਂਕੀ ਢੱਠੀ ਹੈ ਤਾਂ ਜਾਨ ਵਿੱਚ ਜਾਨ ਆਈ।”

ਮੈਂ ਪੁਛਿਆ, “ਕੀ ਇਹ ਠੀਕ ਹੈ ਕਿ ਜਦੋਂ ਗਿਆਨੀ ਜੈਲ ਸਿੰਘ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਨੂੰ ਆਏ ਤਾਂ ਖਾੜਕੂ ਅਜੇ ਦਰਬਾਰ ਸਾਹਿਬ ਦੇ ਅੰਦਰ ਮੌਜੂਦ ਸਨ ਅਤੇ ਉਨ੍ਹਾਂ ਨੇ ਗਿਆਨੀ ਜੀ ”ਤੇ ਗੋਲੀ ਚਲਾ ਦਿੱਤੀ ਸੀ।” ਜਗਦੀਸ਼ ਨੇ ਉਤਰ ਦਿੱਤਾ, “ਇਹ ਬਿਲਕੁਲ ਨਿਰਮੂਲ ਹੈ।” ਮੈਂ ਕਿਹਾ, “ਪਰ ਟੈਲੀਵਿਜ਼ਨ ’ਤੇ ਜੋ ਦ੍ਰਿਸ਼ ਦਿਖਾਇਆ ਗਿਆ ਸੀ, ਉਸ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਫ ਸੁਣਾਈ ਦਿੰਦੀ ਸੀ।” ਜਗਦੀਸ਼ ਨੇ ਕਿਹਾ; “ਹਾਂ, ਇਹ ਠੀਕ ਹੈ, ਮੈਂ ਵੀ ਉਹ ਰੀਕਾਰਡਿੰਗ ਦੇਖੀ ਹੈ, ਉਸ ਵਿੱਚ ਉਵੇਂ ਹੀ ਹੈ। ਪਰ ਹੈ ਇਹ ਨਿਰਾ ਕੂੜ। ਸਰਕਾਰ ਨੇ ਵੀਡੀਓ ਰੀਕਾਰਡਿੰਗ ਲਈ ਮੈਲਵੈਲ ਡੀ ਮੈਲੋ ਨੂੰ ਤਾਇਨਾਤ ਕੀਤਾ ਸੀ। ਇਹ ਵਿਅਕਤੀ ਡਰਾਮੇਬਾਜ਼ੀ ਲਈ ਮਸ਼ਹੂਰ ਸੀ। 1965 ਦੀ ਭਾਰਤ- ਪਾਕਿ ਜੰਗ ਵਿੱਚ ਅੰਬਾਲੇ ਵਿੱਚ ਢੱਠੇ ਹੋਏ ਗਿਰਜਾ ਘਰ ਨੂੰ ਉਸ ਨੇ ਦਿਖਾ ਕੇ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਸੀ ਕਿ ਪਾਕਿਸਤਾਨੀ ਬੰਬਾਰਾਂ ਨੇ ਗਿਰਜਾ ਘਰ ਵੀ ਨਹੀਂ ਬਖਸ਼ੇ। ਇਸੇ ਤਰ੍ਹਾਂ ਉਸ ਵੀਡੀਓ ਰੀਕਾਰਡਿੰਗ ਵੇਲੇ ਗੋਲੀ ਕਿਤੇ ਦੂਰ ਚਲਵਾਈ ਗਈ ਸੀ ਤਾਂ ਜੋ ਪ੍ਰਭਾਵ ਦਿੱਤਾ ਜਾ ਸਕੇ ਕਿ ਖਾੜਕੂ ਕਿੰਨੇ ਬੇਕਿਰਕ ਹਨ। ਜੇਕਰ ਸੱਚੀਂਮੁੱਚੀ ਹੀ ਗੋਲੀ ਦਾ ਨਿਸ਼ਾਨਾ ਗਿਆਨੀ ਜੀ ਨੂੰ ਬਣਾਇਆ ਗਿਆ ਹੁੰਦਾ ਤਾਂ ਫੌਜੀ ਅਫਸਰਾਂ ਨੇ ਤੁਰੰਤ ਗਿਆਨੀ ਜੀ ਨੂੰ ਕਵਰ ਲੈਣ ਲਈ ਕਹਿਣਾ ਸੀ ਪਰ ਤੁਸੀਂ ਵੇਖਿਆ ਹੋਵੇਗਾ ਕਿ ਅਜਿਹਾ ਕੁਝ ਵੀ ਨਹੀਂ ਹੁੰਦਾ। ਸਭ ਅਡੋਲ ਰਹਿੰਦੇ ਹਨ।” ਮੈਂ ਪੁੱਛਿਆ, “ਕੀ ਇਹ ਠੀਕ ਹੈ ਕਿ ਗਿਆਨੀ ਜੀ ਬੂਟ ਪਾ ਕੇ ਪ੍ਰਕਰਮਾ ਵਿੱਚ ਗਏ?” ਉਸ ਨੇ ਉੱਤਰ ਦਿੱਤਾ, “ਇਹ ਬਿਲਕੁਲ ਸਹੀ ਹੈ। ਪਰ ਹੋਰ ਉਹ ਕਰਦੇ ਵੀ ਕੀ? ਸਾਰੀ ਪ੍ਰਕਰਮਾ ਵਿੱਚ ਲਾਸ਼ਾਂ ਦੇ ਅੰਬਾਰ ਲੱਗੇ ਹੋਏ ਸਨ। ਪ੍ਰਕਰਮਾ ਵਿੱਚ ਖੂਨ ਹੀ ਖੂਨ ਸੀ। ਬੂਟਾਂ ਤੋਂ ਬਿਨਾਂ ਤਾਂ ਪ੍ਰਕਰਮਾ ਵਿੱਚ ਫਿਰਨਾ ਹੀ ਮੁਸ਼ਕਿਲ ਸੀ।” ਫੇਰ ਉਹ ਆਪਣੀ ਪਤਲੂਨ ਚੁੱਕ ਲਿਆਇਆ ਜਿਸ ਦੇ ਪਹੁੰਚੇ ਖੂਨ ਨਾਲ ਲੱਥ-ਪੱਥ ਸਨ। ਉਸ ਨੇ ਕਿਹਾ, “ਬੜਾ ਭਿਆਨਕ ਦ੍ਰਿਸ਼ ਸੀ ਜਿਸ ਨੂੰ ਲਫਜ਼ਾਂ ਵਿੱਚ ਬਿਆਨ ਕਰਨਾ ਮੇਰੇ ਲਈ ਮੁਸ਼ਕਿਲ ਹੈ।”

ਮੈਂ ਫੇਰ ਸਵਾਲ ਕੀਤਾ, “ਕੀ ਇਹ ਸਹੀ ਹੈ ਕਿ ਫੌਜੀ ਫਰਬਾਰ ਸਾਹਿਬ ਵਿੱਚ ਸਿਗਰਟਾਂ ਪੀਂਦੇ ਰਹੇ, ਸ਼ਰਾਬ ਅਤੇ ਬੀਅਰ ਡਕਾਰਦੇ ਰਹੇ?” ਉਸ ਨੇ ਉੱਤਰ ਦਿੱਤਾ, “ਹਾਂ ਇਹ ਬਿਲਕੁਲ ਸਹੀ ਹੈ। ਜਦੋਂ ਮੈਂ ਪ੍ਰਕਰਮਾ ਵਿੱਚ ਗਿਆ ਤਾਂ ਉੱਥੇ ਥਾਂ ਥਾਂ ਉੱਤੇ ਬੋਰਡ ਲੱਗੇ ਹੋਏ ਸਨ, ‘ਇੱਥੇ ਸਿਗਰਟ ਅਤੇ ਸ਼ਰਾਬ ਪੀਣਾ ਮਨ੍ਹਾਂ ਹੈ’। ਜੇਕਰ ਅਜਿਹਾ ਨਾ ਹੋ ਰਿਹਾ ਹੁੰਦਾ ਤਾਂ ਇਹ ਬੋਰਡ ਲਾਉਣ ਦੀ ਕਿਹੜੀ ਲੋੜ ਸੀ?” ਮੈਂ ਸਵਾਲ ਕੀਤਾ, “ਕੀ ਕਈ ਲੋਕ ਨੰਗੇ ਸਿਰ ਦਰਬਾਰ ਸਾਹਿਬ ਵਿੱਚ ਘੁੰਮਦੇ ਰਹੇ?” ਉਸ ਨੇ ਹੱਸ ਕੇ ਕਿਹਾ, “ਏਨੀਆਂ ਵੱਡੀਆਂ ਗੱਲਾਂ ਤੋਂ ਬਾਅਦ ਇਸ ਸਵਾਲ ਦੀ ਕੀ ਵੁੱਕਤ ਹੈ”? ਮੈਂ ਕਿਹਾ, “ਐਵੇਂ ਮੈਨੂੰ ਫੁਰਨਾ ਫੁਰ ਗਿਆ ਕਿ ਕੀ ਇਸ ਨਿਗੂਣੀ ਜਿਹੀ ਮਰਯਾਦਾ ਨੂੰ ਕਾਇਮ ਰੱਖਣ ਵੱਲ ਵੀ ਕਿਸੇ ਨੇ ਕੋਈ ਧਿਆਨ ਨਾ ਦਿੱਤਾ?” ਜਗਦੀਸ਼ ਨੇ ਉੱਤਰ ਦਿੱਤਾ, “ਜੇ ਤੁਸੀਂ ਵੀਡੀਓ ਰੀਕਾਡਿੰਗ ਨੂੰ ਧਿਆਨ ਨਾਲ ਦੇਖਿਆ ਹੋਵੇ ਤਾਂ ਤੁਹਾਨੂੰ ਯਾਦ ਹੋਵੇਗਾ ਕਿ ਮੈਲਵਿਲ ਡੀਮੈਲੋ ਪ੍ਰਕਰਮਾ ਵਿੱਚ ਖੜ੍ਹਾ ਕੁਮੈਂਟਰੀ ਦੇ ਰਿਹਾ ਹੈ ਅਤੇ ਉਸ ਦਾ ਸਿਰ ਨੰਗਾ ਹੈ। ਇਹ ਗੱਲ ਮੈਂ ਜਨਰਲ ਬਰਾੜ ਦੇ ਨੋਟਿਸ ਵਿੱਚ ਉਸ ਵੇਲੇ ਲਿਆ ਦਿੱਤੀ ਸੀ।” ਮੈਂ ਪੁੱਛਿਆ, “ਕੀ ਤੁਹਾਡੇ ਯੂਨਿਟ ਨੇ ਕੋਈ ਰੀਕਾਰਡਿੰਗ ਨਹੀਂ ਸੀ ਕੀਤੀ? ਉਸ ਨੇ ਉੱਤਰ ਦਿੱਤਾ, “ਅਸੀਂ ਵੀ ਕੀਤੀ ਸੀ ਪਰ ਉਸ ਨੂੰ ਸਰਕਾਰ ਨੇ ਜ਼ਬਤ ਕਰ ਲਿਆ ਸੀ ਅਤੇ ਅੱਜ ਤਕ ਵਾਪਸ ਨਹੀਂ ਕੀਤਾ ਜੇਕਰ ਮੇਰੇ ਪਾਸ ਹੁੰਦੀ ਤਾਂ ਮੈਂ ਤੁਹਾਨੂੰ ਜੋ ਘੱਲੂਘਾਰਾ ਵਾਪਰਿਆ ਹੈ, ਉਸ ਦੀ ਇੱਕ ਝਲਕ ਦਿਖਾਉਂਦਾ।” ਇਹ ਸਭ ਕੁਝ ਸੁਣ ਕੇ ਮੈਂ ਕੁਝ ਦੇਰ ਲਈ ਸਕਤੇ ਵਿੱਚ ਆ ਗਿਆ। ਫੇਰ ਮੈਂ ਕਿਹਾ, “ਜਗਦੀਸ਼, ਇਹ ਸਭ ਨੂੰ ਲਿਖਦਾ ਕਿਉਂ ਨਹੀਂ?” ਉਸ ਨੇ ਕਿਹਾ, ਅਜੇ ਵਕਤ ਨਹੀਂ ਆਇਆ। ਅਸੀਂ ਦੁਰਘਟਨਾ ਦੇ ਏਨੇ ਨੇੜੇ ਹਾਂ ਕਿ ਸਭ ਕੁਝ ਨਿਰਪੱਖਤਾ ਨਾਲ ਲਿਖਣਾ ਸੰਭਵ ਨਹੀਂ। ਅਜੇ ਮੇਰਾ ਆਪਣਾ ਦਿਲ ਹੀ ਰਾਸ ਨਹੀਂ ਤਾਂ ਮੈਂ ਲਿਖਾਂ ਕੀ?”

ਪਰ ਮੈਂ ਗੱਲ ਨੂੰ ਆਈ-ਗਈ ਨਾ ਹੋਣ ਦਿੱਤਾ। ਜਦੋਂ ਵੀ ਜਗਦੀਸ਼ ਮੈਨੂੰ ਮਿਲਦਾ ਮੈਂ ਉਸ ਨੂੰ ਲਿਖਣ ਲਈ ਪ੍ਰੇਰਨ ਲੱਗ ਜਾਂਦਾ। ਇੱਕ ਸਾਲ ਹੋਇਆ ਜਗਦੀਸ਼ ਨੇ ਇਹ ਖੁਸ਼ਖਬਰੀ ਦਿੱਤੀ ਕਿ ਉਸ ਨੇ ਇਸ ਘੱਲੂਘਾਰੇ ਦਾ ਹਾਲ ਲਿਖਣ ਦਾ ਮਨ ਬਣਾ ਲਿਆ ਹੈ। ਮੈਂ ਉਸ ਨੂੰ ਫੇਰ ਪੰਜਾਬੀ ਵਿੱਚ ਲਿਖਣ ਲਈ ਪ੍ਰੇਰਨ ਲੱਗਾ। ਉਸ ਨੇ ਕਿਹਾ, “ਦੇਖੋ ਮੇਰਾ ਹਿੰਦੀ ਵਿੱਚ ਨਾਂ ਬਣ ਚੁੱਕਾ ਹੈ। ਹਿੰਦੀ ਵਿੱਚ ਪ੍ਰਕਾਸ਼ਕ ਲੱਭਣ ਦੀ ਕੋਈ ਸਮੱਸਿਆ ਨਹੀਂ। ਪ੍ਰਕਾਸ਼ਕ ਮੇਰੇ ਪਿੱਛੇ ਪਿੱਛੇ ਭੱਜੇ ਫਿਰਦੇ ਹਨ। ਰਾਇਲਟੀ ਵੀ ਦਿੰਦੇ ਹਨ। ਫੇਰ ਦੱਸੋ ਮੈਂ ਪੰਜਾਬੀ ਵਿੱਚ ਕਿਉਂ ਲਿਖਾਂ?” ਮੈਂ ਉੱਤਰ ਦਿੱਤਾ, ““ਇਸ ਕਰਕੇ ਕਿਉਂਕਿ ਇਹ ਹਮਲਾ ਪੰਜਾਬੀ ਲੋਕਾਂ ਨਾਲ ਸੰਬੰਧ ਰੱਖਦਾ ਹੈ, ਹਿੰਦੀ ਜਗਤ ਨੂੰ ਇਸ ਵਿੱਚ ਕੀ ਦਿਲਚਸਪੀ ਹੋ ਸਕਦੀ ਹੈ?” ਉਸ ਦਾ ਉਤਰ ਸੀ, “ਇਸ ਘੱਲੂਘਾਰੇ ਵਿੱਚ ਹਿੰਦੀ ਜਗਤ ਨੂੰ ਤਾਂ ਇੱਕ ਪਾਸੇ ਛੱਡੋ, ਸਾਰੇ ਵਿਸ਼ਵ ਨੂੰ ਦਿਲਚਸਪੀ ਹੈ।” ਮੈਂ ਇਹ ਸੁਣ ਕੇ ਚੁੱਪ ਹੋ ਗਿਆ। ਜਗਦੀਸ਼ ਨੇ ਸਾਰਾ ਮਸੌਦਾ ਹਿੰਦੀ ਵਿੱਚ ਕਲਮਬੰਦ ਕਰ ਲਿਆ। ਇੱਕ ਪ੍ਰਕਾਸ਼ਕ ਨੂੰ ਜੋ ਬੜਾ ਮਗਰ ਪਿਆ ਹੋਇਆ ਸੀ, ਭੇਜ ਦਿੱਤਾ। ਖਰੜਾ ਉਸ ਕੋਲ ਕਾਫੀ ਸਮਾਂ ਪਿਆ ਰਿਹਾ ਪਰ ਪ੍ਰਕਾਸ਼ਿਤ ਨਾ ਹੋਇਆ। ਫੇਰ ਉਸ ਨੇ ਦੂਜੇ ਨੂੰ ਭੇਜਿਆ ਪਰ ਨਤੀਜਾ ਪਹਿਲੇ ਵਾਲਾ ਹੀ ਸੀ। ਫੇਰ ਇੱਕ ਹੋਰ ਨੂੰ ਭੇਜਿਆ ਪਰ ਛਪਿਆ ਫੇਰ ਵੀ ਨਾ। ਉਸ ਨੇ ਦੱਸਿਆ ਕਿ ਪ੍ਰਕਾਸ਼ਕ ਦਾ ਸਲਾਹਕਾਰ ਮੰਡਲ ਅਜੇ ਇਸ ”ਤੇ ਵਿਚਾਰ ਕਰ ਰਿਹਾ ਹੈ। ਮੈਂ ਕਿਹਾ, “ਚਲ ਹਿੰਦੀ ਵਿੱਚ ਛਪਦਾ ਰਹੇਗਾ ਆਪਾਂ ਪਹਿਲਾਂ ਇਸ ਨੂੰ ਪੰਜਾਬੀ ਵਿੱਚ ਛਪਵਾਉਂਦੇ ਹਾਂ।” ਉਸ ਨੇ ਹਾਮੀ ਭਰ ਲਈ।

ਥੋੜ੍ਹੇ ਦਿਨ ਹੋਏ ਜਗਦੀਸ਼ ਮੈਨੂੰ ਮਿਲਣ ਆਇਆ। ਮੈਂ ਉਸ ਨੂੰ ਪੁੱਛਿਆ, “ਖਰੜੇ ਦਾ ਕੀ ਬਣਿਆ? ਕਿਤਾਬ ਕਦੋਂ ਛਪ ਰਹੀ ਹੈ?” ਉਸ ਨੇ ਭੈੜਾ ਜਿਹਾ ਮੰੂਹ ਬਣਾ ਕੇ ਉਤਰ ਦਿੱਤਾ, “ਸ਼ਾਇਦ ਹਿੰਦੀ ਵਿੱਚ ਇਹ ਪੁਸਤਕ ਕਦੇ ਵੀ ਨਹੀਂ ਛਪੇਗੀ।” ਮੈਂ ਹੈਰਾਨ ਹੋ ਕੇ ਪੁੱਛਿਆ, “ਕਿਉਂ? ਹਿੰਦੀ ਦੇ ਪ੍ਰਕਾਸ਼ਕ ਤਾਂ ਤੇਰੇ ਹਾੜ੍ਹੇ ਕੱਢਦੇ ਫਿਰਦੇ ਹਨ।” ਉਸ ਨੇ ਕਿਹਾ, “ਹਾਂ ਠੀਕ ਹੈ ਪਰ ਇਸ ਪੁਸਤਕ ਨੂੰ ਹਿੰਦੀ ਵਿੱਚ ਪ੍ਰਕਾਸ਼ਤ ਕਰਨ ਵਾਲਾ ਕੋਈ ਨਹੀਂ। ਸਭ ਕਹਿੰਦੇ ਹਨ ਕਿ ਇਸ ਵਿੱਚ ਜੋ ਘਟਨਾਵਾਂ ਦਾ ਵਰਨਣ ਹੈ। ਉਹ ਹਿੰਦੀ ਜਗਤ ਨੂੰ ਨਹੀਂ ਪੋਂਹਦਾ ਹੈ।” ਮੈਂ ਕਿਹਾ, “ਪਰ ਤੰੂ ਤਾਂ ਅਜਿਹਾ ਕੁਝ ਨਹੀਂ ਲਿਿਖਆ ਬੱਸ ਘਟਨਾਵਾਂ ਦਾ ਬਿਆਨ ਹੈ”। ਉਸ ਨੇ ਜਵਾਬ ਦਿੱਤਾ, “ਉਹ ਕਹਿੰਦੇ ਹਨ ਕਿ ਇੱਕ ਹਿੰਦੂ ਲੇਖਕ ਪਾਸੋਂ ਇਹ ਉਮੀਦ ਨਹੀਂ ਸੀ ਕਿ ਉਹ ਭਿੰਡਰਾਂਵਾਲੇ ਸਬੰਧੀ ਇਵੇਂ ਲਿਖਦਾ।” ਮੈਂ ਕਿਹਾ, “ਪਰ ਤੰੂ ਭਿੰਡਰਾਂਵਾਲੇ ਦੀ ਤਾਂ ਕੋਈ ਤਾਰੀਫ ਨਹੀਂ ਕੀਤੀ।” ਉਸ ਦਾ ਉਤਰ ਸੀ, “ਉਹ ਏਨਾ ਵੀ ਨਹੀਂ ਸਹਾਰ ਸਕਦੇ।” ਮੈਂ ਕਿਹਾ, “ਪਰ ਤੇਰਾ ਇੱਕ ਪ੍ਰਕਾਸ਼ਕ ਤਾਂ ਕਾਮਰੇਡ ਹੈ। ਉਹ ਤਾਂ ਤੁੱਅਸਬ ਤੋਂ ਮੁਕਤ ਹੋਵੇਗਾ।” ਉਸ ਦਾ ਉਤਰ ਸੁਣ ਕੇ ਮੈਂ ਨਿਰਵਾਕ ਰਹਿ ਗਿਆ। ਉਸ ਨੇ ਕਿਹਾ, ਉਸ ਨੇ ਵੀ ਹਾਮੀ ਨਹੀਂ ਭਰੀ। ਉਸ ਨੇ ਕਿਹਾ, “ਮੇਰੇ ਅੰਦਰ ਬੈਠਾ ਹਿੰਦੂ ਅਜਿਹੀ ਲਿਖਤ ਨੂੰ ਕਦੇ ਵੀ ਪ੍ਰਵਾਨ ਨਹੀਂ ਕਰ ਸਕਦਾ।”

 

*ਉਪਰੋਕਤ ਲਿਖਤ ਪਹਿਲਾਂ 5 ਜੂਨ 2016 ਨੂੰ ਛਾਪੀ ਗਈ ਸੀ

‐0‐

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: