ਸਿੰਘਾਪੁਰ ਤੋਂ ਅੰਮ੍ਰਿਤਸਰ ਪੁੱਜੇ ਯਾਤਰੀ ਅਨੂ ਹਰਲੀਨ ਸਿੰਘ ਤੇ ਨਿਸ਼ਾਨ ਸਿੰਘ ਹਵਾਈ ਅੱਡੇ 'ਤੇ ਉਡਾਣ ਬਾਰੇ ਜਾਣਕਾਰੀ ਦਿੰਦੇ ਹੋਏ

ਆਮ ਖਬਰਾਂ

ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਸਿੱਧੀ ਉਡਾਣ ਸੇਵਾ ਸ਼ੁਰੂ

By ਸਿੱਖ ਸਿਆਸਤ ਬਿਊਰੋ

May 25, 2016

ਰਾਜਾਸਾਂਸੀ: ਮੰਗਲਵਾਰ ਨੂੰ ਸਿੰਘਾਪੁਰ ਤੋਂ ਸਿੱਧੀ ਉਡਾਣ ਸੇਵਾ ਰਾਹੀਂ 137 ਯਾਤਰੀ ਸ੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚੇ। ਯਾਤਰੀਆਂ ਨੂੰ ਲੈ ਕੇ ਬੋਇੰਗ 787-9 ਡਰੀਮ ਲਾਈਨ ਸਕੂਟ ਏਅਰਵੇਜ਼ ਦੀ ਪਲੇਠੀ ਉਡਾਣ ਜਦ ਅੰਮ੍ਰਿਤਸਰ ਪੁੱਜੀ ਤਾਂ ਤਾਇਨਾਤ ਡਾਇਰੈਕਟਰ ਵੀ.ਵੀ. ਰਾਓ ਦੀ ਅਗਵਾਈ ਹੇਠ ਵੱਖ-ਵੱਖ ਅਧਿਕਾਰੀਆਂ ਵਲੋਂ ਇਸ ਦਾ ਨਿੱਘਾ ਸਵਾਗਤ ਕੀਤਾ ਗਿਆ।

ਇਸ ਸਬੰਧੀ ਰਾਓ ਨੇ ਦੱਸਿਆ ਕਿ 250 ਯਾਤਰੀਆਂ ਦੀ ਸਮਰੱਥਾ ਵਾਲੀ ਇਹ ਉਡਾਣ ਹਫਤੇ ਵਿਚ ਤਿੰਨ ਦਿਨ (ਮੰਗਲਵਾਰ, ਵੀਰਵਾਰ, ਸ਼ਨੀਵਾਰ) ਹੋਇਆ ਕਰੇਗੀ। ਇਸ ਉਡਾਣ ਰਾਹੀਂ ਸਫਰ ਕਰਨ ਵਾਲੇ ਯਾਤਰੂ ਅਨੂ ਹਰਲੀਨ ਸਿੰਘ ਵਾਸੀ ਭੋਗਪੁਰ (ਜਲੰਧਰ) ਨੇ ਦੱਸਿਆ ਕਿ ਉਹ ਮੈਲਬੌਰਨ (ਆਸਟ੍ਰੇਲੀਆ) ਵਿਖੇ ਬਤੌਰ ਪੁਲਿਸ ਕਰਮਚਾਰੀ ਸੇਵਾ ਨਿਭਾ ਰਹੇ ਹਨ ਅਤੇ ਇਸ ਉਡਾਣ ਰਾਹੀਂ ਸਫਰ ਕਰਕੇ ਜਿੱਥੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਿਲ ਸਾਹਮਣੇ ਨਹੀਂ ਆਈ ਉਥੇ ਹੀ ਇਸ ਉਡਾਣ ਰਾਹੀਂ ਉਨ੍ਹਾਂ ਦਾ ਲਗਭਗ 9 ਘੰਟੇ ਦਾ ਸਫਰ ਵੀ ਘਟ ਗਿਆ।

ਦੱਸਣਯੋਗ ਹੈ ਕਿ ਚਰਾਂ ਤੋਂ ਬੇਸਬਰੀ ਨਾਲ ਉਡੀਕੀ ਜਾ ਰਹੀ ਇਸ ਉਡਾਣ ’ਚ 12 ਟਨ ਕਾਰਗੋ ਸਮਰੱਥਾ ਹੈ ਤੇ ਇਸੇ ਲੜੀ ਤਹਿਤ ਅੱਜ ਇਸੇ ਉਡਾਣ ਰਾਹੀਂ ਵੱਖ-ਵੱਖ ਚੀਜ਼ਾਂ ਦਾ 5 ਟਨ ਕਾਰਗੋ ਵੀ ਇਥੋਂ ਰਵਾਨਾ ਹੋਇਆ। ਅੱਜ ਇਹ ਉਡਾਣ ਵਾਪਸੀ ਸਮੇਂ 226 ਦੇ ਕਰੀਬ ਯਾਤਰੀ ਲੈ ਕੇ ਆਪਣੀ ਮੰਜ਼ਿਲ ਵੱਲ ਰਵਾਨਾ ਹੋਈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: