February 26, 2010 | By ਸਿੱਖ ਸਿਆਸਤ ਬਿਊਰੋ
ਭਾਰਤ ਇਕ ਲੋਕ ਤੰਤਰ ਦੇਸ਼ ਹੈ। ਇਥੋਂ ਦੇ ਵੋਟਰ ਕੇਂਦਰ ਦੀ ਸਰਕਾਰ ਅਤੇ ਸੂਬਿਆਂ ਦੀਆਂ ਸਰਕਾਰਾਂ ਆਪਣੀ ਵੋਟ ਪਰਚੀ ਨਾਲ ਚੁਣਦੇ ਹਨ। ਜਦੋਂ ਵੀ ਪੰਜ ਸਾਲ ਬਾਅਦ ਸਰਕਾਰ ਚੁਣੀ ਜਾਣੀ ਹੋਵੇ ਤਾਂ ਇਸ ਚੋਣ ਵਿਚ ਭਾਗ ਲੈਣ ਵਾਲੀਆਂ ਪਾਰਟੀਆਂ ਆਪੋ ਆਪਣੇ ਚੋਣ ਮੈਨੀਫੈਸਟੋ ਜਾਰੀ ਕਰਦੀਆਂ ਹਨ ਜਿਸ ਵਿਚ ਲਿਖਿਆ ਹੁੰਦਾ ਹੈ ਕਿ ਉਹ ਲੋਕਾਂ ਨੂੰ ਐਹ ਐਹ ਸਹੂਲਤਾਂ ਦੇਣਗੀਆਂ। ਇਸ ਤਰਾਂ ਸ: ਬਾਦਲ ਨੇ ਵੀ ਇਕ ਚੋਣ ਮੈਨੀਫੈਸਟੋ ਦਿੱਤਾ ਸੀ ਜਿਸ ਵਿਚ ਕਈ ਤਰਾਂ ਦੇ ਸਬਜ਼ਬਾਗ ਵਿਖਾਏ ਗਏ ਸਨ।
ਪੰਜਾਬ ਵਿਚ ਤਿੰਨ ਸਾਲ ਪਹਿਲਾਂ ਸੂਬਾ ਸਰਕਾਰ ਦੀ ਚੋਣ ਹੋਈ ਅਤੇ ਲੋਕਾਂ ਨੇ ਅਕਾਲੀ ਦਲ ਬਾਦਲ ਦੇ ਹੱਕ ਵਿਚ ਫਤਵਾ ਦਿੱਤਾ। ਚੌਥੀ ਵਾਰ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨ ਦਾ ਸੁਭਾਗ ਪ੍ਰਾਪਤ ਹੋਇਆ। ਲੋਕਾਂ ਨੂੰ ਇਸ ਸਰਕਾਰ ਤੇ ਬੜੀਆਂ ਆਸਾਂ ਸਨ ਕਿ ਇਹ ਸਰਕਾਰ ਉਨਾ ਦਾ ਕੁੱਝ ਸੰਵਾਰੇਗੀ ਪਰ ਸ: ਬਾਦਲ ਸਭ ਕੁੱਝ ਭੁੱਲਕੇ ਪੁੱਤਰ ਮੋਹ ਵਿਚ ਪੈ ਗਏ ਅਤੇ ਉਨ੍ਹਾ ਨੇ ਆਪਣੇ ਬੇਟੇ ਸ: ਸੁਖਬੀਰ ਸਿੰਘ ਬਾਦਲ ਨੂੰ ਆਪਣੇ ਜਿਉਂਦੇ ਜੀ ਕਮਾਨ ਸੰਭਾਲਣ ਦੀ ਠਾਣ ਲਈ। ਇਸ ਕੋਸ਼ਿਸ਼ ਵਜੋਂ ਸ: ਸੁਖਬੀਰ ਸਿੰਘ ਨੂੰ ਅਕਾਲੀ ਦਲ ਦਾ ਪ੍ਰਧਾਨ ਥਾਪ ਦਿੱਤਾ ਗਿਆ। ਉਨ੍ਹਾ ਦੀ ਇਥੇ ਵੀ ਸ਼ੰਤੁਸ਼ਟੀ ਨਾ ਹੋਈ ਤਾਂ ਸੁਖਬੀਰ ਨੂੰ ਪੰਜਾਬ ਦਾ ਡਿਪਟੀ ਮੁੱਖ ਮੰਤਰੀ ਥਾਪ ਦਿੱਤਾ। ਫੇਰ ਲੋਕ ਸਭਾ ਚੋਣਾ ਆਈਆਂ ਤਾਂ ਆਪਣੀ ਨੂੰਹ ਰਾਣੀ ਬੀਬੀ ਹਰਸਿਮਰਤ ਨੂੰ ਐਮ ਪੀ ਦੀ ਟਿਕਟ ਦੇ ਕੇ ਐਮ ਪੀ ਬਣਾ ਦਿੱਤਾ।
ਸ: ਬਾਦਲ ਦੇ ਮਨ ਦੀ ਇੱਛਾ ਹੈ ਕਿ ਉਹ ਸੁਖਬੀਰ ਨੂੰ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਾ ਵੇਖਣਾ ਚਾਹੁੰਦੇ ਹਨ। ਇਸ ਸੰਬੰਧੀ ਕਈਵਾਰ ਚਰਚਾ ਸੁਣਨ ਵਿਚ ਆਈ ਪਰ ਅਜੇ ਤੱਕ ਇਸ ਆਸ ਨੂੰ ਕਈ ਕਾਰਨਾ ਕਰਕੇ ਬੂਰ ਨਹੀਂ ਪਿਆ। ਇਸ ਮੋਹ ਵਿਚ ਪੈ ਕੇ ਸ: ਬਾਦਲ ਲੋਕਾਂ ਦੇ ਧੀਆਂ ਪੁੱਤਰਾਂ ਦਾ ਖਿਆਲ ਭੁੱਲ ਗਏ ਅਤੇ ਤਿੰਨ ਸਾਲ ਦੇ ਸਮੇਂ ਵਿਚ ਅਜੇ ਤੱਕ ਲੱਖਾਂ ਬੇਰੁਜ਼ਗਾਰਾਂ ਵਿਚੋਂ ਸੈਂਕੜੇ ਨੌਜਵਾਨਾ ਨੂੰ ਵੀ ਨੌਕਰੀਆਂ ਦੇ ਮੌਕੇ ਨਹੀਂ ਦੇ ਸਕੇ। ਕਿਸਾਨਾ ਦੀਆਂ ਜਿਨਸਾਂ ਮੰਡੀਆਂ ਵਿਚ ਰੁਲਦੀਆਂ ਆ ਰਹੀਆਂ ਹਨ,ਮੁਲਾਜ਼ਮ ਵਰਗ ਸੜਕਾਂ ਤੇ ਆ ਨਿੱਕਲਿਆ ਹੈ। ਬਿਜਲੀ ਦਾ ਪੰਜਾਬ ਚ ਮੰਦਾ ਹਾਲ ਹੈ,ਕਿਸਾਨ ਰੋ ਰਿਹਾ ਹੈ ਸਨਅਤਕਾਰ ਰੋ ਰਿਹਾ ਹੈ। ਅਮਨ ਕਾਨੂੰਨ ਦੀ ਸਥਿੱਤੀ ਵਿਗੜੀ ਹੋਈ ਹੈ। ਦਿਨ ਦਿਹਾੜੇ ਲੁੱਟਾਂ ਖੋਹਾਂ,ਡਾਕੇ ਪੈ ਰਹੇ ਨੇ,ਅਦਾਲਤਾਂ ਵਿਚ ਜੱਜਾਂ ਨੂੰ ਪਿਸਤੌਲ ਵਿਖਾਏ ਜਾ ਰਹੇ ਹਨ। ਖਜ਼ਾਨਾ ਖਾਲੀ ਹੋਣ ਦੀ ਦੁਹਾਈ ਪਾ ਕੇ ਆਮ ਲੋਕਾਂ ਤੇ ਟੈਕਸਾਂ ਦਾ ਭਾਰ ਪਾ ਦਿੱਤਾ ਗਿਆ ਹੈ, ਸਾਰਾ ਪੰਜਾਬ ਟੈਕਸ ਭਰ ਰਿਹਾ ਹੈ, ਪਰ ਸ: ਬਾਦਲ ਦਾ ਖਜ਼ਾਨੇ ਵਿਚ ਇਕ ਹੱਥ ਘਰ ਦੀ ਆਮਦਨ ਵਧਾਉਣ ਵਿਚ ਅਤੇ ਇਕ ਹੱਥ ਲੰਬੀ ਤੇ ਗਿੱਦੜਬਹਾ ਸੀਟ ਨੂੰ ਮੁੜ ਤੋਂ ਪੱਕਿਆਂ ਕਰਨ ਵਿਚ ਲੱਗਾ ਹੋਇਆ ਹੈ।
ਇਕ ਪਾਸੇ ਮਾਲਵੇ ਦੇ ਲੋਕ ਕੈਂਸਰ ਅਤੇ ਕਾਲੇ ਪੀਲੀਏ ਦੀ ਬੀਮਾਰੀ ਨਾਲ ਮਰ ਰਹੇ ਹਨ ਅਤੇ ਉਨ੍ਹਾ ਦੇ ਇਲਾਜ ਲਈ ਕੋਈ ਵਧੀਆ ਹਸਪਤਾਲ ਨਹੀਂ ਪਰ ਦੂਜੇ ਪਾਸੇ ਸ: ਬਾਦਲ ਨੇ ਆਪਣੇ ਪਿੰਡ ਬਾਦਲ ਵਿਚ ਘੋੜਿਆਂ ਦਾ ਹਸਪਤਾਲ ਬਣਾ ਦਿੱਤਾ ਹੈ ਕਿਉਂ ਕਿ ਸ: ਬਾਦਲ ਕੋਲ ਬਹੁਤ ਕੀਮਤੀ ਘੋੜੇ ਘੋੜੀਆਂ ਹਨ; ਮਤਾਂ ਕਿਤੇ ਕੋਈ ਨੁਕਸਾਨ ਨਾ ਹੋ ਜਾਵੇ। ਦੋਹਾਂ ਹੀ ਹਲਕਿਆਂ ਵਿਚ ਆਰ. ਓ. ਸਿਸਟਮ ਲਗਾਏ ਜਾ ਰਹੇ ਹਨ ਤਾਂ ਕਿ ਉਨ੍ਹਾ ਦੇ ਵੋਟਰ ਸਲਾਮਤ ਰਹਿਣ ਬਾਕੀ ਭਾਵੇਂ ਸਾਰਾ ਪੰਜਾਬ ਗੰਦਾ ਪਾਣੀ ਪੀ ਪੀ ਕੇ ਮਰ ਜਾਏ। ਇਨ੍ਹਾ ਹਲਕਿਆਂ ਵਿਚ ਕਿਧਰੇ ਡਿਗਰੀ ਕਾਲਜ, ਬਹੁਤਕਨੀਕੀ ਕਾਲਜ, ਆਦਰਸ਼ ਸਕੂਲ, ਯੂਨੀਵਰਸਿਟੀਆਂ, ਆਈ ਟੀ ਆਈ, ਮੰਡੀਆਂ, ਸੜਕਾਂ, ਬਿਜਲੀ ਘਰ, ਖੇਤੀ ਸੈਕਟਰ ਲਈ ਮੋਟਰਾਂ ਦੇ ਆਮ ਕੁਨੈਕਸ਼ਨ ਦਿੱਤੇ ਜਾ ਰਹੇ ਹਨ। ਜਦੋਂ ਕਿ ਦੂਜੇ ਪਾਸੇ ਸਾਰੇ ਪੰਜਾਬ ਦੇ ਕਿਸਾਨ ਮੋਟਰਾਂ ਦੇ ਕੁਨੈਕਸ਼ਨਾ ਨੂੰ ਤਰਸ ਰਹੇ ਹਨ, ਪਰ 25-30 ਸਾਲ ਦੇ ਜਨਰਲ ਕੁਨੈਕਸ਼ਨ ਬਕਾਇਆ ਪਏ ਹਨ ਜੋ ਅਜੇ ਤੱਕ ਕਿਸਾਨਾ ਨੂੰ ਨਹੀਂ ਮਿਲੇ ਅਤੇ ਨਾ ਅਜੇ ਕੋਈ ਮਿਲਣ ਦੀ ਆਸ ਹੈ।
ਪੂਰੇ ਪੰਜਾਬ ਵਿਚ ਸਿਹਤ ਅਤੇ ਸਿੱਖਿਆ ਵਿਚ ਨਿਘਾਰ ਆਇਆ ਹੋਇਆ ਹੈ, ਜਦੋਂ ਕਿ ਸ: ਬਾਦਲ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਗੇ। ਪਰ ਇਹ ਰਾਜ ਸਿਰਫ ਲੰਬੀ ਤੇ ਗਿੱਦੜਬਹਾ ਵਿਚ ਹੀ ਵੇਖਣ ਨੂੰ ਮਿਲ ਰਿਹਾ ਹੈ। ਇਕ ਹੋਰ ਖਬਰ ਅਨੁਸਾਰ ਸ: ਬਾਦਲ ਨੇ ਆਪਣੇ ਪੁਰਖਿਆਂ ਦੇ ਪਿੰਡ ਘੁੱਦਾ ਵਿਚ ਇਕ ਯੂਨੀਵਰਸਿਟੀ ਖੋਲ੍ਹਣ ਲਈ ਟਿੱਬਿਆਂ ਵਾਲੀ ਰੇਤਲੀ ਜ਼ਮੀਨ ਐਕੁਆਇਰ ਕੀਤੀ ਹੈ, ਜਿਸਦੀ ਸਰਕਾਰੀ ਕੀਮਤ 30 ਲੱਖ ਰੁਪਏ ਪ੍ਰਤੀ ਏਕੜ ਦਿੱਤੀ ਗਈ ਹੈ ਜਦੋਂ ਕਿ ਬਾਕੀ ਪੰਜਾਬ ਵਿਚ ਕਿਸਾਨਾ ਦੀਆਂ ਜ਼ਮੀਨਾ ਕੌਡੀਆਂ ਦੇ ਭਾਅ ਐਕੁਆਇਰ ਕੀਤੀਆਂ ਗਈਆਂ ਹਨ। ਇਸ ਕਰਕੇ ਲੋਕਾਂ ਨੇ ਹੁਣ ਤਾਂ ਇਹ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ, ‘ਅੰਨ੍ਹਾ ਵੰਡੇ ਸੀਰਨੀ ਮੁੜ ਮੁੜ ਆਪਣਿਆਂ ਨੂੰ ਦੇਵੇ’।
(ਲੇਖਕ: ਗੁਰਭੇਜ ਸਿੰਘ ਚੌਹਾਨ)
Related Topics: Badal Dal