ਬੰਗਾਲੀ ਮੂਲ ਦੇ ਸੱਚੇ-ਸੁੱਚੇ ਸਮਾਜ ਸੇਵੀ ਡਾਕਟਰ ਬਿਨਾਇਕ ਸੈਨ ਦਾ ਨਾਮ, ਹੁਣ ਭਾਰਤ ਦੀਆਂ ਹੱਦਾਂ ਨੂੰ ਪਾਰ ਕਰਕੇ, ਦੁਨੀਆ ਭਰ ਦੇ ਸੱਚਾਈ ਪਸੰਦ ਸਮਾਜ ਸੇਵੀਆਂ, ਮਨੁੱਖੀ ਹੱਕਾਂ ਦੇ ਰਾਖਿਆਂ ਅਤੇ ਸ਼ੋਸ਼ਤ ਸਮਾਜਿਕ ਵਰਗਾਂ ਲਈ ਸੰਘਰਸ਼ ਕਰਨ ਵਾਲਿਆਂ ਲਈ ‘ਪ੍ਰੇਰਨਾ ਸ੍ਰੋਤ’ ਬਣ ਚੁੱਕਾ ਹੈ। ਸੈਨ ਜੋੜੀ (ਪਤੀ-ਪਤਨੀ) ਨੇ ਆਪਣੀ ਸਾਰੀ ਜ਼ਿੰਦਗੀ ਛੱਤੀਸਗੜ੍ਹ ਸਟੇਟ ਵਿੱਚ ਵਸਦੇ ਆਦਿ ਵਾਸੀਆਂ ਦੇ ਉਥਾਨ ਅਤੇ ਕਲਿਆਣ ਲਈ ਸਮਰਪਤ ਕੀਤੀ ਹੋਈ ਹੈ। ਕਿੱਤੇ ਵਜੋਂ ਉਹ ਮੈੇਡੀਕਲ ਡਾਕਟਰ (ਬੱਚਿਆਂ ਦੇ ਮਾਹਰ) ਹਨ ਪਰ ਛੱਤੀਸਗੜ੍ਹ ਦੀ ਸਰਕਾਰ, ਉਨ੍ਹਾਂ ਦੀ ਪ੍ਰਸਿੱਧੀ ਤੋਂ ਇੰਨੀ ਖੌਫਜ਼ਦਾ ਹੈ ਕਿ ਉਸ ਨੇ, ਡਾ. ਸੈਨ ਨੂੰ ਮਾਓਵਾਦੀਆਂ ਦਾ ਸਾਥੀ ਗਰਦਾਨ ਕੇ, ਉਨ੍ਹਾਂ ’ਤੇ ਦੇਸ਼ਧ੍ਰੋਹ ਦਾ ਮੁਕੱਦਮਾ ਦਾਇਰ ਕੀਤਾ ਹੋਇਆ ਹੈ। ਹਿੰਦੂਤਵੀ ਸਰਕਾਰ (ਛੱਤੀਸਗੜ੍ਹ ਵਿੱਚ ਬੀ. ਜੇ. ਪੀ. ਦੀ ਸਰਕਾਰ ਹੈ) ਨੇ, ਡਾਕਟਰ ਸੈਨ ਨੂੰ ਕਈ ਮਹੀਨੇ ਜੇਲ੍ਹ ਵਿੱਚ ਬੰਦ ਰੱਖਿਆ ਅਤੇ ਇਥੋਂ ਤੱਕ ਦੁਸ਼ਮਣੀ ਕੀਤੀ ਕਿ ਛੱਤੀਸਗੜ੍ਹ ਦੇ ਹਾਈਕੋਰਟ ਤੋਂ ਵੀ ਉਨ੍ਹਾਂ ਦੀ ਜ਼ਮਾਨਤ ਦੀ ਅਰਜ਼ੀ ਬਰਖਾਸਤ ਕਰਵਾ ਦਿੱਤੀ। ਦੁਨੀਆ ਭਰ ਵਿੱਚ ਡਾ. ਸੈਨ ਦੀ ਰਿਹਾਈ ਲਈ ਸੰਘਰਸ਼ ਵਿੱਢਿਆ ਗਿਆ, ਨਤੀਜੇ ਵਜੋਂ ਭਾਰਤ ਸਰਕਾਰ ਨੇ ਸੁਪਰੀਮ ਕੋਰਟ ਰਾਹੀਂ ਡਾ. ਸੈਨ ਦੀ ਜ਼ਮਾਨਤ ਮਨਜ਼ੂਰੀ ਨੂੰ ਯਕੀਨੀ ਬਣਾਇਆ। ਇਸ ਵੇਲੇ ਉਹ ਦੇਸ਼ਧ੍ਰੋਹ ਦੇ ਮੁਕੱਦਮੇ ਵਿੱਚ ਫਸੇ ਹੋਏ ਹਨ ਪਰ ‘ਜ਼ਮਾਨਤ’ ’ਤੇ ਉਨ੍ਹਾਂ ਦੀ ਰਿਹਾਈ ਸੰਭਵ ਹੋ ਸਕੀ ਹੈ।
ਸਾਊਥ ਕੋਰੀਆ ਦੀ ਇੱਕ ਪ੍ਰਮੁੱਖ ਮਨੁੱਖੀ ਹੱਕਾਂ ਦੀ ਸੰਸਥਾ ਨੇ ਇੱਕ ਸਲਾਨਾ ਐਵਾਰਡ ਰੱਖਿਆ ਹੋਇਆ ਹੈ, ਜਿਸ ਦਾ ਨਾਂ ਹੈ ‘ਗਵਾਂਗਜ਼ੂ ਐਵਾਰਡ ਫਾਰ ਹਿਊਮਨ ਰਾਈਟਸ। ਇਹ ਗਵਾਂਗਜ਼ੂ ਐਵਾਰਡ, ਹਰ ਸਾਲ ਕਿਸੇ ਵੱਡੀ ਉਸ ਸ਼ਖਸੀਅਤ ਨੂੰ ਦਿੱਤਾ ਜਾਂਦਾ ਹੈ, ਜਿਸ ਨੇ ਮਨੁੱਖੀ ਹੱਕਾਂ ਦੇ ਖੇਤਰ ਵਿੱਚ ਭਾਰੀ ਯੋਗਦਾਨ ਪਾਇਆ ਹੋਵੇ। ਇਸ ਵਰ੍ਹੇ ਦੇ ਇਨਾਮ ਲਈ ਉਨ੍ਹਾਂ ਨੇ ਡਾਕਟਰ ਬਿਨਾਇਕ ਸੈਨ ਨੂੰ ਚੁਣਿਆ। ਡਾਕਟਰ ਸੈਨ ਗਵਾਂਗਜ਼ੂ ਇਨਾਮ ਲੈਣ ਲਈ ਪਿਛਲੇ ਦਿਨੀਂ, ਸਾਊਥ ਕੋਰੀਆ ਪਹੁੰਚੇ। ਇਨਾਮ ਹਾਸਲ ਕਰਨ ਲੱਗਿਆਂ ਜਿਹੜਾ ਉਨ੍ਹਾਂ ਨੇ ਪ੍ਰਧਾਨਗੀ ਭਾਸ਼ਣ ਦਿੱਤਾ, ਉਹ ਬੜਾ ਦਲੇਰਾਨਾ ਅਤੇ ਅੱਖਾਂ ਖੋਲ੍ਹਣ ਵਾਲਾ ਹੈ, ਜਿਸ ਦੇ ਕੁਝ ਹਿੱਸੇ ਨੂੰ 27 ਜੂਨ ਦੀ ਇੰਗਲਿਸ਼ ਟ੍ਰਿਬਿਊਨ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਭਾਸ਼ਣ ਵਿੱਚ ਉਨ੍ਹਾਂ ਨੇ ਅਖੌਤੀ ਸ਼ਾਈਨਿੰਗ ਇੰਡੀਆ ਦੇ ਝੂਠ (ਮਿੱਥ) ਨੂੰ ਵੀ ਤਾਰ-ਤਾਰ ਕੀਤਾ ਅਤੇ ਭਾਰਤ ਵਿਚਲੇ ਆਦਿ-ਵਾਸੀਆਂ, ਦਲਿਤਾਂ, ਭੁੱਖੇ ਮਰ ਰਹੇ ਬੱਚਿਆਂ ਦੀ ਕਹਾਣੀ ਨੂੰ ਵੀ ਤੱਥਾਂ ਸਹਿਤ ਬਿਆਨ ਕੀਤਾ।
ਉਨ੍ਹਾਂ ਨੇ ਆਪਣੇ ਭਾਸ਼ਣ ਦੇ ਸ਼ੁਰੂ ਵਿੱਚ ਹੀ ਕਿਹਾ ਕਿ ‘‘ਦੁਨੀਆ ਭਰ ਵਿੱਚ ਭਾਰਤ ਨੂੰ, ਚੀਨ ਤੋਂ ਬਾਅਦ ਇੱਕ ਵੱਡੇ ਵਿਕਾਸਸ਼ੀਲ ਦੇਸ਼ ਵਜੋਂ ਵੇਖਿਆ ਜਾਂਦਾ ਹੈ, ਜਿਸ ਦੀ ਆਰਥਿਕਤਾ ਸਾਲਾਨਾ 8-9 ਫੀ ਸਦੀ ਦੀ ਦਰ ਨਾਲ ਵਿਕਾਸ ਕਰ ਰਹੀ ਹੈ ਅਤੇ ਜਿੱਥੇ ਏਸ਼ੀਆ ਦੇ ਸਭ ਤੋਂ ਜ਼ਿਆਦਾ ਅਰਬਾਂਪਤੀ (ਬਿਲੀਨੇਅਰ) ਰਹਿੰਦੇ ਹਨ। ਪਰ ਜਦੋਂ ਅਸੀਂ ਆਪਣੀਆਂ ਅੱਖਾਂ ਨਾਲ ਅਸਲੀ ਭਾਰਤ ਨੂੰ ਵੇਖਦੇ ਹਾਂ ਤਾਂ ਤਸਵੀਰ ਇਹੋ ਜਿਹੀ ਖੁਸ਼ਗਵਾਰ (ਰੋਜ਼ੀ) ਨਹੀਂ ਹੈ, ਜਿਵੇਂ ਕਿ ਬਿਆਨੀ ਜਾ ਰਹੀ ਹੈ। ਹਕੀਕਤ ਇਹ ਹੈ ਕਿ ਅੱਜ ਦੁਨੀਆ ਵਿਚਲੇ ਸਭ ਤੋਂ ਜ਼ਿਆਦਾ ਗਰੀਬ ਲੋਕਾਂ ਦੀ ਬਹੁਗਿਣਤੀ, ਭਾਰਤ ਵਿੱਚ ਵਸਦੀ ਹੈ। ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ (ਜਿਹੜੇ ਕਿ ਵਰ੍ਹਾ 1993-94 ਤੋਂ ਵਰ੍ਹਾ 2004-2005 ’ਤੇ ਅਧਾਰਤ ਹਨ) ਭਾਰਤ ਦੇ 836 ਮਿਲੀਅਨ (83 ਕਰੋੜ, 60 ਲੱਖ) ਲੋਕ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਹਨ ਭਾਵ ਉਨ੍ਹਾਂ ਦੀ ਰੋਜ਼ਾਨਾ ਔਸਤ ਆਮਦਨ 50 ਅਮਰੀਕੀ ਸੈਂਟਾਂ ਤੋਂ ਵੀ ਘੱਟ ਹੈ। ਇਸ ਤਰ੍ਹਾਂ 2010 ਵਿੱਚ ਆਕਸਫੋਰਡ/ਯੂ. ਐਨ. ਡੀ. ਪੀ., ਵਰਲਡ ਰਿਪੋਰਟ ਰਾਹੀਂ ਸਾਹਮਣੇ ਆਇਆ ਹੈ ਕਿ ਭਾਰਤ ਦੇ 8 ਸੂਬਿਆਂ ਵਿੱਚ, ਅਫਰੀਕਾ ਮਹਾਂਦੀਪ ਦੇ 26 ਅਫਰੀਕੀ ਦੇਸ਼ਾਂ ਦੀ ਕੁੱਲ ਅਬਾਦੀ ਨਾਲੋਂ ਜ਼ਿਆਦਾ ਲੋਕ ਗਰੀਬ ਲੋਕ ਵਸਦੇ ਹਨ। ਇਨ੍ਹਾਂ ਸੂਬਿਆਂ ਦੇ ਨਾਮ ਹਨ – ਬਿਹਾਰ, ਛੱਤੀਸਗੜ੍ਹ, ਝਾਰਖੰਡ, ਮੱਧ ਪ੍ਰਦੇਸ਼, ਉੜੀਸਾ, ਰਾਜਸਥਾਨ, ਉ¤ਤਰ ਪ੍ਰਦੇਸ਼ ਅਤੇ ਪੱਛਮੀ ਬੰਗਾਲ। ਇਨ੍ਹਾਂ ਸੂਬਿਆਂ ਦੀ ਕੁੱਲ ਅਬਾਦੀ 421 ਮਿਲੀਅਨ ਹੈ। ਇਹ ਅਬਾਦੀ 26 ਗਰੀਬ ਅਫਰੀਕੀ ਦੇਸ਼ਾਂ ਦੀ ਕੁੱਲ ਅਬਾਦੀ (410 ਮਿਲੀਅਨ) ਨਾਲੋਂ 11 ਮਿਲੀਅਨ ਜ਼ਿਆਦਾ ਹੈ। ਹੁਣ ਅੰਦਾਜ਼ਾ ਲਾ ਲਓ ਕਿ ਭਾਰਤ ਕਿੰਨਾ ਕੁ ਚਮਕ ਰਿਹਾ ਹੈ?’’
ਡਾਕਟਰ ਸੈਨ ਨੇ ਆਪਣੇ ਖੇਤਰ, ਸਿਹਤ ਸੇਵਾਵਾਂ ਦੇ ਹਵਾਲੇ ਨਾਲ ਗੱਲ ਕਰਦਿਆਂ ਕਿਹਾ – ‘‘ਇੱਕ ਡਾਕਟਰ ਅਤੇ ਖਾਸ ਕਰਕੇ ਬੱਚਿਆਂ ਦਾ ਡਾਕਟਰ ਹੋਣ ਦੇ ਨਾਤੇ ਜਿਹੜੀ ਮੇਰੀ ਵੱਡੀ ਚਿੰਤਾ ਹੈ, ਉਹ ਇਹ ਹੈ ਕਿ ਜਦੋਂ ਗਰੀਬੀ ਦੀ ਪੱਧਰ ਇੰਨੀ ਨੀਂਵੀਂ ਅਤੇ ਖੌਫਨਾਕ ਹੁੰਦੀ ਹੈ ਤਾਂ ਇਹ ਸਿਹਤ ਪੱਖ ਨੂੰ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀ ਹੈ ਅਤੇ ਇਸ ਨਾਲ ਨਸਲਕੁਸ਼ੀ (ਜੈਨੋਸਾਈਡ) ਹੁੰਦੀ ਹੈ। ਮੈਂ ਇਸ ਨੂੰ ਨਸਲਕੁਸ਼ੀ ਸਿਰਫ ਸ਼ਾਬਦਿਕ ਅਰਥ ਲਈ ਨਹੀਂ ਕਿਹਾ ਬਲਕਿ ਇਹ ਨਸਲਕੁਸ਼ੀ ਅਸਲੀਅਤ ਵਿੱਚ ਹੋ ਰਹੀ ਹੈ।’’ ਡਾ. ਸੈਨ ਨੇ ਇੰਡੀਅਨ ਨੈਸ਼ਨਲ ਨਿਊਟਰੀਸ਼ਨ ਮਾਨੀਟਰਿੰਗ ਬਿਊਰੋ ਦੇ ਅੰਕੜਿਆਂ (ਬੌਡੀ ਮਾਸ ਇੰਡੈਕਸ) ਦੇ ਹਵਾਲੇ ਨਾਲ ਇਸ ਨੂੰ ਨਸਲਕੁਸ਼ੀ ਸਾਬਤ ਕੀਤਾ, ਖਾਸ ਕਰਕੇ, ਆਦਿ ਵਾਸੀਆਂ ਤੇ ਦਲਿਤਾਂ ਦੇ ਮਾਮਲੇ ਵਿੱਚ। ਉਨ੍ਹਾਂ ਨੇ ਕਿਹਾ – ‘‘ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈ ਕਿ ਜੇ ਕਿਸੇ ਕਮਿਊਨਿਟੀ ਵਿੱਚ 40 ਫੀ ਸਦੀ ਲੋਕਾਂ ਦਾ ਬੌਡੀ ਮਾਸ ਇੰਡੈਕਸ, 18.5 ਫੀਸਦੀ ਤੋਂ ਹੇਠਾਂ ਹੋਏ ਤਾਂ ਉਨ੍ਹਾਂ ਨੂੰ ‘ਭੁੱਖਮਰੀ ਦੀ ਮਾਰ ਹੇਠ’ ਮੰਨਿਆ ਜਾ ਸਕਦਾ ਹੈ। ਜੇ ਅਸੀਂ ਭਾਰਤ ਦੇ ਆਦਿ ਵਾਸੀਆਂ ਅਤੇ ਦਲਿਤਾਂ ਨੂੰ ਵੇਖੀਏ ਤਾਂ 50 ਫੀ ਸਦੀ ਤੋਂ ਜ਼ਿਆਦਾ ਆਦਿ ਵਾਸੀ ਤੇ 60 ਫੀ ਸਦੀ ਤੋਂ ਜ਼ਿਆਦਾ ਦਲਿਤ ਵਰਗ ਦਾ ਬੌਡੀ ਮਾਸ ਇੰਡੈਕਸ 18.5 ਫੀ ਸਦੀ ਤੋਂ ਘੱਟ ਹੈ। ਇਸ ਤਰ੍ਹਾਂ ਉਹ ਭੁੱਖ ਮਰੀ ਦੀ ਮਾਰ ਹੇਠ ਹੋਣ ਕਰਕੇ, ਨਸਲਕੁਸ਼ੀ ਦਾ ਸ਼ਿਕਾਰ ਹੋ ਰਹੇ ਹਨ।’’
ਡਾ. ਸੈਨ ਨੇ ਬੱਚਿਆਂ ਦੀ ਤ੍ਰਾਸਦੀ ਇਉਂ ਬਿਆਨ ਕੀਤੀ – ‘‘5 ਸਾਲ ਤੋਂ ਘੱਟ ਉਮਰ ਦੇ 45 ਫੀ ਸਦੀ ਬੱਚੇ, ਘੱਟ ਪੌਸ਼ਟਿਕ ਖੁਰਾਕ ਕਾਰਨ ਹੋਣ ਕਰਕੇ ਬਿਮਾਰੀਆਂ ਦਾ ਸ਼ਿਕਾਰ ਹਨ। ਭਾਰਤ ਵਿੱਚ ਦੁਨੀਆ ਦੀ ਆਬਾਦੀ ਦੇ ਸਭ ਤੋਂ ਜ਼ਿਆਦਾ ਘੱਟ ਪੌਸ਼ਟਿਕ ਖੁਰਾਕ ’ਤੇ ਜਿਊਣ ਵਾਲੇ ਬੱਚੇ ਵਸਦੇ ਹਨ। ਯੂ. ਐਨ. ਦੀ ਸੰਸਥਾ ਯੂਨੀਸੈਫ ਮੁਤਾਬਿਕ ਭਾਰਤ ਵਿੱਚ ਹਰ ਸਾਲ 20 ਲੱਖ ਬੱਚੇ, ਘੱਟ ਪੌਸ਼ਟਿਕ ਖੁਰਾਕ ਦੀ ਵਜ੍ਹਾ ਕਰਕੇ ਹੋਣ ਵਾਲੀਆਂ ਬਿਮਾਰੀਆਂ ਨਾਲ ਮਰਦੇ ਹਨ।’’
ਡਾ. ਸੈਨ ਨੇ ਅਖੀਰ ਵਿੱਚ ਆਦਿ ਵਾਸੀਆਂ ਦੀ ਦਰਦ ਭਰੀ ਗਾਥਾ ਬਿਆਨ ਕੀਤੀ ਕਿ ਕਿਵੇਂ ਪਹਿਲਾਂ ਤੋਂ ਹੀ ਗਰੀਬੀ ਅਤੇ ਵਿਤਕਰਿਆਂ ਦੀ ਮਾਰ ਝੱਲ ਰਹੇ ਇਨ੍ਹਾਂ ਆਦਿ ਵਾਸੀਆਂ ਨੂੰ ਹੁਣ ਮਲਟੀਨੈਸ਼ਨਲ ਕੰਪਨੀਆਂ ਵਲੋਂ ਸਰਕਾਰ ਨਾਲ ਕੀਤੇ ਸਮਝੌਤਿਆਂ ਤਹਿਤ, ਆਪਣੇ ਘਰਾਂ, ਖੇਤਾਂ, ਜੰਗਲਾਂ ਤੋਂ ਉਜਾੜਿਆ ਜਾ ਰਿਹਾ ਹੈ। ਵਿਰੋਧ ਕਰਨ ਵਾਲਿਆਂ ਨੂੰ ਮਾਓਵਾਦੀ ਐਲਾਨ ਕੇ ਜ਼ੁਲਮ ਦਾ ਸ਼ਿਕਾਰ ਬਣਾਇਆ ਜਾਂਦਾ ਹੈ। ਛੱਤੀਸਗੜ੍ਹ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਦਿਵਾਸੀਆਂ ਤੋਂ ਖੋਹੀ ਗਈ ਜ਼ਮੀਨ ਖਨਨ ਲਈ (ਫਾਰ ਮਾਈਨਿੰਗ) ਜਾਂ ਵੱਡੇ ਵੱਡੇ ਸਟੀਲ ਅਤੇ ਪਾਵਰ ਪਲਾਂਟਾਂ ਲਈ, ਅੰਤਰਰਾਸ਼ਟਰੀ ਕੰਪਨੀਆਂ ਨੂੰ ਦੇ ਦਿੱਤੀ ਗਈ ਹੈ। ਜ਼ਿਲ੍ਹਾ ਬਸਤਰ ਵਿੱਚ ਲੱਖਾਂ ਲੋਕਾਂ ਨੂੰ ਉਜਾੜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਗਲੋਬਲ ਇਕੌਨਮੀ ਦੇ ਨਾਂ ਥੱਲੇ, ਚੱਲ ਰਹੀ ਇਸ ‘ਸੁਨਾਮੀ’ ਨੇ, ਕਰੋੜਾਂ ਲੋਕਾਂ ਨੂੰ ਬੇਘਰੇ ਕਰਨ ਅਤੇ ਘੁੱਟ – ਘੁੱਟ ਕੇ ਮਰਨ ਦਾ ਰਾਹ ਪੱਧਰਾ ਕਰ ਦਿੱਤਾ ਹੈ।
ਡਾ. ਸੈਨ ਨੇ ਬੜੀ ਦਲੇਰੀ ਨਾਲ ਸਾਊਥ ਕੋਰੀਆ ਦੇ ਲੋਕਾਂ ਨੂੰ ਵੰਗਾਰਦਿਆਂ ਕਿਹਾ ਕਿ ਤੁਹਾਡੀ ‘ਪੋਸਕੋ ਕੰਪਨੀ’ ਵਲੋਂ, ਉੜੀਸਾ ਵਿੱਚ 12 ਬਿਲੀਅਨ ਡਾਲਰ ਦਾ ਸਟੀਲ ਪਾਵਰ ਪਲਾਂਟ ਪ੍ਰਾਜੈਕਟ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਲਈ ਆਦਿ ਵਾਸੀਆਂ ਦੀ 5000 ਏਕੜ ਉਪਜਾਊ ਜ਼ਮੀਨ ਹਥਿਆਉਣ ਦਾ ਮਨਸੂਬਾ ਹੈ, ਕੁਝ ਹਥਿਆ ਵੀ ਲਈ ਗਈ ਹੈ। 30 ਹਜ਼ਾਰ ਤੋਂ ਜ਼ਿਆਦਾ ਲੋਕ ਬੇਘਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੋਸਕੋ ਕੰਪਨੀ ਦਾ ਪ੍ਰਾਜੈਕਟ ਹਰ ਹਾਲਤ ਵਿੱਚ ਰੋਕਿਆ ਜਾਣਾ ਚਾਹੀਦਾ ਹੈ, ਨਹੀਂ ਤਾਂ ਉਥੇ ਭਾਰੀ ਬਰਬਾਦੀ ਹੋਵੇਗੀ। ²
ਡਾ. ਸੈਨ ਨੇ ਅਖੀਰ ਵਿੱਚ ਕਿਹਾ – ‘ਮਨੁੱਖੀ ਹੱਕਾਂ ਲਈ ਮੈਨੂੰ ਦਿੱਤੇ ਜਾ ਰਹੇ ਗਵਾਂਗਜ਼ੂ ਐਵਾਰਡ ਦੀ ਸਪਿਰਟ ਇਹ ਮੰਗ ਕਰਦੀ ਹੈ ਕਿ ਅਸੀਂ ਹਰ ਕਿਸਮ ਦੇ ਮਨੁੱਖੀ ਹੱਕਾਂ ਦੇ ਘਾਣ ਦਾ ਵਿਰੋਧ ਕਰੀਏ ਭਾਵੇਂ ਇਹ ਕਿਤੇ ਵੀ ਹੋ ਰਿਹਾ ਹੋਵੇ ਅਤੇ ਇਸ ਦੀ ਕਿੰਨੀ ਵੀ ਕੀਮਤ ਕਿਉਂ ਨਾ ਅਦਾ ਕਰਨੀ ਪਵੇ। ਅਸੀਂ ਸ਼ਾਂਤੀ ਲਈ ਵਚਨਬੱਧ ਹਾਂ ਪਰ ਇਹ ਵੀ ਯਾਦ ਰੱਖੀਏ ਕਿ ਸਮਾਜਿਕ ਬਰਾਬਰੀ ਅਤੇ ਨਿਆਂ ਤੋਂ ਬਿਨਾਂ ਕਦੀ ਵੀ ਸ਼ਾਂਤੀ ਸੰਭਵ ਨਹੀਂ ਹੋ ਸਕਦੀ। ਮੈਨੂੰ ਵਿਸ਼ਵਾਸ਼ ਹੈ ਕਿ ਮੇਰੇ ਵਲੋਂ ਤੁਹਾਨੂੰ ਕੀਤੀ ਗਈ ਅਪੀਲ ਅਸਰਅੰਦਾਜ਼ ਹੋਵੇਗੀ ਅਤੇ ਸਾਊਥ ਕੋਰੀਆ ਦੇ ਲੋਕਾਂ ਦੀ ਹਮਦਰਦੀ ਅਤੇ ਸਮਰਥਨ ਭਾਰਤ ਦੇ ਦੱਬੇ-ਕੁਚਲੇ ਲੋਕਾਂ, ਅਤੇ ਏਸ਼ੀਆ ਅਤੇ ਸੰਸਾਰ ਦੇ ਹੋਰ ਲਿਤਾੜੇ ਲੋਕਾਂ ਨੂੰ ਹਮੇਸ਼ਾਂ ਮਿਲਦਾ ਰਹੇਗਾ।’
ਅਸੀਂ ਸਮਝਦੇ ਹਾਂ ਕਿ ਅਰੁੰਧਤੀ ਰੌਏ ਤੋਂ ਬਾਅਦ, ਡਾਕਟਰ ਬਿਨਾਇਕ ਸੈਨ ਭਾਰਤ ਦੀ ‘ਅਸਲੀ ਆਵਾਜ਼’ ਬਣ ਕੇ, ਅੰਤਰਰਾਸ਼ਟਰੀ ਮੰਚ ’ਤੇ ਉ¤ਭਰੇ ਹਨ। ਅਸੀਂ ਡਾਕਟਰ ਸੈਨ ਦੀ ਦਲੇਰੀ, ਇਮਾਨਦਾਰੀ, ਲਗਨ ਅਤੇ ਦੱਬੇ-ਕੁਚਲੇ ਲੋਕਾਂ ਲਈ ਖਲੋਣ ਵਾਸਤੇ ਕੋਈ ਵੀ ਕੀਮਤ ਅਦਾ ਕਰਨ ਦੇ ਸੰਕਲਪ ਨੂੰ ਖਰਾਜੇ-ਅਕੀਦਤ ਭੇਟ ਕਰਦੇ ਹਾਂ।