ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਦੀਵਾਨ ਸਜਾਉਣ ਦੇ ਸਮੇਂ ਨੂੰ ਲੈ ਕੇ ਢਾਡੀ ਸਭਾਵਾਂ ਵਿਚ ਚਲ ਰਹੇ ਵਿਵਾਦ ਦਾ ਮਾਮਲਾ ਅੱਜ ਉਦੋਂ ਹੋਰ ਭਖ ਗਿਆ ਜਦੋਂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਨੇ ਸ੍ਰੋਮਣੀ ਕਮੇਟੀ ਵਲੋਂ ਨਿਯਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਫੈਸਲੇ ਦਾ ਵਿਰੋਧ ਕਰਦਿਆਂ ਅੱਜ ਰੋਸ ਵਜੋਂ ਹੈਰੀਟੇਜ ਸਟਰੀਟ ਵਿਚ ਢਾਡੀ ਦੀਵਾਨ ਸਜਾਇਆ। ਢਾਡੀ ਸਭਾ ਦੇ ਮੁਖੀ ਬਲਦੇਵ ਸਿੰਘ ਐਮਏ ਨੇ ਦਸਿਆ ਕਿ ਗਿਆਨੀ ਗੁਰਬਚਨ ਸਿੰਘ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਢਾਡੀ ਦੀਵਾਨ ਸਜਾਉਣ ’ਤੇ ਰੋਕ ਲਾ ਦਿੱਤੀ ਗਈ ਹੈ, ਜਿਸ ਤਹਿਤ ਪਹਿਲੀ ਮਈ ਤੋਂ ਉਥੇ ਦੀਵਾਨ ਲਾਉਣਾ ਬੰਦ ਕਰ ਦਿੱਤਾ ਗਿਆ ਹੈ, ਪਰ ਉਹ ਇਸ ਦਾ ਵਿਰੋਧ ਕਰ ਰਹੇ ਹਨ।
ਉਨ੍ਹਾਂ ਦਸਿਆ ਕਿ ਬੀਤੇ ਦੀ ਮੀਟਿੰਗ ਵਿਚ ਫੈਸਲਾ ਕੀਤਾ ਗਿਆ ਸੀ ਕਿ ਜਦੋਂ ਤੱਕ ਰੋਕ ਹਟਾਈ ਨਹੀਂ ਜਾਂਦੀ, ਢਾਡੀ ਸਭਾ ਵਲੋਂ ਆਪਣੇ ਤੌਰ ’ਤੇ ਸ੍ਰੀ ਹਰਿਮੰਦਰ ਸਾਹਿਬ ਪ੍ਰਵੇਸ਼ ਦੁਆਰ ਪਲਾਜ਼ਾ ਵਿਖੇ ਦੀਵਾਨ ਲਾਇਆ ਜਾਵੇਗਾ। ਅੱਜ ਜਦੋਂ ਪਲਾਜ਼ਾ ਵਿਚ ਢਾਡੀ ਦੀਵਾਨ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ ਤਾਂ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਬੰਧਕਾਂ ਵਲੋਂ ਇਤਰਾਜ਼ ਕੀਤਾ ਗਿਆ। ਇਸ ਕਾਰਨ ਢਾਡੀ ਸਭਾ ਨੇ ਦੀਵਾਨ ਦਾ ਸਥਾਨ ਬਦਲ ਦਿੱਤਾ ਤੇ ਉਨ੍ਹਾਂ ਹੈਰੀਟੇਜ ਸਟਰੀਟ ਵਿਚ ਦੀਵਾਨ ਲਾਇਆ। ਉਨ੍ਹਾਂ ਆਖਿਆ ਕਿ ਰੋਕ ਖ਼ਤਮ ਹੋਣ ਤਕ ਇਸੇ ਤਰ੍ਹਾਂ ਰੋਸ ਦੀਵਾਨ ਲਾਇਆ ਜਾਵੇਗਾ।
ਉਨ੍ਹਾਂ ਦੋਸ਼ ਲਾਇਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਢਾਡੀ ਦੀਵਾਨ ਬੰਦ ਕਰਾਉਣ ਪਿਛੇ ਡੂੰਘੀ ਸਾਜ਼ਿਸ਼ ਹੈ। ਦੀਵਾਨ ਸਜਾਉਣ ਵੇਲੇ ਗਿਆਨੀ ਬਲਦੇਵ ਸਿੰਘ ਸਮੇਤ ਭੁਪਿੰਦਰ ਸਿੰਘ, ਸੁਖਦੇਵ ਸਿੰਘ ਬੂਹ, ਜਸਬੀਰ ਸਿੰਘ ਮਾਨ, ਗੁਰਤੇਜ ਸਿੰਘ ਜੌਹਲ, ਦਲਬੀਰ ਸਿੰਘ ਅਰਸ਼ੀ, ਗੁਲਜ਼ਾਰ ਸਿੰਘ ਖੇੜਾ ਆਦਿ ਹਾਜ਼ਰ ਸਨ। ਢਾਡੀ ਆਗੂਆਂ ਨੇ ਸਪੱਸ਼ਟ ਕੀਤਾ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਰੋਧੀ ਨਹੀਂ ਪਰ ਜਥੇਦਾਰ ਦੇ ਫੈਸਲੇ ਦੇ ਵਿਰੋਧ ਵਿਚ ਰੋਸ ਪ੍ਰਗਟਾਵਾ ਕਰ ਰਹੇ ਹਨ। ਦੂਜੇ ਪਾਸੇ ਮੀਰੀ ਪੀਰੀ ਢਾਡੀ ਜਥੇ ਦੇ ਸਾਬਕਾ ਮੁਖੀ ਗੁਰਮੇਜ ਸਿੰਘ ਨੇ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹਨ ਅਤੇ ਜਦੋਂ ਜਥੇਦਾਰ ਵਲੋਂ ਆਦੇਸ਼ ਹੋਵੇਗਾ, ਉਹ ਉਦੋਂ ਹੀ ਦੀਵਾਨ ਲਾਉਣਗੇ। ਉਨ੍ਹਾਂ ਆਖਿਆ ਕਿ ਰਵਾਇਤ ਮੁਤਾਬਕ ਢਾਡੀ ਦੀਵਾਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਹੀ ਲਾਇਆ ਜਾਂਦਾ ਹੈ, ਨਾ ਕਿ ਸ੍ਰੀ ਹਰਿਮੰਦਰ ਸਾਹਿਬ ਸਮੂਹ ਤੋਂ ਬਾਹਰ ਲਾਇਆ ਜਾਂਦਾ ਹੈ।
ਸਮੇਂ ਦੀ ਵੰਡ ਤੋਂ ਚੱਲ ਰਿਹਾ ਹੈ ਵਿਵਾਦ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਸ਼੍ਰੋਮਣੀ ਢਾਡੀ ਸਭਾ ਅਤੇ ਮੀਰੀ ਪੀਰੀ ਢਾਡੀ ਸਭਾ ਵਿਚਾਲੇ ਦੀਵਾਨ ਲਾਉਣ ਲਈ ਦਿੱਤੇ ਸਮੇਂ ਦੀ ਵੰਡ ਕਾਰਨ ਵਿਵਾਦ ਚਲ ਰਿਹਾ ਹੈ। ਇਕ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ ਵਧੇਰੇ ਜਥੇ ਹਨ, ਇਸ ਲਈ ਦੀਵਾਨ ਸਜਾਉਣ ਦਾ ਸਮਾਂ ਵੀ ਵੱਧ ਮਿਲਣਾ ਚਾਹੀਦਾ ਹੈ। ਦੋਵਾਂ ਦੇ ਵਿਵਾਦ ਕਾਰਨ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਦੀਵਾਨ ਲਾਉਣ ’ਤੇ ਰੋਕ ਲਾਈ ਗਈ ਹੈ।