ਆਮ ਖਬਰਾਂ

ਸ਼ਬਦ ਜੰਗ ਕਿਤਾਬ ਬਾਰੇ ਵਿਚਾਰ ਗੋਸ਼ਟੀ ਰੱਲਾ (ਮਾਨਸਾ) ਵਿਖੇ ਭਲਕੇ

By ਸਿੱਖ ਸਿਆਸਤ ਬਿਊਰੋ

September 06, 2024

ਮਾਨਸਾ – ਸਿੱਖ ਵਿਚਾਰਕ ਭਾਈ ਸੇਵਕ ਸਿੰਘ ਦੀ ਪਲੇਠੀ ਕਿਤਾਬ “ਸ਼ਬਦ ਜੰਗ” ਦੇ ਸਬੰਧ ਵਿਚ ਮਿਤੀ 7 ਸਤੰਬਰ 2024, ਦਿਨ ਸ਼ਨੀਵਾਰ ਸਵੇਰੇ 10:30 ਵਜੇ ਤੋਂ ਵਿਚਾਰ ਗੋਸ਼ਟੀ ਕਰਵਾਈ ਜਾ ਰਹੀ ਹੈ। ਇਹ ਵਿਚਾਰ ਗੋਸ਼ਟੀ ਮਾਈ ਭਾਗੋ ਡਿਗਰੀ ਕਾਲਜ, ਰੱਲਾ ਮਾਨਸਾ ਦੇ ਅਧਿਆਪਕ ਸਾਹਿਬਾਨ ਅਤੇ ਵਿਦਿਆਰਥੀਆਂ ਵੱਲੋਂ “ਭਗਤ ਪੂਰਨ ਸਿੰਘ ਸੈਮੀਨਾਰ ਹਾਲ” ਵਿਚ ਕਰਵਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਭਾਈ ਸੇਵਕ ਸਿੰਘ ਦੀ  ਕਿਤਾਬ “ਸ਼ਬਦ ਜੰਗ” 28 ਅਪ੍ਰੈਲ ਨੂੰ ਗੁਰਦੁਆਰਾ ਜੰਡਸਰ ਸਾਹਿਬ, ਤਲਵੰਡੀ ਸਾਬੋ ਵਿਖੇ ਇੱਕ ਸਮਾਗਮ ਦੌਰਾਨ ਰਸਮੀ ਤੌਰ ਤੇ ਜਾਰੀ ਕੀਤੀ ਗਈ ਸੀ।

ਕਿਤਾਬ “ਸ਼ਬਦ ਜੰਗ” ਪੰਜ ਭਾਗਾਂ ਵਿਚ ਵੰਡੀ ਹੋਈ ਹੈ। ਇਹ ਪੰਜ ਭਾਗ ਹਨ- ਸ਼ਬਦ ਜੰਗ, ਵਿਆਖਿਆ ਜੰਗ, ਪਰਚਾਰ ਜੰਗ, ਸਵਾਲਾਂ ਦੀ ਜੰਗਬਾਜੀ ਅਤੇ ਨਿਖੇਧਕਾਰੀ। ਕਿਤਾਬ ਦੇ ਪੰਜ ਭਾਗਾਂ ਵਿਚ ਕੁੱਲ ਛੱਤੀ ਪਾਠ ਹਨ।

ਜਿਸ ਦੌਰ ਵਿੱਚ ਅਸੀਂ ਜਿਓਂ ਰਹੇ ਹਾਂ ਓਥੇ ਸ਼ਬਦ ਜੰਗ ਵਿਸ਼ੇ ਦੀ ਬੇਹੱਦ ਸਾਰਥਕਤਾ ਹੈ। ਵਿਸ਼ੇ, ਮੁਹਾਵਰੇ, ਸ਼ੈਲੀ ਅਤੇ ਪਹੁੰਚ ਵਜੋਂ ਇਹ ਆਪਣੀ ਤਰ੍ਹਾਂ ਦੀ ਨਵੇਕਲੀ ਕਿਤਾਬ ਹੈ। ਸਾਡੀ ਨਜ਼ਰੇ ਸਥਾਪਿਤ ਸੱਤਾ ਅਤੇ ਤਾਕਤਾਂ ਨਾਲ ਲੜਨ ਵਾਲੀਆਂ ਧਿਰਾਂ ਲਈ ਇਹ ਰਾਹਤ ਦੇਣ ਵਾਲੀ ਹੈ ਅਤੇ ਸੱਤਾਧਾਰੀ ਅਤੇ ਝੂਠੀਆਂ ਧਿਰਾਂ ਲਈ ਸਿਰਦਰਦੀ ਖੜ੍ਹੀ ਕਰਨ ਵਾਲੀ ਵੀ ਹੋ ਸਕਦੀ ਹੈ। ਸੱਤਾ ਸਦਾ ਹੀ ਲੜਨ ਵਾਲੀਆਂ ਧਿਰਾਂ ਨੂੰ ਬਹੁਭਾਂਤ ਦੇ ਸਿੱਧੇ-ਅਸਿੱਧੇ, ਹੋਛੇ ਅਤੇ ਉਲਝਾਊ ਸਵਾਲਾਂ ਨਾਲ ਘੇਰਦੀ ਹੈ। ਇਹ ਕਿਤਾਬ ਇਸ ਵਰਤਾਰੇ ਨੂੰ ਸਮਝਣ-ਸਮਝਾਉਣ ਦੇ ਰਾਹ ਤੋਰਨ ਵਾਲੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: