ਖੇਤੀਬਾੜੀ

ਨੋਟਬੰਦੀ: ਜਲੰਧਰ ‘ਚ ਕਿਸਾਨਾਂ ਨੇ ਰੋਸ ਵਜੋਂ ਆਲੂ ਹਾਈਵੇ ‘ਤੇ ਸੁੱਟੇ, ਬਠਿੰਡਾ ‘ਚ ਟਰੈਕਟਰ ਵੇਚਣ ਲਈ ਮਜਬੂਰ

By ਸਿੱਖ ਸਿਆਸਤ ਬਿਊਰੋ

March 02, 2017

ਜਲੰਧਰ/ ਬਠਿੰਡਾ: ਦੋਆਬਾ ‘ਚ ਕਿਸਾਨਾਂ ਨੇ ਸੋਮਵਾਰ ਨੂੰ ਜੀ.ਟੀ.ਰੋਡ ‘ਤੇ ਆਲੂ ਸੁੱਟ ਕੇ ਆਪਣਾ ਰੋਸ ਪ੍ਰਗਟ ਕੀਤਾ। ਕਿਉਂਕਿ ਆਲੂ ਦੀ ਪੈਦਾਵਾਰ ‘ਚ ਖਰਚਾ ਵੱਧ ਆ ਰਿਹਾ ਹੈ ਅਤੇ ਬਜ਼ਾਰ ‘ਚ ਉਸਦੀ ਕੀਮਤ ਨਹੀਂ ਮਿਲ ਰਹੀ। ਦੂਜੇ ਪਾਸੇ ਨੋਟਬੰਦੀ ਦੇ ਝੰਬੇ ਕਪਾਹ ਪੱਟੀ ਦੇ ਕਿਸਾਨ ਹੁਣ ਧੜਾਧੜ ਆਪਣੇ ਟਰੈਕਟਰ ਵੇਚਣ ਲੱਗੇ ਹਨ। ਜ਼ਮੀਨਾਂ ਠੇਕੇ ’ਤੇ ਲੈਣ ਖ਼ਾਤਰ ਕਿਸਾਨਾਂ ਕੋਲ ਟਰੈਕਟਰ ਵੇਚਣ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੈ। ਕਪਾਹ ਪੱਟੀ ਦੀਆਂ ਟਰੈਕਟਰ ਮੰਡੀਆਂ ਵਿੱਚ ਹਰ ਹਫ਼ਤੇ ਕਰੀਬ 300 ਟਰੈਕਟਰ ਵਿਕਦੇ ਹਨ। ਆੜ੍ਹਤੀਆਂ ਨੇ ਨੋਟਬੰਦੀ ਮਗਰੋਂ ਹੱਥ ਪਿਛਾਂਹ ਖਿੱਚ ਲਏ ਹਨ। ਤਲਵੰਡੀ ਸਾਬੋ ਵਿੱਚ ਹਰ ਬੁੱਧਵਾਰ ਟਰੈਕਟਰ ਮੰਡੀ ਲੱਗਦੀ ਹੈ। ਬੀਤੇ ਕੱਲ੍ਹ (ਬੁੱਧਵਾਰ) ਇਸ ਮੰਡੀ ਵਿੱਚ ਆਏ ਕਿਸਾਨਾਂ ਨੇ ਆਖਿਆ ਕਿ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਟਰੈਕਟਰ ਵੇਚਣ ਲਈ ਮਜਬੂਰ ਕਰ ਦਿੱਤਾ ਹੈ।

ਟਰੈਕਟਰ ਮੰਡੀ ਵਿੱਚ ਗਾਹਕਾਂ ਦੀ ਉਡੀਕ ਵਿੱਚ ਬੈਠੇ ਪਿੰਡ ਪੱਖੋ ਕਲਾਂ ਦੇ ਕਿਸਾਨ ਹਰਜੀਤ ਸਿੰਘ ਨੇ ਕਿਹਾ ਕਿ ਨੋਟਬੰਦੀ ਕਰਕੇ ਪੈਸੇ ਦਾ ਕੋਈ ਪ੍ਰਬੰਧ ਨਹੀਂ ਹੋ ਰਿਹਾ ਤੇ ਹੁਣ ਖੇਤੀ ਵਿੱਚ ਕੁਝ ਬਚਦਾ ਵੀ ਨਹੀਂ ਹੈ, ਜਿਸ ਕਰਕੇ ਉਸ ਨੇ ਖੇਤੀ ਛੱਡਣ ਦਾ ਫ਼ੈਸਲਾ ਲਿਆ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡ ਠੀਕਰੀਵਾਲਾ ਦੇ ਕਿਸਾਨ ਸ਼ਮਸ਼ੇਰ ਸਿੰਘ ਨੇ ਆਪਣੇ ਪੁੱਤਰ ਦਾ ਵਿਆਹ ਕਰਨ ਵਾਸਤੇ ਟਰੈਕਟਰ ਵਿਕਰੀ ’ਤੇ ਲਾਇਆ ਹੈ। ਨੋਟਬੰਦੀ ਕਰਕੇ ਟਰੈਕਟਰ ਮੰਡੀਆਂ ਦੇ ਕਾਰੋਬਾਰ ਵਿੱਚ ਵੀ ਮੰਦਾ ਆਇਆ ਹੈ ਪਰ ਟਰੈਕਟਰ ਵੇਚਣ ਵਾਲੇ ਕਿਸਾਨਾਂ ਦੀ ਗਿਣਤੀ ਵਧ ਗਈ ਹੈ।

ਟਰੈਕਟਰ ਮੰਡੀ ਦੇ ਕਾਰੋਬਾਰੀ ਸ਼ੇਰ ਸਿੰਘ ਨੇ ਕਿਹਾ ਕਿ ਪਹਿਲਾਂ ਹਫ਼ਤੇ ਵਿੱਚ 200 ਟਰੈਕਟਰ ਵਿਕ ਜਾਂਦੇ ਸਨ ਪਰ ਹੁਣ ਸੌ ਦਾ ਅੰਕੜਾ ਪਾਰ ਨਹੀਂ ਹੁੰਦਾ। ਮਲੋਟ ਤੇ ਮੋਗਾ ਦੀ ਟਰੈਕਟਰ ਮੰਡੀ ਵਿੱਚ ਨਵੇਂ ਟਰੈਕਟਰ ਵਿਕਰੀ ’ਤੇ ਲੱਗਣ ਲੱਗੇ ਹਨ। ਕਪਾਹ ਪੱਟੀ ਵਿੱਚ ਮਲੋਟ, ਤਲਵੰਡੀ ਸਾਬੋ, ਬਰਨਾਲਾ, ਮੋਗਾ, ਕੋਟਕਪੂਰਾ ਤੋਂ ਬਿਨਾਂ ਰਾਜਸਥਾਨ ਦੇ ਮਟੀਲੀ ਤੇ ਸੰਗਰੀਆਂ ਵਿੱਚ ਵੀ ਟਰੈਕਟਰ ਮੰਡੀ ਲੱਗਦੀ ਹੈ। ਮਲੋਟ ਦੀ ਟਰੈਕਟਰ ਮੰਡੀ ਦੇ ਕਾਰੋਬਾਰੀ ਕਾਕਾ ਸਿੰਘ ਨੇ ਦੱਸਿਆ ਕਿ ਨੋਟਬੰਦੀ ਕਰਕੇ ਕਿਸਾਨਾਂ ਨੂੰ 40 ਹਜ਼ਾਰ ਤੋਂ 60 ਹਜ਼ਾਰ ਰੁਪਏ ਤਕ ਘਾਟਾ ਪਾ ਕੇ ਟਰੈਕਟਰ ਵੇਚਣੇ ਪਏ ਹਨ। ਬਹੁਤੇ ਕਿਸਾਨਾਂ ਦਾ ਪ੍ਰਤੀਕਰਮ ਸੀ ਕਿ ਨੋਟਬੰਦੀ ਕਰਕੇ ਉਹ ਟਰੈਕਟਰ ਵੇਚਣ ਲਈ ਮਜਬੂਰ ਹਨ।

ਇੰਟਰਨੈਸ਼ਨਲ ਆਟੋਮੋਬਾਈਲ ਰਾਮਪੁਰਾ ਦੇ ਮਾਲਕ ਮੁਕੇਸ਼ ਗਰਗ (ਰਾਜੂ) ਨੇ ਦੱਸਿਆ ਕਿ ਨੋਟਬੰਦੀ ਕਰਕੇ ਨਵੇਂ ਟਰੈਕਟਰਾਂ ਦੇ ਕਾਰੋਬਾਰ ਵਿੱਚ ਪੰਜਾਹ ਫ਼ੀਸਦੀ ਮੰਦਾ ਆਇਆ ਹੈ। ਪੰਜਾਬ ਦੇ ਕਿਸਾਨਾਂ ਨੇ ਸਾਲ 2011-12 ਤੋਂ 2015 ਦੌਰਾਨ ਇਕੱਲੇ ਪਬਲਿਕ ਸੈਕਟਰ ਦੇ ਬੈਂਕਾਂ ਤੋਂ ਕਰੀਬ ਪੌਣੇ ਤਿੰਨ ਸੌ ਕਰੋੜ ਰੁਪਏ ਦਾ ਕਰਜ਼ਾ ਟਰੈਕਟਰ ਖ਼ਰੀਦਣ ਵਾਸਤੇ ਚੁੱਕਿਆ ਸੀ, ਹੁਣ ਉਲਟਾ ਟਰੈਕਟਰ ਵੇਚਣ ਦਾ ਰੁਝਾਨ ਵਧ ਗਿਆ ਹੈ। ਨੋਟਬੰਦੀ ਕਰਕੇ ਕਿਸਾਨ ਸਹਿਕਾਰੀ ਸਭਾਵਾਂ ਦੇ ਟਰੈਕਟਰਾਂ ’ਤੇ ਵਧੇਰੇ ਨਿਰਭਰ ਹੋਣ ਲੱਗੇ ਹਨ।

ਸਬੰਧਤ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Demonetisation Fallout: Jalandhar Farmers Dump Potatoes On Highway In Protest …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: