ਫਤਿਹਗੜ੍ਹ ਸਾਹਿਬ: ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਅਤੇ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਵਿਚ ਚੋਣ ਸਮਝੌਤਾ ਹੋ ਗਿਆ ਹੈ। ਇਸ ਦਾ ਐਲਾਨ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਸੀਨੀਅਰ ਆਗੂ ਸੰਕਰ ਸਿੰਘ ਸਹੋਤਾ ਨਾਲ ਸੋਮਵਾਰ ਜਲੰਧਰ ਦੇ ਅੰਬੇਦਕਰ ਭਵਨ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕਤਰ ਨਾਲ ਮੀਟਿੰਗ ਤੋਂ ਬਾਅਦ ਕੀਤਾ ਗਿਆ।
ਜਿਸ ਅਨੁਸਾਰ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਬਰਨਾਲਾ ਵਿਧਾਨ ਸਭਾ ਹਲਕੇ ਤੋਂ ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਮਾਨਸਾ ਤੋਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਭੁਲਥ ਤੋਂ ਰਜਿੰਦਰ ਸਿੰਘ ਫ਼ੌਜੀ ਦੀ ਮਦਦ ਕਰਨਗੇ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਫਗਵਾੜਾ ਤੋਂ ਉਮੀਦਵਾਰ ਤੁਲਸੀ ਰਾਮ ਖੋਸਲਾ, ਕਰਤਾਰਪੁਰ ਤੋਂ ਬੀਬੀ ਪਰਮਜੀਤ ਕੌਰ ਗਿਲ ਅਤੇ ਨਕੋਦਰ ਤੋਂ ਬੀਬੀ ਇੰਦਰ ਕੌਰ ਦੀ ਮਦਦ ਕਰਨਗੇ। ਆਉਣ ਵਾਲੇ ਦਿਨਾਂ ਵਿਚ ਬੀਐਸਪੀ ਅੰਬੇਦਕਰ (ਦੇਵੀ ਦਾਸ ਨਾਹਰ) ਦੇ ਅਤੇ ਪਾਰਟੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨਾਲ ਹੋਣ ਵਾਲੀ ਅਗਲੀ ਗਲਬਾਤ ਉਪਰੰਤ ਬਾਕੀ ਸਥਾਨਾਂ ‘ਤੇ ਵੀ ਹੋਣ ਵਾਲੇ ਸਮਝੋਤੇ ਦਾ ਐਲਾਨ ਹੋ ਜਾਵੇਗਾ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਦਫਤਰ ਤੋਂ ਜਾਰੀ ਪ੍ਰੈਸ ਬਿਆਨ ‘ਚ ਇਕਬਾਲ ਸਿੰਘ ਟਿਵਾਣਾ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਰਾਮਪੁਰਾ ਫੂਲ (ਬਠਿੰਡਾ) ਸੀਟ ਤੋਂ ਆਜ਼ਾਦ ਉਮੀਦਵਾਰ ਗੁਰਪ੍ਰੀਤ ਸਿੰਘ ਸਿੱਧੂ, ਮਹਿਰਾਜ ਨੂੰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਹਿਯੋਗੀ ਜਥੇਬੰਦੀਆਂ ਵੱਲੋਂ ਖੁਲ੍ਹੇ ਰੂਪ ਵਿਚ ਮਦਦ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਗੁਰਪ੍ਰੀਤ ਸਿੰਘ ਸਿੱਧੂ, ਮਹਿਰਾਜ ਦੀ ਜਿੱਤ ਲਈ ਕੋਈ ਕਸਰ ਨਾ ਛਡਣ ਅਤੇ ਆਪਣੀਆ ਜ਼ਿੰਮੇਵਾਰੀਆਂ ਪੂਰਨ ਕਰਨ।