ਭਾਈ ਰਣਜੀਤ ਸਿੰਘ ਦੀ ਪਾਰਟੀ ਦਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਬਾਦਲ ਦਲ 'ਚ ਸ਼ਾਮਲ

ਸਿਆਸੀ ਖਬਰਾਂ

ਭਾਈ ਰਣਜੀਤ ਸਿੰਘ ਦੀ ਪਾਰਟੀ ਦਾ ਦਿੱਲੀ ਕਮੇਟੀ ਮੈਂਬਰ ਹਰਜਿੰਦਰ ਸਿੰਘ ਬਾਦਲ ਦਲ ‘ਚ ਸ਼ਾਮਲ

By ਸਿੱਖ ਸਿਆਸਤ ਬਿਊਰੋ

August 05, 2017

ਨਵੀਂ ਦਿੱਲੀ: ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਦੀ ਪਾਰਟੀ ਅਕਾਲ ਸਹਾਇ ਵੈਲਫੇਅਰ ਸੁਸਾਇਟੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ’ਚ ਵਾਰਡ ਨੰਬਰ 21 ਖਿਆਲਾ ਤੋਂ ਮੈਂਬਰ ਚੁਣੇ ਗਏ ਹਰਜਿੰਦਰ ਸਿੰਘ ਨੇ ਅੱਜ (5 ਅਗਸਤ) ਬਾਦਲ ਦਲ ‘ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਭਾਈ ਰਣਜੀਤ ਸਿੰਘ ਦੇ 2017 ਕਮੇਟੀ ਚੋਣਾਂ ’ਚ ਦੋ ਮੈਂਬਰ ਚੋਣ ਜਿੱਤੇ ਸਨ। ਇਨ੍ਹਾਂ ਵਿਚੋਂ ਇਕ ਹਰਜਿੰਦਰ ਸਿੰਘ ਨੇ ਬੀਤੇ ਐਤਵਾਰ ਨੂੰ ਹੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਵਿਸ਼ਨੂੰ ਗਾਰਡਨ ਮੱਦੀ ਵਾਲੀ ਗੱਲੀ ਦੇ ਪ੍ਰਧਾਨ ਦੀ ਚੋਣ ਵੀ ਜਿੱਤੀ ਸੀ।

ਅੱਜ ਸਿਆਸਤ ਦੇ ਰੰਗ ਦਿਖਾਉਂਦੇ ਹੋਏ ਹਰਜਿੰਦਰ ਸਿੰਘ ਨੇ ਆਪਣੇ ਸਾਥੀਆਂ ਸਣੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਦਫ਼ਤਰ ਪੁੱਜ ਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ’ਚ ਆਪਣਾ ਪੂਰਾ ਭਰੋਸਾ ਜਤਾਉਂਦੇ ਹੋਏ ਬਾਦਲ ਦਲ ’ਚ ਸ਼ਮੂਲੀਅਤ ਕਰ ਲਈ। ਸ਼ਾਮਲ ਹੋਣ ਵਾਲਿਆਂ ‘ਚ ਹਰਜਿੰਦਰ ਸਿੰਘ ਤੋਂ ਅਲਾਵਾ ਸਤਪਾਲ ਸਿੰਘ ਜਨਰਲ ਸਕੱਤਰ ਅਤੇ ਖਜ਼ਾਨਚੀ ਜਸਵਿੰਦਰ ਸਿੰਘ ਨੇ ਜੀ.ਕੇ ਅਤੇ ਸਿਰਸਾ ਦੀ ਅਗਵਾਈ ‘ਚ ਕੀਤੇ ਜਾ ਰਹੇ ਕੰਮਾਂ ਨੂੰ ਪਸੰਦ ਕਰਦੇ ਹੋਏ ਭਾਈ ਰਣਜੀਤ ਸਿੰਘ ਦਾ ਸਾਥ ਛੱਡਣ ਦਾ ਐਲਾਨ ਕੀਤਾ।

ਦਿੱਲੀ ਕਮੇਟੀ ਵਲੋਂ ਜਾਰੀ ਪ੍ਰੈਸ ਬਿਆਨ ‘ਚ ਉਪਰੋਕਤ ਜਾਣਕਾਰੀ ਦਿੰਦੇ ਹੋਏ ਜੀ.ਕੇ. ਨੇ ਹਰਜਿੰਦਰ ਸਿੰਘ ਨੂੰ ‘ਜੀ ਆਇਆਂ’ ਕਹਿੰਦੇ ਹੋਏ ‘ਅਹਿਮ’ ਸੇਵਾ ਦੇਣ ਦਾ ਇਸ਼ਾਰਾ ਕੀਤਾ। ਜੀ.ਕੇ. ਨੇ ਕਿਹਾ ਕਿ ਹਰਜਿੰਦਰ ਸਿੰਘ ਨੇ ਪਹਿਲੇ ਵੀ ਬਤੌਰ ਕਮੇਟੀ ਮੈਂਬਰ ਦਿੱਲੀ ਕਮੇਟੀ ’ਚ ਬੀਤੇ 4 ਸਾਲ ਸੇਵਾਵਾਂ ਨਿਭਾਈਆਂ ਹਨ ਅਤੇ ਉਨ੍ਹਾਂ ਦੇ ਆਉਣ ਨਾਲ ਬਾਦਲ ਦਲ ਦਿੱਲੀ ‘ਚ ਹੋਰ ਮਜਬੂਤ ਹੋਇਆ ਹੈ। ਹਰਜਿੰਦਰ ਸਿੰਘ ਨੇ ਪਾਰਟੀ ’ਚ ਆਪਣੀ ਵਾਪਸੀ ਨੂੰ ਘਰ ਵਾਪਸੀ ਦੱਸਿਆ। ਇਸ ਮੌਕੇ ਕਮੇਟੀ ਦੇ ਜੁਆਇੰਟ ਸਕੱਤਰ ਅਮਰਜੀਤ ਸਿੰਘ ਫਤਿਹ ਨਗਰ, ਕਮੇਟੀ ਮੈਂਬਰ ਪਰਮਜੀਤ ਸਿੰਘ ਰਾਣਾ, ਹਰਵਿੰਦਰ ਸਿੰਘ ਕੇ.ਪੀ. ਅਤੇ ਚਮਨ ਸਿੰਘ ਮੌਜੂਦ ਸਨ।

ਜ਼ਿਕਰਯੋਗ ਹੈ ਕਿ 2017 ਕਮੇਟੀ ਚੋਣਾਂ ਤੋਂ ਐਨ ਪਹਿਲਾਂ ਕਮੇਟੀ ਮੈਂਬਰ ਹਰਜਿੰਦਰ ਅਤੇ ਜੀਤ ਸਿੰਘ ਖੋਖਰ ਨੇ ਭਾਈ ਰਣਜੀਤ ਸਿੰਘ ਦੀ ਪਾਰਟੀ ’ਚ ਸ਼ਾਮਲ ਹੋ ਕੇ ਚੋਣ ਲੜੀ ਸੀ ਜਿਸ ਵਿਚ ਹਰਜਿੰਦਰ ਸਿੂੰਘ ਨੂੰ ਜਿੱਤ ਅਤੇ ਖੋਖਰ ਨੂੰ ਹਾਰ ਪ੍ਰਾਪਤ ਹੋਈ ਸੀ। ਚੋਣਾਂ ਤੋਂ ਐਨ ਪਹਿਲਾਂ ਪਾਰਟੀ ਨੂੰ ਧੋਖਾ ਦੇਣ ਦਾ ਹਵਾਲਾ ਦੇ ਕੇ ਬਾਦਲ ਦਲ ਨੇ ਹਰਜਿੰਦਰ ਸਿੰਘ ਅਤੇ ਖੋਖਰ ਨੂੰ ਉਸ ਵੇਲੇ 6 ਸਾਲ ਲਈ ਪਾਰਟੀ ਤੋਂ ਬਰਖਾਸ਼ਤ ਕਰ ਦਿੱਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: