ਅੰਮ੍ਰਿਤਸਰ: ਪੰਜਾਬ ਦੇ ਸਾਬਕਾ ਡੀ.ਜੀ.ਪੀ. ਸ਼ਸ਼ੀ ਕਾਂਤ ਨੇ ਕਿਹਾ ਕਿ ਉਹ ਪੰਜਾਬ ਦੀ ਥਾਂ ਹੋਰ ਕਿਸੇ ਸੂਬੇ ਵਿਚ ਨਸ਼ਿਆਂ ਦੇ ਮੁੱਦੇ ‘ਤੇ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਕਿਸੇ ਵੀ ਸਿਆਸੀ ਪਾਰਟੀ ਅਤੇ ਪੰਜਾਬੀਆਂ ਕੋਲੋਂ ‘ਭਰਵਾਂ ਸਮਰਥਨ ਨਾ ਮਿਲਣ’ ਕਾਰਨ ਉਹ ਨਿਰਾਸ਼ ਹਨ। ਸ਼ਸ਼ੀ ਕਾਂਤ ਨੇ ਪੰਜਾਬ ਦੀ ਥਾਂ ਹੋਰ ਸੂਬਿਆਂ ਜੰਮੂ ਕਸ਼ਮੀਰ ਤੇ ਬਿਹਾਰ ਆਦਿ ਵਿੱਚ ਅਜਿਹੇ ਮੁੱਦਿਆਂ ਵਾਸਤੇ ਕੰਮ ਕਰਨ ਨੂੰ ਤਰਜੀਹ ਦੇਣ ਦਾ ਫੈਸਲਾ ਕੀਤਾ ਹੈ। ਇਹ ਗੱਲ ਉਨ੍ਹਾਂ ਨੇ ‘ਸਾਡਾ ਪੰਜਾਬ’ ਨਾਂ ਦੀ ਜਥੇਬੰਦੀ ਵੱਲੋਂ ਕਰਾਏ ਸਮਾਗਮ ਦੌਰਾਨ ਕਹੀ। ਉਨ੍ਹਾਂ ਕਿਹਾ ਕਿ ਉਹ ਨਸ਼ਿਆਂ ਦੇ ਮੁੱਦੇ ਸਬੰਧੀ ਹਰ ਸਿਆਸੀ ਪਾਰਟੀ ਨੂੰ ਮਿਲੇ, ਪਰ ਨਤੀਜਾ ‘ਸਿਫਰ’ ਹੈ। ਸੱਤਾ ਵਿੱਚ ਆਉਂਦਿਆਂ ਹੀ ਹਰ ਪਾਰਟੀ ਦੇ ਸਿਆਸਤਦਾਨਾਂ ਦੇ ਆਲੇ ਦੁਆਲੇ ‘ਦਾਗੀ’ ਲੋਕਾਂ ਦਾ ਘੇਰਾ ਬਣ ਜਾਂਦਾ ਹੈ, ਜਿਨ੍ਹਾਂ ਨੂੰ ਸਿਆਸਤਦਾਨ ਆਪਣੇ ਮੁਫਾਦਾਂ ਲਈ ਵਰਤਦੇ ਹਨ।
ਮੀਡੀਆ ਨਾਲ ਗੱਲਬਾਤ ਦੌਰਾਨ ਸਾਬਕਾ ਡੀਜੀਪੀ ਨੇ ਦੱਸਿਆ ਕਿ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਸਿਆਸਤਦਾਨਾਂ ਤੇ ਹੋਰਨਾਂ ਦੇ ਨਾਵਾਂ ਵਾਲੀ ਇੱਕ ਸੂਚੀ ਸਰਕਾਰ ਨੂੰ ਦਿੱਤੀ ਸੀ, ਜਿਸ ’ਤੇ ਕੋਈ ਕਾਰਵਾਈ ਨਹੀਂ ਹੋਈ। ਇਸ ਮਾਮਲੇ ਨੂੰ ਜਦੋਂ ਅਦਾਲਤ ਵਿੱਚ ਲਿਜਾਇਆ ਗਿਆ ਤਾਂ ਪੰਜਾਬ ਸਰਕਾਰ ਨੇ ਇਸ ਸੂਚੀ ਬਾਰੇ ਵੱਖ-ਵੱਖ ਬਿਆਨ ਦਿੱਤੇ ਤੇ ਇਸ ਸੂਚੀ ਨੂੰ ਅੱਖੋਂ ਪਰੋਖੇ ਕਰ ਦਿੱਤਾ ਗਿਆ। ਉਨ੍ਹਾਂ ਇਸ ਸਬੰਧੀ ਮੁੜ ਅਦਾਲਤ ਵਿੱਚ ਹਲਫੀਆ ਬਿਆਨ ਦਿੱਤਾ, ਜਿਸ ਦੇ ਆਧਾਰ ’ਤੇ 15 ਮਾਰਚ ਨੂੰ ਮੁੜ ਸੁਣਵਾਈ ਦੀ ਆਸ ਹੈ।
ਸ਼ਸ਼ੀਕਾਂਤ ਨੇ ਇਸ ਸੂਚੀ ਵਿੱਚ ਸ਼ਾਮਲ ਨਾਵਾਂ ਬਾਰੇ ਕੋਈ ਖੁਲਾਸਾ ਕਰਨ ਤੋਂ ਇਨਕਾਰ ਕਰਦਿਆਂ ਆਖਿਆ ਕਿ ਇਹ ਇਕ ਗੁਪਤ ਦਸਤਾਵੇਜ਼ ਹੈ। ਲੋਕ ਨਸ਼ਿਆਂ ਦੇ ਰੁਝਾਨ ਕਾਰਨ ਪ੍ਰੇਸ਼ਾਨ ਹਨ, ਪਰ ਇਸ ਮੁੱਦੇ ’ਤੇ ਕੋਈ ਅੱਗੇ ਆਉਣ ਨੂੰ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੌਮੀ ਪੱਧਰ ਦੀ ਸਿਹਤ ਸੰਸਥਾ ਵੱਲੋਂ ਨਸ਼ਿਆਂ ਸਬੰਧੀ ਕੁਝ ਅੰਕੜੇ ਜਾਰੀ ਕੀਤੇ ਗਏ, ਪਰ ਉਨ੍ਹਾਂ ਨੂੰ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਰੱਦ ਕਰ ਦਿੱਤਾ ਗਿਆ। ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਕ ‘ਪ੍ਰੈਸ਼ਰ ਗਰੁੱਪ’ ਤਿਆਰ ਕਰਨ ਅਤੇ ਜਿਹੜੀ ਵੀ ਪਾਰਟੀ ਸੱਤਾ ਵਿੱਚ ਆਵੇ, ਉਸ ’ਤੇ ਸ਼ੁਰੂ ਤੋਂ ਹੀ ਦਬਾਅ ਬਣਾ ਕੇ ਰੱਖਿਆ ਜਾਵੇ ਤਾਂ ਜੋ ਉਹ ਇਸ ਮਾਮਲੇ ਵਿੱਚ ਲੋਕ ਹਿੱਤਾਂ ਲਈ ਕੰਮ ਕਰੇ।
ਉਨ੍ਹਾਂ ਦੁਖ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬੀਆਂ ਦਾ ਕਿਰਦਾਰ ਸਿਰਫ਼ ਆਪਣੇ ਤੱਕ ਸੀਮਤ ਹੋ ਕੇ ਰਹਿ ਗਿਆ ਹੈ। ਜਦੋਂ ਕਿਸੇ ਪਰਿਵਾਰ ਨੂੰ ਇਸ ਕਾਰਨ ਪੀੜ ਹੁੰਦੀ ਹੈ ਤਾਂ ਉਹ ਖੜ੍ਹਾ ਹੁੰਦਾ ਹੈ, ਬਾਕੀ ਤਮਾਸ਼ਾ ਹੀ ਦੇਖਦੇ ਹਨ। ਉਹ ਹੁਣ ਪੰਜਾਬ ਨੂੰ ਛੱਡ ਜੰਮੂ ਕਸ਼ਮੀਰ ਅਤੇ ਬਿਹਾਰ ਆਦਿ ਵਿੱਚ ਇਨ੍ਹਾਂ ਮੁੱਦਿਆਂ ’ਤੇ ਕੰਮ ਕਰਨ ਨੂੰ ਤਰਜੀਹ ਦੇਣਗੇ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਪੰਜਾਬ ਨਾਲ ਹਮੇਸ਼ਾਂ ਜੁੜੇ ਰਹਿਣਗੇ। ਸ਼ਸ਼ੀ ਕਾਂਤ ਨੇ ਕਿਹਾ ਕਿ ਨਸ਼ਿਆਂ ਦੇ ਕਾਰੋਬਾਰ ਨੂੰ ਉਤਸ਼ਾਹਿਤ ਕਰਨ ਲਈ ਸੂਬੇ ਵਿੱਚ ਸਿਆਸਤਦਾਨਾਂ, ਅਫਸਰਸ਼ਾਹੀ ਅਤੇ ਸਮਾਜਕ ਪਾਰਟੀਆਂ ਦੀ ਮਿਲੀਭੁਗਤ ਹੈ। ਸਮਾਗਮ ਨੂੰ ਜਥੇਬੰਦੀ ਦੇ ਬਾਨੀ ਰਮੇਸ਼ ਗੁਪਤਾ, ਸ਼ੁਕਲਾ ਮਹਾਜਨ, ਸੌਬਰ ਦਾਊਦ, ਬਿਸ਼ਪ ਰਹਿਮਤ ਮਸੀਹ ਆਦਿ ਨੇ ਸੰਬੋਧਨ ਕੀਤਾ।