ਸ਼ਵਿੰਦਰ ਸਿੰਘ, ਮਾਲਵਿੰਦਰ ਸਿੰਘ ਅਤੇ ਡੇਰਾ ਮੁਖੀ ਗੁਰਵਿੰਦਰ ਸਿੰਘ ਢਿੱਲੋਂ।

ਸਿਆਸੀ ਖਬਰਾਂ

ਕਾਰੋਬਾਰੀ ਮਾਲਵਿੰਦਰ ਸਿੰਘ ਨੇ ਰਾਧਾ ਸੁਆਮੀ ਡੇਰਾ ਮੁਖੀ ‘ਤੇ ਲਾਏ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼

By ਸਿੱਖ ਸਿਆਸਤ ਬਿਊਰੋ

February 18, 2019

ਬਿਆਸ: ਫੋਰਟਿਸ ਹੈਲਥ ਕੇਅਰ ਦੇ ਸਾਬਕਾ ਮੁਖੀ ਮਾਲਵਿੰਦਰ ਸਿੰਘ ਨੇ ਆਪਣੇ ਭਰਾ ਸ਼ਵਿੰਦਰ ਸਿੰਘ, ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਹੋਰਨਾਂ ਖਿਲਾਫ ਵਿੱਤੀ ਹੇਰਾਫੇਰੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੀ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਸ਼ਿਕਾਇਤ ‘ਚ ਹੋਰਨਾਂ ‘ਚ ਗੁਰਕੀਰਤ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਸ਼ਬਨਮ ਢਿੱਲੋਂ, ਗੋਧਵਾਨੀ ਪਰਿਵਾਰ, ਸੁਨੀਲ ਅਤੇ ਸੰਜੇ ਸ਼ਾਮਲ ਹਨ।

ਮਾਲਵਿੰਦਰ ਸਿੰਘ ਨੇ ਆਰਥਿਕ ਅਪਰਾਧ ਵਿੰਗ ਕੋਲ ਦਰਜ ਆਪਣੀ ਸ਼ਿਕਾਇਤ ‘ਚ ਦੋਸ਼ ਲਾਇਆ ਹੈ ਕਿ ਡੇਰਾ ਰਾਧਾ ਸਵਾਮੀ ਦੇ ਮੁਖੀ ਗੁਰਿੰਦਰ ਸਿੰਘ ਢਿੱਲੌਂ ਨੇ ਆਪਣੀ ਵਕੀਲ ਫਰੀਦਾ ਚੋਪੜਾ ਰਾਹੀਂ ਉਸ ਨੂੰ ਜਾਨੋ ਮਾਰਨ ਦੀ ਧਮਕੀ ਦਿੱਤੀ ਹੈ।

ਮਾਲਵਿੰਦਰ ਸਿੰਘ ਨੇ ਸ਼ਿਕਾਇਤ ਵਿੱਚ ਦੱਸਿਆ ਹੈ ਕਿ “ਗੁਰਿੰਦਰ ਸਿੰਘ ਢਿੱਲੋਂ ਵਕੀਲ ਫਰੀਦਾ ਚੋਪੜਾ ਰਾਹੀਂ ਉਸ ਨੂੰ ਧਮਕੀਆਂ ਦੇਂਦਾ ਹੈ ਕਿ ਜੇਕਰ ਉਹ ਉਸ ਦੀਆਂ ਮੰਗਾਂ ਨਹੀਂ ਮੰਨਦਾ ਤਾਂ ਉਸ ਨੂੰ ਖਤਮ ਕਰ ਦਿੱਤਾ ਜਾਵੇਗਾ।”

ਉਹਨਾਂ ਕਿਹਾ ਕਿ ਮੈਨੂੰ ਰਾਧਾ ਸਵਾਮੀ ਡੇਰੇ ਦੇ ਕਈਂ ਬੰਦੇ ਵੀ ਡੇਰਾ ਮੁਖੀ ਢਿੱਲੋਂ ਦੀਆਂ ਮੰਗਾਂ ਸੁਣਨ ਲਈ ਕਹਿ ਰਹੇ ਹਨ। ਸ਼ਿਕਾਇਤ ‘ਚ ਇਹ ਲਿਖਿਆ ਹੈ ਕਿ ਸ਼ਵਿੰਦਰ ਮੋਹਨ ਨੇ ਗੁਰਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਢਿੱਲੋਂ, ਗੁਰਕੀਰਤ ਸਿੰਘ ਢਿੱਲੋਂ, ਸੁਨੀਲ ਗੋਧਵਾਨੀ, ਸੰਜੈ ਗੋਧਵਾਨੀ, ਰਾਜਵੀਰ ਸਿੰਘ ਗੁਲੀਆ ਅਤੇ ਪਰਮੋਦ ਅਹੂਦਾ ਨਾਲ ਰਲਕੇ ਆਪਣੇ ਅਹੁਦੇ ਦੀ ਮਾੜੀ ਵਰਤੋਂ ਕਰਦਿਆਂ ਵਿੱਤੀ ਗੜਬੜੀਆਂ ਕੀਤੀਆਂ ਹਨ।

ਮਾਲਵਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਸ਼ਵਿੰਦਰ ਸਿੰਘ ਅਤੇ ਸੁਨੀਲ ਗੋਧਵਾਨੀ ਆਦਿ ਨੇ ਦੋ ਹੋਰ ਕੰਪਨੀਆਂ ਰੇਲੀਗੇਅਰ ਇੰਟਰਪ੍ਰਾਈਜ਼ ਲਿਮਟਿਡ ਅਤੇ ਰੇਲੀਗੇਅਰ ਇਨਵੈਸਟਮੈਂਟ ਲੀਮੀਟਡ ‘ਚ ਵੱਡੀਆਂ ਵਿੱਤੀ ਹੇਰਾ-ਫੇਰੀਆਂ ਕੀਤੀਆਂ ਹਨ ਜਿਸ ਕਾਰਣ ਕੰਪਨੀ ਨੂੰ ਬਹੁਤ ਨੁਕਸਾਨ ਪੁੱਜਿਆ ਹੈ।

ਮਾਲਵਿੰਦਰ ਸਿੰਘ ਨੇ ਇਹ ਵੀ ਦੋਸ਼ ਲਾਇਆ ਕਿ ਸ਼ਵਿੰਦਰ ਸਿੰਘ ਨੇ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਰਲਕੇ ਕਾਰੋਬਾਰ ਦੀਆਂ ਵਿੱਤੀ ਹਾਲਤਾਂ ਦੀ ਗਲਤ ਪੇਸ਼ਕਾਰੀ ਕਰਕੇ ਉਸ ਨੂੰ ਭਾਰਤੀ ਵਿੱਤੀ ਨੁਕਸਾਨ ਪਹੁੰਚਾਇਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: