ਲੁਧਿਆਣਾ: ਸਿਹਤ ਵਿਭਾਗ ਵੱਲੋਂ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਅਤੇ ਖੂਨ ਦੀ ਕਮੀ, ਕਮਜ਼ੋਰੀ ਆਦਿ ਨਾਲ ਸਬੰਧਤ ਬਿਮਾਰੀਆਂ ਤੋਂ ਬਚਾਉਣ ਲਈ ਸਮੇਂ ਸਮੇਂ ’ਤੇ ਵੰਡੀਆਂ ਜਾਂਦੀਆਂ ਡੀ-ਵੌਰਮਿੰਗ ਅਤੇ ਫੋਲਿਕ ਐਸਿਡ ਦੀਆਂ ਗੋਲੀਆਂ ਜਦੋਂ ਕਈ ਸਕੂਲਾਂ ਨੂੰ ਦਿੱਤੀਆਂ ਉਦੋਂ ਗੋਲੀਆਂ ਦੀ ਵਰਤੋਂ ਤਰੀਕ ਨਿਕਲ ਚੁੱਕੀ ਸੀ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ 10 ਅਗਸਤ ਨੂੰ ਡੀ-ਵੌਰਮਿੰਗ ਦੀ ਖੁਰਾਕ ਦਿੱਤੀ ਜਾਵੇਗੀ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸਕੂਲੀ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਐਲਬੈਂਡਾਜ਼ੋਲ ਦੇ ਨਾਲ ਨਾਲ ਆਇਰਨ ਤੇ ਫੋਲਿਕ ਐਸਿਡ ਦੀਆਂ ਗੋਲੀਆਂ ਵੰਡੀਆਂ ਜਾਂਦੀਆਂ ਹਨ। ਇਸ ਸਬੰਧੀ ਲੁਧਿਆਣਾ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਵੱਲੋਂ ਭਾਵੇਂ ਪਹਿਲਾਂ ਸਬੰਧਤ ਸਕਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀ ਗਿਣਤੀ ਮੰਗਵਾਈ ਜਾਂਦੀ ਹੈ ਅਤੇ ਉਸ ਦੇ ਹਿਸਾਬ ਨਾਲ ਹੀ ਗੋਲੀਆਂ ਵੰਡੀਆਂ ਜਾਂਦੀਆਂ ਹਨ। ਪਰ ਹੈਰਾਨੀ ਇਸ ਗੱਲ ਦੀ ਹੈ ਕਿ ਪਿਛਲੇ ਸਮੇਂ ਦੌਰਾਨ ਇੱਥੋਂ ਦੇ ਇੱਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਸਿਹਤ ਵਿਭਾਗ ਦੇ ਮੁਲਾਜ਼ਮਾਂ ਵੱਲੋਂ ਬਿਨਾਂ ਕਿਸੇ ਰਿਕਾਰਡ ਦੇ ਫੋਲਿਕ ਐਸਿਡ ਦੀਆਂ ਹਜ਼ਾਰਾਂ ਵਾਧੂ ਗੋਲੀਆਂ ਦਿੱਤੀਆਂ ਗਈਆਂ। ਅਜਿਹਾ ਕਰਕੇ ਭਾਵੇਂ ਵਿਭਾਗ ਦੇ ਮੁਲਾਜ਼ਮ ਤਾਂ ਆਪਣੇ ਆਪ ਨੂੰ ਜ਼ਿੰਮੇਵਾਰੀ ਤੋਂ ਫਾਰਗ ਸਮਝਦੇ ਹੋਣਗੇ ਪਰ ਅਜਿਹਾ ਕਰਨ ਨਾਲ 2015 ਵਿੱਚ ਬਣੀਆਂ ਇਨ੍ਹਾਂ ਗੋਲੀਆਂ ਦੀ ਵਰਤੋਂ ਤਰੀਕ ਵੀ ਪਿਛਲੇ ਮਹੀਨੇ ਜੁਲਾਈ ਵਿੱਚ ਖਤਮ ਹੋ ਗਈ ਹੈ।
ਦੂਜੇ ਪਾਸੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵੱਲੋਂ ਸਮੂਹ ਸਕੂਲਾਂ ਨੂੰ 10 ਅਗਸਤ ਨੂੰ ਮੁੜ ਪਹਿਲੀ ਤੋਂ ਬਾਰ੍ਹਵੀਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਪੇਟ ਦੇ ਕੀੜਿਆਂ ਦੀ ਰੋਕਥਾਮ ਲਈ ਐਲਬੈਂਡਾਜ਼ੋਲ ਦੀ ਖੁਰਾਕ ਦੇਣ ਦੀਆਂ ਹਦਾਇਤਾਂ ਆ ਗਈਆਂ ਹਨ। ਕਈ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਨੇ ਆਪਣਾ ਨਾਮ ਨਾ ਲਿਖਣ ਦੀ ਸ਼ਰਤ ’ਤੇ ਦੱਸਿਆ ਕਿ ਇਹ ਗੋਲੀਆਂ ਮਾਹਿਰਾਂ ਦੀ ਨਿਗਰਾਨੀ ਹੇਠ ਬੱਚਿਆਂ ਨੂੰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਕਿਉਂਕਿ ਇਨ੍ਹਾਂ ਦੇ ਖਾਣ ਨਾਲ ਬੱਚਿਆਂ ਨੂੰ ਨੁਕਸਾਨ ਵੀ ਹੋ ਸਕਦਾ ਹੈ।
ਜ਼ਿਲ੍ਹਾ ਟੀਕਾਕਰਨ ਅਫਸਰ ਡਾ. ਜਸਬੀਰ ਸਿੰਘ ਅਨੁਸਾਰ ਡੀ-ਵੌਰਮਿੰਗ ਲਈ ਇੱਕੋ ਦਿਨ ਨਿਰਧਾਰਿਤ ਕੀਤਾ ਗਿਆ ਹੈ। ਇਸ ਤਹਿਤ ਲੁਧਿਆਣਾ ਵਿੱਚ 8 ਲੱਖ ਬੱਚਿਆਂ ਨੂੰ ਇੱਕੋ ਸਮੇਂ ਮਾਹਿਰਾਂ ਦੀ ਨਿਗਰਾਨੀ ਹੇਠ ਇਹ ਖੁਰਾਕ ਦੇਣੀ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਅਧਿਆਪਕਾਂ ਨੂੰ ਅਗਾਊਂ ਜਾਣਕਾਰੀ ਦੇ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 10 ਅਗਸਤ ਲਈ 22 ਰੈਪਿਡ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਜੋ ਮੁਹਿੰਮ ਦੀ ਨਿਗਰਾਨੀ ਕਰਨਗੀਆਂ।