ਚੰਡੀਗੜ੍ਹ/ ਪੰਜਾਬ (ਨਵੰਬਰ 20, 2013): ਇਹ ਜਾਣਕਾਰੀ ਮਿਲੀ ਹੈ ਕਿ ਨਸ਼ਾ ਵਿਰੋਧੀ ਮੰਚ ਦੇ ਇਕ ਵਫਦ ਜਿਸ ਵਿਚ ਪੰਜਾਬ ਦੇ ਸਾਬਕਾ ਡੀ.ਜੀ.ਪੀ. ਜੇਲ੍ਹਾਂ ਸ਼ਸ਼ੀਕਾਂਤ, ਸਾਬਕਾ ਆਈ. ਏ. ਐਸ. ਅਧਿਕਾਰੀ ਗੁਰਤੇਜ ਸਿੰਘ, ਅਕਾਲੀ ਦਲ ਪੰਚ ਪ੍ਰਧਾਨੀ ਦੇ ਕਾਰਜਕਾਰੀ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ (ਐਡਵੋਕੇਟ) ਅਤੇ ਹੋਰ ਸ਼ਾਮਿਲ ਸਨ, ਨੇ 18 ਨਵੰਬਰ, 2013 ਨੂੰ ਭਾਰਤ ਦੇ ਐਡੀਸ਼ਨਲ ਮੁੱਖ ਚੋਣ ਕਮਿਸ਼ਨਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਪੰਜਾਬ ਸਮੇਤ ਸਮੁੱਚੇ ਦੇਸ਼ ਚ ਚੋਣਾਂ ਲੜਨ ਵਾਲੇ ਸਿਆਸਤਦਾਨਾਂ ਦਾ ਡੋਪ ਟੈਸਟ ਕਰਨ ਦੀ ਮੰਗ ਸਮੇਤ ਚੋਣਾਂ ਦੌਰਾਨ ਨਸ਼ਿਆਂ ਦੀ ਹੁੰਦੀ ਵਰਤੋਂ ਨੂੰ ਰੋਕਣ ਲਈ ਕਈ ਸੁਝਾਅ ਪੇਸ਼ ਕੀਤੇ। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨਾਂ ਨੇ ਸਿਆਸਤਦਾਨਾਂ ਨੂੰ ਚਿਤਾਵਨੀ ਦਿਤੀ ਹੈ ਕਿ ਉਹ ਆਪਣੇ ਆਸ਼ੇ ਦੀ ਪੂਰਤੀ ਲਈ ਸੁਪਰੀਮ ਕੋਰਟ ਤੱਕ ਜਾਣਗੇ ਤੇ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਹੀ ਦਮ ਲੈਣਗੇ।
19 ਨਵੰਬਰ, 2013 ਨੁੰ ਚੰਡੀਗੜ੍ਹ ਵਿਖੇ ਨਸ਼ਾ ਵਿਰੋਧੀ ਮੰਚ ਦੇ ਸੰਸਥਾਪਕ ਸ਼ਸ਼ੀਕਾਂਤ, ਲੈਫਟੀਨੈਂਟ ਜਨਰਲ (ਰਿਟਾ) ਕੇ. ਐਸ. ਗਿੱਲ, ਐਡਵੋਕੇਟ ਹਰਪਾਲ ਸਿੰਘ ਚੀਮਾ, ਰਿਟਾ. ਆਈਏਐਸ ਅਫਸਰ ਗੁਰਤੇਜ ਸਿੰਘ ਤੇ ਅਮਰਬੀਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਵਲੋਂ ਭਾਰਤ ਦੇ ਐਡੀਸ਼ਨਲ ਚੋਣ ਕਮਿਸ਼ਨਰ ਅਲੋਕ ਸ਼ੁਕਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਤੋਂ ਮੰਗ ਕੀਤੀ ਹੈ ਕਿ ਚੋਣਾਂ ਤੋਂ ਸਾਰੇ ਸਿਆਸਤਦਾਨਾਂ ਦਾ ਡੋਪ ਟੈਸਟ ਕਰਨਾ ਲਾਜ਼ਮੀ ਬਣਾਇਆ ਜਾਵੇ। ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨਾਂ ਨੇ ਚੋਣ ਕਮਿਸ਼ਨ ਨੂੰ ਦੱਸਿਆ ਕਿ ਚੋਣਾਂ ਦੌਰਾਨ ਪੰਜਾਬ ਸਮੇਤ ਦੇਸ਼ ਦੇ ਹੋਰਨਾਂ ਸੂਬਿਆਂ ਚ ਮੁਫਤ ਚ ਨਸ਼ੇ ਵੰਡ ਕੇ ਸਿਆਸੀ ਪਾਰਟੀਆਂ ਵਲੋਂ ਵੋਟਾਂ ਭੁਗਤਾਈਆਂ ਜਾਂਦੀਆਂ ਹਨ। ਇਹੀ ਨਹੀਂ ਚੋਣਾਂ ਨਸ਼ਿਆਂ ਰਾਹੀਂ ਕਮਾਏ ਧਨ ਦੇ ਦਮ ਤੇ ਲੜੀਆਂ ਵੀ ਜਾਂਦੀਆਂ ਹਨ ਤੇ ਜਿੱਤੀਆਂ ਵੀ ਜਾਂਦੀਆਂ ਹਨ। ਇਸ ਨਾਲ ਪੰਜਾਬ ਦੀ ਜੁਆਨੀ ਬਰਬਾਦ ਹੋ ਰਹੀ ਹੈ, ਜਿਸ ਨੂੰ ਹਰਗਿਜ਼ ਬਰਦਾਸ਼ ਨਹੀਂ ਕੀਤਾ ਜਾਵੇਗਾ।
ਇਸ ਮੌਕੇ ਸ਼ਸ਼ੀਕਾਂਤ ਨੇ ਕਿਹਾ ਕਿ ਚੋਣ ਕਮਿਸ਼ਨ ਨੂੰ ਅਸੀਂ ਕਈ ਸੁਝਾਅ ਦਿਤੇ ਹਨ ਤੇ ਉਨ੍ਹਾਂ ਵਲੋਂ ਸਾਨੂੰ ਆਸਵੰਦ ਹੁੰਘਾਰਾ ਵੀ ਮਿਲਿਆ ਹੈ। ਸਿਆਸਤਦਾਨਾਂ ਦੇ ਡੋਪ ਟੈਸਟ ਬਾਰੇ ਗੱਲ ਕਰਦਿਆਂ ਸ਼ਸ਼ੀਕਾਂਤ ਨੇ ਕਿਹਾ ਕਿ ਇਨ੍ਹਾਂ ਦੇ ਬਾਲਾਂ ਤੇ ਯੂਰੀਨ (ਪਿਸ਼ਾਬ) ਚੋਣਾਂ ਤੋਂ ਪਹਿਲਾਂ ਟੈਸਟ ਕੀਤੇ ਜਾਣੇ ਚਾਹੀਦੇ ਹਨ ਤੇ ਜੋ ਵੀ ਨਸ਼ਿਆਂ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ, ਉਸ ਦੇ ਚੋਣ ਲੜਨ ਤੇ ਪਬੰਦੀ ਲੱਗਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਆਸ਼ੇ ਲਈ ਉਹ ਚੋਣ ਕਮਿਸ਼ਨ ਤੋਂ ਹਾਂ ਪੱਖੀ ਹੁੰਘਾਰੇ ਲਈ ਆਸਵੰਦ ਹਨ ਪਰ ਜੇ ਅਜਿਹਾ ਨਾ ਹੋਇਆ ਤਾਂ ਫਿਰ ਹਾਈਕੋਰਟ ਜਾਂ ਸੁਪਰੀਮ ਕੋਰਟ ਵੀ ਜਾਣਗੇ। ਨਸ਼ਾ ਵਿਰੋਧੀ ਮੁਹਿੰਮ ਦੇ ਕੰਮਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ 29 ਤਰੀਕ ਨੂੰ ਉਨ੍ਹਾਂ ਨੇ 50 ਦੇ ਕਰੀਬ ਕਾਰਕੁੰਨਾ ਦੀ ਮੀਟਿੰਗ ਬੁਲਾਈ ਹੈ, ਜਿਸ ਚ ਅਗਲੀ ਰਣਨੀਤੀ ਤੈਅ ਕੀਤੀ ਜਾਏਗੀ। ਇਸ ਤੋਂ ਇਲਾਵਾ ਪਿੰਡ, ਸ਼ਹਿਰ ਤੇ ਜ਼ਿਲਾ ਪੱਧਰ ਤੇ ਕਮੇਟੀਆ ਬਣਾਈਆਂ ਜਾਣਗੀਆਂ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਕਿ ਉਹ ਨਸ਼ੇ ਵੰਡਣ ਵਾਲੇ ਉਮੀਦਵਾਰ ਤੇ ਪਾਰਟੀ ਤੋਂ ਕਿਨਾਰਾ ਕਰਨ। ਉਨ੍ਹਾਂ ਚੋਣ ਕਮਿਸ਼ਨ ਨੂੰ ਇਹ ਵੀ ਸੁਝਾਅ ਦਿਤਾ ਕਿ ਪਾਰਟੀਆਂ ਤੇ ਇਨ੍ਹਾਂ ਦੇ ਲੀਡਰਾਂ ਨੂੰ ਚੋਣਾਂ ਨਾ ਵੰਡਣ ਦੀ ਸਹੁੰ ਚੁਕਾਈ ਜਾਵੇ। ਇਸ ਤਰ੍ਹਾਂ ਜੇਕਰ ਕੋਈ ਪਾਰਟੀ ਆਗੂ ਨਸ਼ੇ ਵੇਚਣ ਦਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਬਚਾਉਣਾ ਲੀਡਰਾਂ ਲਈ ਮੁਸ਼ਕਲ ਹੋ ਜਾਵੇਗਾ। ਇਸ ਕੰਮ ਲਈ ਨਸ਼ਾ ਵਿਰੋਧੀ ਮੁਹਿੰਮ ਦੇ ਕਾਰਕੁੰਨ ਲੋਕਾਂ ਕੋਲ ਜਾ ਕੇ ਉਨ੍ਹਾਂ ਨੂੰ ਵੀ ਸਹੁੰ ਚੁਕਾਉਣਗੇ ਕਿ ਉਹ ਨਸ਼ੇ ਬਦਲੇ ਵੋਟ ਨਾ ਦੇਣ।
ਨਸ਼ਾ ਵਿਰੋਧੀ ਮੁਹਿੰਮ ਦੇ ਆਗੂਆਂ ਨੇ ਕਿਹਾ ਕਿ ਨਸ਼ਿਆਂ ਦੀ ਪ੍ਰਫੁੱਲਤਾ ਸਿਆਸਤਦਾਨਾਂ ਦੇ ਸਹਿਯੋਗ ਤੋਂ ਬਿਨਾ ਨਹੀਂ ਹੋ ਸਕਦੀ। ਇਸ ਚ ਸਾਰੀਆਂ ਪ੍ਰਮੁੱਖ ਪਾਰਟੀਆ ਸ਼ਾਮਲ ਹਨ। ਪਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ਾ ਵਿਰੋਧੀ ਮੰਚ ਹਰ ਹਾਲਤ ਚ ਆਪਣਾ ਸੰਘਰਸ਼ ਜਾਰੀ ਰੱਖੇਗਾ। ਸਿਆਸਤ ਚ ਸ਼ਾਮਲ ਹੋਣ ਦੇ ਇਰਾਦੇ ਬਾਰੇ ਪੁੱਛੇ ਸੁਆਲ ਦੇ ਜੁਆਬ ਚ ਸ਼ਸ਼ੀਕਾਂਤ ਨੇ ਕਿਹਾ ਕਿ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਮੁਹਿੰਮ ਨਾਲ ਜੁੜੇ ਕਿਸੇ ਆਗੂ ਦਾ ਸਿਆਸਤ ਨਾਲ ਵਾਸਤਾ ਨਹੀਂ ਹੈ ਤੇ ਸਾਡਾ ਮਕਸਦ ਸਿਰਫ ਤੇ ਸਿਰਫ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ।
Dope test Punjab politicians, MLA/MPs: Shashi Kant; Nasha Virodhi Manch want ECI ban drugs in polls