ਹੁਰੀਅਤ ਆਗੂ ਉਮਰ ਫਾਰੂਕ, ਯਾਸੀਨ ਮਲਿਕ, ਸਈਅਦ ਅਲੀ ਸ਼ਾਹ ਗਿਲਾਨੀ

ਚੋਣਵੀਆਂ ਲਿਖਤਾਂ

ਕਸ਼ਮੀਰੀ ਆਜ਼ਾਦੀ ਪਸੰਦ ਆਗੂਆਂ ਦੇ ਭਾਰਤ ਵੱਲ ਬੰਦ ਦਰਵਾਜ਼ੇ

By ਸਿੱਖ ਸਿਆਸਤ ਬਿਊਰੋ

September 06, 2016

ਕੱਲ ਭਾਰਤ ਦੀ ਸੰਸਦ ਦੇ ਮੈਂਬਰਾਂ ਦਾ ‘ਆਲ ਪਾਰਟੀ ਡੈਲੀਗੇਸ਼ਨ’ ਕਸ਼ਮੀਰ ਵਿੱਚ “ਸ਼ਾਂਤੀ ਕਾਇਮ” ਕਰਨ ਦੇ ਮਕਸਦ ਨਾਲ ਵੱਖ-ਵੱਖ ਕਸ਼ਮੀਰੀ ਆਗੂਆਂ ਤੇ ਧਿਰਾਂ ਨਾਲ ਗੱਲਬਾਤ ਕਰਨ ਲਈ ਗਿਆ ਸੀ। ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੇ ਇਸ ਵਫਦ ਦੇ ਕਿਸੇ ਵੀ ਮੈਂਬਰ ਨਾਲ ਗੱਲਬਾਤ ਕਰਨੋ ਇਨਕਾਰ ਕਰ ਦਿੱਤਾ। ਸਾਰੇ ਆਜ਼ਾਦੀ ਪਸੰਦ ਕਸ਼ਮੀਰੀ ਆਗੂਆਂ ਨੇ ਭਾਰਤੀ ਆਗੂਆਂ ਲਈ ਆਪਣੇ ਦਰਵਾਜ਼ੇ ਬੰਦ ਰੱਖੇ। ਇਹ ਵਫਦ ਉਹਨਾਂ ਲੋਕਾਂ ਨੂੰ ਮਿੱਲਦਾ ਰਿਹਾ, ਜੋ ਪਹਿਲਾਂ ਹੀ ਭਾਰਤ ਸਰਕਾਰ ਦੇ ਨਾਲ ਹਨ ਅਤੇ ਚੱਲ ਰਹੇ ਸੰਘਰਸ਼ ਵਿੱਚ ਕੋਈ ਅਹਿਮੀਅਤ ਨਹੀਂ ਰੱਖਦੇ।

ਕਸ਼ਮੀਰ ਦੇ ਆਜ਼ਾਦੀ ਪਸੰਦ ਆਗੂਆਂ ਦੇ ਸਪੱਸ਼ਟ ਸਟੈਂਡ ਤੋਂ ਬਾਅਦ ਭਾਰਤੀ ਚੈਨਲ ਇਹਨਾਂ ਨੂੰ ਪਾਣੀ ਪੀ-ਪੀ ਕੋਸਦੇ ਰਹੇ ਅਤੇ ਇਹਨਾਂ ਨੂੰ ਕਸ਼ਮੀਰ ਦੀ ਸ਼ਾਂਤੀ ਦੇ ‘ਖਲਨਾਇਕ’ ਕਹਿੰਦੇ ਰਹੇ।

ਇਹ ਗੱਲ ਕਿਸੇ ਤੋਂ ਲੁੱਕੀ ਹੋਈ ਨਹੀਂ ਕਿ ਕਸ਼ਮੀਰ ਦੀ ਸਿਆਸਤ ਵਿੱਚ ਵੱਡੇ ਤੌਰ ‘ਤੇ ਕੇਵਲ ਦੋ ਹੀ ਧਿਰਾਂ ਹਨ, ਇੱਕ ਭਾਰਤ ਤੋਂ ਆਜ਼ਾਦੀ ਚਾਹੁਣ ਵਾਲੀ ਅਤੇ ਦੂਜੀ ਭਾਰਤ ਦੇ ਨਾਲ ਚੱਲਣ ਵਾਲੀ। ਇਸ ਗੱਲ ਵਿੱਚ ਵੀ ਕਿਸੇ ਨੂੰ ਕੋਈ ਭੁਲੇਖਾ ਨਹੀਂ ਕਿ ਕਸ਼ਮੀਰ ਦੇ ਲੋਕ ਕਿਸ ਧਿਰ ਦੇ ਨਾਲ ਹਨ। ਅਗਰ ਕੋਈ ਭੁਲੇਖਾ ਹੁੰਦਾ ਤਾਂ ਭਾਰਤ ਨੇ ਕਦੋਂ ਦਾ ‘ਜਨਮੱਤ’ ਕਰਵਾ ਦੇਣਾ ਸੀ।

ਭਾਰਤੀ ਹਾਕਮ, ਭਾਰਤੀ ਸਿਸਟਮ ਤਹਿਤ ਪੰਜ ਸਾਲ ਬਾਅਦ ਹੋਣ ਵਾਲੀਆਂ ਚੋਣਾਂ ਨੂੰ ‘ਜਨਮੱਤ’ ਦੇ ਬਦਲ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ ਅਤੇ ਉਮੀਦ ਕਰਦੇ ਹਨ ਕਿ ਹੌਲੀ-ਹੌਲੀ ਕਸ਼ਮੀਰੀ ਲੋਕ ਇਸੇ ਸਿਸਟਮ ਦਾ ਇਕ ਹਿੱਸਾ ਬਣ ਜਾਣਗੇ, ਅਤੇ ਸਮਸਿਆ ਖਤਮ ਹੋ ਜਾਵੇਗੀ। ਪਰ ਅੱਜ ਤੱਕ ਇਸ ਤਰ੍ਹਾਂ ਹੋ ਨਹੀਂ ਸਕਿਆ। ਜਦੋਂ ਵੀ ਭਾਰਤੀ ਹਾਕਮਾਂ ਨੂੰ ‘ਸੱਭ ਠੀਕ ਹੈ’ ਹੋਣ ਦਾ ਭਰਮ ਪੈਦਾ ਹੁੰਦਾ ਹੈ, ਭਰਮ ਤੋੜਨ ਵਾਲੀ ਕੋਈ ਨਾ ਕੋਈ ਘੱਟਨਾ ਹੋ ਹੀ ਜਾਂਦੀ ਹੈ।

ਭਾਰਤੀ ਹਾਕਮ ਜਦੋਂ ਰੋਜ਼ ਕਿਸੇ ਨਾ ਕਿਸੇ ਸਟੇਜ ਉਤੋਂ ‘ਕਸ਼ਮੀਰ ਭਾਰਤ ਦਾ ਅਟੁੱਟ ਅੰਗ ਹੈ’ ਅਤੇ ‘ਕੋਈ ਵੀ ਗੱਲਬਾਤ ਭਾਰਤੀ ਵਿਧਾਨ ਦੇ ਦਾਇਰੇ ਤੋਂ ਬਾਹਰ ਨਹੀਂ ਹੋਵੇਗੀ’ ਦਾ ਰਾਗ ਅਲਾਪਦੇ ਹਨ ਤਾਂ ਆਜ਼ਾਦੀ ਪਸੰਦ ਆਗੂ ਕਿਸ ਨਾਲ ਤੇ ਕਿਸ ਮੁੱਦੇ ‘ਤੇ ਗੱਲ ਕਰਨ? ਆਲ ਪਾਰਟੀ ਡੈਲੀਗੇਸ਼ਨ ਦੇ ਲੀਡਰਾਂ ਕੋਲ ਕੀ ਅਧੀਕਾਰ ਸਨ ਅਤੇ ਕਸ਼ਮੀਰ ਦੇ ਆਜ਼ਾਦੀ ਪਸੰਦਾਂ ਨੂੰ ਦੇਣ ਲਈ ਕੀ ਸੀ, ਜਿਸ ਬਾਰੇ ਉਹ ਇਹਨਾਂ ਲੀਡਰਾਂ ਨਾਲ ਗੱਲ ਕਰਦੇ? ਜਦੋਂ ਕਸ਼ਮੀਰੀ ਲੋਕ ਆਜ਼ਾਦੀ ਦੇ ਨਾਹਰੇ ਮਾਰਦੇ ਸੜ੍ਹਕਾਂ ਉਤੇ ਨਿਕਲੇ ਹੋਏ ਹਨ ਅਤੇ ਰੋਜ਼ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ ਤਾਂ ‘ਹੁਰੀਅਤ’ ਦੇ ਆਗੂਆਂ ਵੱਲੋਂ ਖਾਲੀ ਹੱਥ ਪਹੁੰਚੇ ਭਾਰਤੀ ਡੈਲੀਗੇਸ਼ਨ ਨਾਲ ਗੱਲ ਕਰਨ ਦਾ ਮਤਲਬ ਇਹਨਾਂ ਦੇ ਮੱਕੜ ਜਾਲ ਦਾ ਹਿੱਸਾ ਬਣਨਾ ਨਿਕਲਣਾ ਸੀ। ਕਸ਼ਮੀਰੀ ਆਗੂਆਂ ਦਾ ਫੈਸਲਾ ਉਹਨਾਂ ਦੀ ਮਕਸਦ ਪ੍ਰਤੀ ਦ੍ਰਿੜਤਾ ਦਾ ਲਖਾਇਕ ਹੈ ਅਤੇ ਗਜਿੰਦਰ ਸਿੰਘ ਇੱਕ ਖਾਲਿਸਤਾਨੀ ਆਜ਼ਾਦੀ ਪਸੰਦ ਵਜੋਂ ਉਹਨਾਂ ਦੇ ਫੈਸਲੇ ਦੀ ਤਹਿ ਦਿਲੋਂ ਤਾਰੀਫ ਕਰਦਾ ਹੈ।

ਕੁੱਝ ਦਿਨ ਪਹਿਲਾਂ ਕਸ਼ਮੀਰ ਵਿੱਚ ਭਾਜਪਾ ਦੀ ਭਾਈਵਾਲ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਸੀ ਕਿ ਕੇਵਲ ‘ਪੰਜ’ ਪਰਸੈਂਟ ਲੋਕ ਹੀ ਸੰਘਰਸ਼ ਕਰਨ ਵਾਲਿਆਂ ਦੇ ਨਾਲ ਹਨ। ਸੱਚਾਈ ਇਸ ਦੇ ਐਨ ਉਲਟ ਲੱਗਦੀ ਹੈ, ਕੇਵਲ ‘ਪੰਜ’ ਪਰਸੈਂਟ ਲੋਕ ਹੀ ਭਾਰਤ ਦੇ ਨਾਲ ਹਨ। ਪੰਜ ਅਤੇ ਪਚਾਨਵੇ ਦਾ ਭੁਲੇਖਾ ਦੂਰ ਕਰਨ ਦਾ ਤਰੀਕਾ ਢੂੰਡਣਾ ਹੀ ਇਸ ਮਸਲੇ ਦੇ ਹੱਲ ਵੱਲ ਪਹਿਲਾ ਕਦਮ ਸਾਬਿਤ ਹੋ ਸਕਦਾ ਹੈ। ਯੂ ਐਨ ਓ ਦੀ ਨਿਗਰਾਨੀ ਹੇਠਲੇ ‘ਜਨਮੱਤ’ ਬਿਨਾਂ ਕੋਈ ਹੋਰ ਤਰੀਕਾ ਹੈ ਤਾਂ ਭਾਰਤੀ ਡੈਲੀਗੇਸ਼ਨ ਦੇ ਮੈਂਬਰਾਂ ਨੂੰ ਸੁਝਾਉਣਾ ਚਾਹੀਦਾ ਸੀ/ਹੈ।

ਕਸ਼ਮੀਰ ਵਿੱਚ ਅਮਨ ਅਤੇ ਸ਼ਾਂਤੀ ਦੀ ਅਸਲ ਦੁਸ਼ਮਣ ਭਾਰਤੀ ਜ਼ਿੱਦ ਹੈ, ‘ਅਟੁੱਟ ਅੰਗ’ ਵਾਲੀ ਜ਼ਿੱਦ ਅਤੇ ਇਸ ਜ਼ਿੱਦ ਨੂੰ ਛੱਡੇ ਬਿਨਾਂ ਕਸ਼ਮੀਰ ਮਸਲੇ ਦਾ ਕੋਈ ਪੱਕਾ ਹੱਲ ਨਿਕਲ ਹੀ ਨਹੀਂ ਸਕਦਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: