ਬਠਿੰਡਾ (12 ਸਤੰਬਰ 2013) :ਕਥਾਵਾਚਕ ਕੁਲਦੀਪ ਸਿੰਘ ਸਖਤ ‘ਤੇ ਡੇਰਾ ਪ੍ਰੇਮੀ ਵੱਲੋਂ ਕੀਤੀ ਗਈ ਸ਼ਿਕਾਇਤ ਤੇ ਪ੍ਰੇਮੀਆਂ ਦੀਆਂ ਭਾਵਨਾਵਾਂ ਭੜਕਾਉਣ ਦੇ ਦੋਸ਼ ਵਿੱਚ ਧਾਰਾ 295-ਏ ਤਹਿਤ ਦਰਜ਼ ਪਰਚੇ ਦੇ ਮਾਮਲੇ ਦਾ ਸਰਕਾਰ ਵੱਲੋਂ ਕੋਈ ਹੱਲ ਨਾ ਕੱਢਣ ਕਰਕੇ ਦਿਨੋ ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ।
ਸਿੱਖਾਂ ਦੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਵੱਲੋਂ ਕੋਈ ਸਾਰਥਿਕ ਹੱਲ ਨਾ ਕੱਢਣ ਦਾ ਗੰਭੀਰ ਨੋਟਿਸ ਲੈਦਿਆਂ ਸਿੱਖ ਜਥੇਬੰਦੀਆਂ ਨੇ ਤਿੱਖੇ ਸ਼ੰਘਰਸ਼ ਦਾ ਐਲਾਨ ਕਰ ਦਿੱਤਾ ਹੈ।
ਅੱਜ ਹੋਈ ਸਿੱਖ ਜਥੇਬੰਦੀਆਂ ਦੀ ਮੀਟਿੰਗ ਵਿੱਚ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਪ੍ਰਧਾਨ ਪਰਮਿੰਦਰ ਸਿੰਘ ਬਾਲਿਆਂਵਾਲੀ ਨੇ ਕਿਹਾ ਕਿ ਸਮੂਹ ਧਾਰਮਿਕ ਜਥੇਬੰਦੀਆਂ ਦਾ ਵਫਦ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਕੇ ਉਨ੍ਹਾਂ ਨੂੰ ਜਾਂ ਤਾਂ ਡੇਰਾ ਮੁਖੀ ਖਿਲਾਫ਼ ਜਾਰੀ ਹੋਇਆ ਹੁਕਮਨਾਮਾ ਰੱਦ ਕਰਨ ਜਾਂ ਫਿਰ ਡੇਰਾ ਮੁਖੀ ਦੀ ਸ਼ਹਿ ਤੇ ਪੰਜਾਬ ਸਰਕਾਰ ਵੱਲੋਂ ਦਰਜ਼ ਕੀਤੇ ਜਾ ਰਹੇ ਧਾਰਾ 295-ਏ ਤਹਿਤ ਝੂਠੇ ਮੁਕਦਮੇ ਰੱਦ ਕਰਵਾਉਣ ਅਤੇ ਜੇਲਾਂ ਵਿੱਚ ਬੰਦ ਸਿੱਖ ਨੌਜਵਾਨਾਂ ਨੂੰ ਰਿਹਾਅ ਕਰਵਾਉਣ ਲਈ ਵਿੱਡੇ ਜਾ ਰਹੇ ਸੰਘਰਸ਼ ਦੀ ਅਗਵਾਈ ਕਰਨ ਦੀ ਬੇਨਤੀ ਕਰਨ।