ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਦਿ.ਸਿ.ਗੁ.ਪ੍ਰ.ਕ) ਨੇ 1984 ਦੀ ਸਿੱਖ ਨਸਲਕੁਸ਼ੀ ਦੇ ਕੇਸ ਵਿਚ ਦੋਸ਼ੀ ਪਾਏ ਗਏ ਸੱਜਣ ਕੁਮਾਰ ਦੀ ਜਮਾਨਤ ਅਰਜੀ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ।
ਦਿ.ਸਿ.ਗੁ.ਪ੍ਰ.ਕ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੱਜਣ ਕੁਮਾਰ ਸਿਆਸੀ ਤਾਕਤ ਤੇ ਅਸਰ-ਰਸੂਖ ਰੱਖਣ ਵਾਲਾ ਬੰਦਾ ਹੈ, ਜਿਸ ਨੇ 34 ਸਾਲ ਤੱਕ ਕਾਨੂੰਨ ਦਾ ਮਖੌਲ ਉਡਾਇਆ ਅਤੇ ਉਸ ਨੂੰ ਉਮਰ ਕੈਦ ਦੇਣ ਲੱਗਿਆਂ ਹਾਈਕੋਰਟ ਨੇ ਵੀ ਉਸ ਦੇ ਸਿਆਸੀ ਅਸਰ-ਰਸੂਕ ਦਾ ਜ਼ਿਕਰ ਕੀਤਾ ਹੈ। ਦਿ.ਸਿ.ਗੁ.ਪ੍ਰ.ਕ ਨੇ ਕਿਹਾ ਹੈ ਕਿ ਤਕਰੀਬਨ 6 ਹਫਤਿਆਂ ਬਾਅਦ ਹੋਣ ਵਾਲੀ ਉਸ ਦੀ ਜਮਾਨਤ ਅਰਜੀ ‘ਤੇ ਸੁਣਵਾਈ ਦੌਰਾਨ ਕਮੇਟੀ ਵਲੋਂ ਆਪਣੇ ਵਕੀਲ ਖੜ੍ਹੇ ਕਰਕੇ ਸੱਜਣ ਕੁਮਾਰ ਨੂੰ ਜਮਾਨਤ ਦੇਣ ਦਾ ਵਿਰੋਧ ਕੀਤਾ ਜਾਵੇਗਾ।
ਦਿ.ਸਿ.ਗੁ.ਪ੍ਰ.ਕ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਜੇਕਰ ਸੱਜਣ ਕੁਮਾਰ ਨੂੰ ਜਮਾਨਤ ਦੇ ਦਿੱਤੀ ਗਈ ਤਾਂ ਉਹ ਨਾ ਸਿਰਫ ਆਪਣੇ ਮੁਕਦਮੇਂ ਨੂੰ ਪ੍ਰਭਾਵਿਤ ਕਰੇਗਾ, ਬਲਕਿ ਸਿੱਖ ਕਤਲੇਆਮ ਨਾਲ ਸਬੰਧਤ ਹੋਰ ਮਾਮਲੇ ਜਿਹੜੇ ਸੁਣਵਾਈ ਦੇ ਵੱਖ-ਵੱਖ ਪੜਾਅ ‘ਤੇ ਹਨ ਉੱਤੇ ਵੀ ਅਸਰ ਪਾਵੇਗਾ।