ਫ਼ਤਿਹਗੜ੍ਹ ਸਾਹਿਬ (14 ਅਕਤੂਬਰ, 2011): ਅੰਬਾਲਾ ਵਿੱਚ ਫੜੇ ਵਿਸਫੋਟਕਾਂ ਨੂੰ ਬਿਨਾਂ ਕੋਈ ਸਬੂਤ ਪੇਸ਼ ਕੀਤਿਆਂ ਬੱਬਰ ਖਾਲਸਾ ਨਾਲ ਜੋੜਣਾ ਇਹ ਗੱਲ ਸਾਬਤ ਕਰਦਾ ਹੈ ਕਿ ਭਾਰਤ ਸਰਕਾਰ ਦੇ ਨੀਤੀ ਘਾੜਿਆਂ ਦੀ ਸਿੱਖ ਵਿਰੋਧੀ ਨੀਤੀ ਵਿੱਚ ਅਜੇ ਤੱਕ ਕੋਈ ਤਬਦੀਲੀ ਨਹੀਂ ਆਈ, ਸਿੱਖਾ ਪ੍ਰਤੀ ਉਨ੍ਹਾਂ ਦੀ ਪਿਛਲੇ ਦਹਾਕਿਆਂ ਵਾਲੀ ਹੀ ਦੁਸ਼ਮਾਨਾ ਪਹੁੰਚ ਹੀ ਚੱਲੀ ਆ ਰਹੀ ਹੈ। ਇਹ ਵਿਚਾਰ ਪੇਸ਼ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਕੁਲਬੀਰ ਸਿੰਘ ਬੜਾ ਪਿੰਡ ਤੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਨੂੰ ਹਿੰਸਾਵਾਦੀ ਦਰਸਾਉਣ ਦਾ ਕੋਈ ਮੌਕਾ ਕਦੇ ਨਹੀਂ ਗਵਾਉਂਦੀ। ਉਨ੍ਹਾਂ ਕਿਹਾ ਕਿ ਆਮ ਤੌਰ ’ਤੇ 26 ਜਨਵਰੀ, 15 ਅਗਸਤ ਜਾਂ ਦੀਵਾਲੀ ਵਰਗੇ ਕਿਸੇ ਵੱਡੇ ਤਿਉਹਾਰ ਮੌਕੇ ਵਿਸਫੋਟਕ ਜਾਂ ਵਿਸਫੋਟਕਾਂ ਸਮੇਤ ਖਾੜਕੂਆਂ ਨੂੰ ਫੜੇ ਜਾਣ ਦੇ ਡਰਾਮੇ ਭਾਰਤੀ ਪੁਲਿਸ ਰਾਹੀਂ ਅਕਸਰ ਕੀਤੇ ਜਾਂਦੇ ਹਨ ਤੇ ਤਾਜ਼ਾ ਘਟਨਾ ਵੀ ਇਸੇ ਲੜੀ ਦਾ ਹਿੱਸਾ ਜਾਪਦੀ ਹੈ। ਭਾਰਤ ਵਿੱਚ ਘੱਟਗਿਣਤੀਆਂ ’ਤੇ ਹੋ ਰਹੇ ਅਤਿਆਚਾਰਾਂ ਨੂੰ ਜ਼ਾਇਜ਼ ਠਹਿਰਾਉਣ ਲਈ ਭਾਰਤੀ ਤੰਤਰ ’ਤੇ ਕਾਬਜ਼ ਸ਼ਕਤੀਆਂ ਹਮੇਸ਼ਾਂ ਹੀ ਘੱਟਗਿਣਤੀਆਂ ਨੂੰ ਅੱਤਵਾਦੀ ਕਾਰਵਾਈਆਂ ਨਾਲ ਜੋੜ ਕੇ ਕੌਮਾਂਤਰੀ ਪੱਧਰ ’ਤੇ ਬਦਨਾਮ ਕਰਨ ਦੀ ਕੋਸ਼ਿਸ਼ ਵਿੱਚ ਜੁਟੀਆਂ ਰਹਿੰਦੀਆਂ ਹਨ ਤੇ ਇਨ੍ਹਾਂ ਢੰਗਾਂ ਨਾਲ ਘੱਟਗਿਣਤੀ ਕੌਮਾਂ ਦੇ ਬੁਿਨਆਦੀ ਹੱਕਾਂ ਲਈ ਚੱਲ ਰਹੇ ਸ਼ਾਂਤਮਈ ਸੰਘਰਸ਼ਾਂ ਨੂੰ ਵੀ ਬਾਕੀ ਦੁਨੀਆਂ ਅੱਗੇ ‘ਅੱਤਵਾਦ’ ਦੇ ਨਾਂ ਹੇਠ ਪੇਸ਼ ਕੀਤਾ ਜਾਂਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਆਜ਼ਾਦੀ ਸੰਘਰਸ਼ਾਂ ਨੂੰ ਬਦਨਾਮ ਕਰਨ ਦੇ ਨਾਲ-ਨਾਲ ਆਦਿਵਾਸੀਆਂ ’ਤੇ ਅਸਹਿ ਜ਼ੁਲਮ ਕਰਕੇ ਉਨ੍ਹਾ ਵਲੋਂ ਅਪਣੇ ਕੁਦਰਤੀ ਸ਼੍ਰੋਤਾਂ ਦੀ ਅੰਨ੍ਹੀ ਲੁੱਟ ਰੋਕਣ ਲਈ ਸ਼ੁਰੂ ਕੀਤੇ ਸੰਘਰਸ਼ ਨੂੰ ਵੀ ਇਸੇ ਤਰ੍ਹਾਂ ਕੁਚਲਿਆ ਤੇ ਬਦਨਾਮ ਕੀਤਾ ਜਾ ਰਿਹਾ ਹੈ। ਜਿਸ ਤਰ੍ਹਾਂ ਹਿੰਦੂ ਅੱਤਵਾਦੀਆਂ- ਸਾਧਵੀ ਪ੍ਰੀਗਿਆ ਠਾਕੁਰ, ਕਰਨਲ ਪ੍ਰੋਹਿਤ, ਅਸੀਮਾਨੰਦ ਆਦਿ ਨੇ ਦੇਸ਼ ਦੇ ਖੁਫੀਆ ਤੰਤਰ ਵਿੱਚਲੇ ਅਪਣੇ ਹਮ ਖਿਆਲੀਆਂ ਨਾਲ ਮਿਲ ਕੇ ਘੱਟਗਿਣਤੀਆਂ ਨੂੰ ਨਿਸ਼ਾਨਾਂ ਬਣਾਇਆ ਹੈ ਉਸ ਨਾਲ ਭਾਰਤੀ ਢਾਂਚੇ ਦੀਆਂ ਅਸਲ ਪਰਤਾਂ ਖੁੱਲ੍ਹ ਕੇ ਲੋਕਾਂ ਸਾਹਮਣੇ ਆ ਗਈਆਂ ਹਨ ਕਿ ਭਾਰਤੀ ਨੀਤੀਘਾੜੇ ਕਿਹੜੇ ਢੰਗ ਤਰੀਕੇ ਵਰਤ ਕੇ ਦੇਸ਼ ਨੂੰ ਨਿਰੰਕੁਸ਼ ਹਿੰਦੂ-ਰਾਸ਼ਟਰ ਵਿੱਚ ਤਬਦੀਲ ਕਰ ਰਹੇ ਹਨ।