Paramjit Kaur showing the picture of her husband who went missing in year 1992 after some policemen picked him up from his residence in Amritsar .photo Sunil kumar

ਸਿੱਖ ਖਬਰਾਂ

7 ਸਾਲਾਂ ‘ਚ ਮਿਲ ਜਾਣ ਵਾਲਾ ਮੌਤ ਦਾ ਸਰਟੀਫਿਕੇਟ 25 ਸਾਲ ਬਾਅਦ ਮਿਲਿਆ

By ਸਿੱਖ ਸਿਆਸਤ ਬਿਊਰੋ

May 03, 2017

ਅੰਮ੍ਰਿਤਸਰ: ਗੋਲਡਨ ਐਵੀਨਿਊ ਵਾਸੀ ਬੀਬੀ ਪਰਮਜੀਤ ਕੌਰ ਸੇਠੀ, ਜਿਸ ਦਾ ਪਤੀ ਮਨਜੀਤ ਸਿੰਘ ਸੇਠੀ ਲਗਪਗ 25 ਸਾਲ ਪਹਿਲਾਂ ਲਾਪਤਾ ਹੋ ਗਿਆ ਸੀ, ਨੂੰ ਆਪਣੇ ਪਤੀ ਦੀ ਮੌਤ ਦਾ ਸਰਟੀਫਿਕੇਟ ਪ੍ਰਾਪਤ ਕਰਨ ਵਿਚ ਢਾਈ ਦਹਾਕੇ ਦਾ ਸਮਾਂ ਲੱਗ ਗਿਆ ਹੈ ਜਦੋਂ ਕਿ ਕਾਨੂੰਨੀ ਤੌਰ ’ਤੇ ਸੱਤ ਸਾਲ ਬਾਅਦ ਅਜਿਹਾ ਸਰਟੀਫਿਕੇਟ ਮਿਲ ਜਾਂਦਾ ਹੈ।

ਮਨਜੀਤ ਸਿੰਘ ਪੰਜਾਬ ਰਾਜ ਬਿਜਲੀ ਬੋਰਡ ਵਿਚ ਜੂਨੀਅਰ ਇੰਜਨੀਅਰ ਸੀ। 11 ਨਵੰਬਰ 1992 ਨੂੰ ਉਸ ਨੂੰ ਉਸ ਦੇ ਘਰੋਂ ਹੀ ਅਗਵਾ ਕਰ ਲਿਆ ਗਿਆ ਸੀ। ਅਗਵਾਕਾਰ ਪੁਲਿਸ ਵਰਦੀ ਵਿਚ ਸਨ। ਅਗਵਾ ਕੀਤੇ ਜਾਣ ਤੋਂ ਬਾਅਦ ਉਹ ਹੁਣ ਤੱਕ ਵਾਪਸ ਨਹੀਂ ਆਇਆ। ਉਸ ਦੀ ਪਤਨੀ ਪਰਮਜੀਤ ਕੌਰ ਨੇ ਆਪਣੇ ਪਤੀ ਦੇ ਲਾਪਤਾ ਹੋਣ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਾਉਣ ਦਾ ਯਤਨ ਕੀਤਾ ਪਰ ਉਸ ਦਾ ਯਤਨ ਸਫਲ ਨਾ ਹੋ ਸਕਿਆ।

ਇਹੀ ਕਾਰਨ ਸੀ ਕਿ ਉਸ ਨੂੰ 25 ਸਾਲ ਲੰਮੀ ਜੱਦੋ ਜਹਿਦ ਕਰਨੀ ਪਈ। ਉਸ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਅਗਵਾਹ ਕੀਤਾ ਗਿਆ, ਉਸ ਵੇਲੇ ਉਸ ਦੇ ਤਿੰਨ ਬੱਚੇ ਛੋਟੀ ਉਮਰ ਦੇ ਸਨ। ਬੇਟੀ ਛੇ ਸਾਲ ਦੀ, ਇਕ ਬੇਟਾ ਪੰਜ ਸਾਲ ਦਾ ਅਤੇ ਇਕ ਡੇਢ ਸਾਲ ਦਾ ਸੀ। ਉਸ ਨੂੰ ਇਕੱਲਿਆਂ ਘਰ ਛੱਡ ਕੇ ਪਤੀ ਦੀ ਭਾਲ ਕਰਨਾ ਵੀ ਔਖਾ ਕੰਮ ਸੀ। ਉਸ ਨੇ ਆਪਣੇ ਵਲੋਂ ਜਿੰਨੀ ਹੋ ਸਕਦੀ ਸੀ ਕੋਸ਼ਿਸ਼ ਕੀਤੀ। ਪਤੀ ਸਬੰਧੀ ਕੋਈ ਜਾਣਕਾਰੀ ਨਾ ਹੋਣ ਕਾਰਨ ਬਿਜਲੀ ਬੋਰਡ ਨੇ ਵੀ ਨਾ ਕੋਈ ਮਾਇਕ ਸਹਾਇਤਾ ਮੁਹੱਈਆ ਕੀਤੀ ਅਤੇ ਨਾ ਹੀ ਪਤੀ ਦੀਆਂ ਸੇਵਾਵਾਂ ਦੇ ਕੋਈ ਲਾਭ ਦਿੱਤੇ। ਲੰਮੇ ਅਰਸੇ ਮਗਰੋਂ ਜਦੋਂ ਪਤੀ ਦਾ ਕੋਈ ਥਹੁ ਪਤਾ ਨਾ ਲੱਗਾ ਤਾਂ ਉਸ ਨੇ ਪਤੀ ਦੀ ਮੌਤ ਦਾ ਸਰਟੀਫਿਕੇਟ ਬਣਾਉਣ ਦਾ ਯਤਨ ਕੀਤਾ ਪਰ ਕੋਈ ਸੁਣਵਾਈ ਨਾ ਹੋਈ। ਮਗਰੋਂ 2013 ਵਿਚ ਮਨੁੱਖੀ ਅਧਿਕਾਰ ਸੰਗਠਨ ਦੀ ਮਦਦ ਨਾਲ ਅਦਾਲਤ ਵਿਚ ਕੇਸ ਦਾਇਰ ਕੀਤਾ ਅਤੇ ਤਿੰਨ ਸਾਲਾਂ ਮਗਰੋਂ ਅਦਾਲਤ ਨੇ ਪਰਮਜੀਤ ਕੌਰ ਨੂੰ ਪਤੀ ਦੀ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਦਾ ਹੁਕਮ ਦਿੱਤਾ। ਹੁਣ ਪਤੀ ਦੀ ਮੌਤ ਦਾ ਸਰਟੀਫਿਕੇਟ ਮਿਲਣ ਮਗਰੋਂ ਉਹ ਬੀਮੇ ਦੀ ਰਾਸ਼ੀ, ਬਿਜਲੀ ਬੋਰਡ ਵਿਚ ਕੀਤੀ ਸੇਵਾ ਦੇ ਲਾਭ ਪ੍ਰਾਪਤ ਕਰਨ ਲਈ ਯਤਨ ਕਰੇਗੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Enforced Disappearances in Punjab: Family of Amritsar Man Gets Death Certificate After 25 Years …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: