October 8, 2011 | By ਪਰਦੀਪ ਸਿੰਘ
ਫ਼ਤਿਹਗੜ੍ਹ ਸਾਹਿਬ (8 ਅਕਤੂਬਰ, 2011): ਅੱਜ ਬਠਿੰਡਾ ਵਿੱਚ ਅਪਣੀਆਂ ਮੰਗਾਂ ਨੂੰ ਲੈ ਕੇ ਇਕੱਤਰ ਹੋਏ ਈ.ਟੀ.ਟੀ. ਅੀਧਆਪਕਾਂ ਦੀ ਪੰਜਾਬ ਪੁਲਿਸ ਵਲੋਂ ਕੀਤੀ ਗਈ ਕੁੱਟਮਾਰ ਅਤੇ ਗ੍ਰਿਫ਼ਤਾਰੀਆਂ ਦੀ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਸਖ਼ਤ ਨਿੰਦਾ ਕੀਤੀ ਹੈ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਬਾਦਲ ਸਰਕਾਰ ਅਪਣੇ ਹੱਕ ਮੰਗਦੇ ਲੋਕਾਂ ਨੂੰ ਡੰਡੇ ਦੇ ਜ਼ੋਰ ਨਾਲ ਦਬਾਉਣ ਦੀ ਨੀਤੀ ’ਤੇ ਚੱਲ ਰਹੀ ਹੈ ਪਰ ਲੋਕ ਸਰਕਾਰ ਇਸ ਸਰਕਾਰ ਦੇ ਜ਼ਬਰ ਤੋਂ ਨਹੀਂ ਡਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ਦਾ ਹਰ ਵਰਗ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਦੁਖੀ ਹੈ। ਕਿਸਾਨ, ਕਿਰਤੀ, ਵਿਦਿਆਰਥੀ ਅਤੇ ਮੁਲਾਜ਼ਮ ਆਦਿ ਹਰ ਵਰਗ ਨੂੰ ਇਹ ਸਰਕਾਰ ਪੁਲਿਸੀਆ ਜ਼ਬਰ ਨਾਲ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇੱਥੋਂ ਤੱਕ ਕਿ ਇਸ ਸਰਕਾਰ ਨੇ ਅਪਣੇ ਹੱਕ ਮੰਗਦੀਆਂ ਲੋਕਾਂ ਦੀਆਂ ਧੀਆਂ ਨੂੰ ਵੀ ਸੜਕਾਂ ’ਤੇ ਘਸੀਟ-ਘਸੀਟ ਕੇ ਕੁੱਟਮਾਰ ਕਰਨ ਤੋਂ ਸ਼ਰਮ ਮਹਿਸੂਸ ਨਹੀਂ ਕੀਤੀ। ਉਕਤ ਆਗੂਆਂ ਨੇ ਕਿਹਾ ਕਿ ਪੰਜਾਬ ਦੇ ਹਰ ਵਰਗ ਦੇ ਲੋਕਾਂ ’ਤੇ ਕੀਤੇ ਗਏ ਇਸ ਜ਼ਬਰ ਦਾ ਖਮਿਆਜ਼ਾ ਬਾਦਲਕਿਆਂ ਨੂੰ ਅਗਾਮੀ ਸ਼੍ਰੋਮਣੀ ਕਮੇਟੀ ਚੋਣਾਂ ਵਿੱਚ ਭੁਗਤਣਾ ਪਵੇਗਾ। ਇਸ ਮੌਕੇ ਉਕਤ ਆਗੂਆਂ ਨਾਲ ਸਰਪੰਚ ਗੁਰਮੁਖ ਸਿੰਘ ਡਡਹੇੜੀ, ਹਰਪ੍ਰੀਤ ਸਿੰਘ ਹੈਪੀ ਤੇ ਭਗਵੰਤ ਸਿੰਘ ਮਹੱਦੀਆਂ ਆਦਿ ਵੀ ਹਾਜ਼ਰ ਸਨ।
Related Topics: Akali Dal Panch Pardhani, Bhai Harpal Singh Cheema (Dal Khalsa), ਭਾਈ ਹਰਪਾਲ ਸਿੰਘ ਚੀਮਾ