1984 ਸਿੱਖ ਕਤਲੇਆਮ ਦਾ ਇਕ ਦ੍ਰਿਸ਼

1984 ਸਿੱਖ ਕਤਲੇਆਮ: ਦਿੱਲੀ ਹਾਈਕੋਰਟ ਵਲੋਂ 5 ਕੇਸ ਫਿਰ ਤੋਂ ਖੋਲ੍ਹਣ ਦੇ ਹੁਕਮ

By ਸਿੱਖ ਸਿਆਸਤ ਬਿਊਰੋ

March 30, 2017

ਨਵੀਂ ਦਿੱਲੀ: ਦਿੱਲੀ ਹਾਈਕੋਰਟ ਨੇ 1984 ਸਿੱਖ ਕਤਲੇਆਮ ਦੌਰਾਨ ਦਿੱਲੀ ਕੈਂਟ ਦੇ ਰਾਜਨਗਰ ਇਲਾਕੇ ‘ਚ ਹੋਏ 25 ਸਿੱਖਾਂ ਦੇ ਕਤਲੇਆਮ ਨਾਲ ਸਬੰਧਿਤ ਐਫ.ਆਈ.ਆਰ. ਨੰਬਰ 416/84 ‘ਚ ਸ਼ਾਮਿਲ 5 ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਹੁਕਮ ਦਿੱਤਾ ਹੈ। ਜਸਟਿਸ ਗੀਤਾ ਮਿੱਤਲ ਅਤੇ ਅਨੂ ਮਲਹੋਤਰਾ ਦੀ ਬੈਂਚ ਨੇ ਬੁੱਧਵਾਰ ਕੇਸ ਦੀ ਸੁਣਵਾਈ ਦੌਰਾਨ ਇਸ ਸਬੰਧੀ ਦਿੱਲੀ ਪੁਲਿਸ ਨੂੰ ਹੁਕਮ ਦਿੱਤਾ।

ਨਵੰਬਰ 1984 ‘ਚ ਰਾਜ ਨਗਰ ਵਿਖੇ 25 ਸਿੱਖਾਂ ਦੇ ਕਤਲ ਸਬੰਧੀ ਵੱਖ-ਵੱਖ ਸ਼ਿਕਾਇਤਕਰਤਾ ਵੱਲੋਂ ਦਿੱਲੀ ਕੈਂਟ ਥਾਣੇ ਵਿਖੇ ਐਫ.ਆਈ.ਆਰ. ਦਰਜ ਕਰਨ ਲਈ ਅਰਜ਼ੀਆਂ ਦਿੱਤੀਆਂ ਗਈਆਂ ਸੀ। ਜਿਸ ‘ਤੇ ਦਿੱਲੀ ਪੁਲਿਸ ਨੇ ਗੋਲਮੋਲ ਕਾਰਵਾਈ ਕਰਦੇ ਹੋਏ ਐਫ.ਆਈ.ਆਰ. ਨੰਬਰ 416/84 ‘ਚ ਸਾਰੀਆਂ ਸ਼ਿਕਾਇਤਾਂ ਨੱਥੀ ਕਰ ਦਿੱਤੀਆਂ ਸਨ, ਜਿਸ ‘ਚੋਂ ਸਿਰਫ਼ 5 ਸ਼ਿਕਾਇਤਾਂ ‘ਤੇ ਹੇਠਲੀ ਅਦਾਲਤ ‘ਚ ਦਿੱਲੀ ਪੁਲਿਸ ਨੇ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਸੀ। ਬਾਅਦ ‘ਚ ਪੁਲਿਸ ਵੱਲੋਂ ਗਵਾਹਾਂ ਦੇ ਨਾ ਮਿਲਣ ਦਾ ਹਵਾਲਾ ਦੇਣ ਉਪਰੰਤ ਹੇਠਲੀ ਅਦਾਲਤ ਨੇ ਦੋਸ਼ੀਆਂ ਨੂੰ ਦੋਸ਼ ਮੁਕਤ ਕਰ ਦਿੱਤਾ ਸੀ। 2000 ਵਿਖੇ ਐਨ.ਡੀ.ਏ. ਸਰਕਾਰ ਵੱਲੋਂ ਬਣਾਏ ਗਏ ਨਾਨਾਵਤੀ ਕਮਿਸ਼ਨ ਕੋਲ ਵੀ ਦਿੱਲੀ ਪੁਲਿਸ ਦੀ ਇਸ ਕਾਰਵਾਈ ਬਾਰੇ ਪੀੜਤਾਂ ਨੇ ਆਪਣਾ ਵਿਰੋਧ ਦਰਜ ਕਰਾਇਆ ਸੀ। 5 ਸਾਲ ਤੱਕ ਚੱਲੇ ਕਮਿਸ਼ਨ ਨੇ 2005 ‘ਚ ਉਕਤ 5 ਕੇਸਾਂ ਨੂੰ ਮੁੜ ਤੋਂ ਖੋਲ੍ਹਣ ਦਾ ਆਦੇਸ਼ ਦਿੱਤਾ ਸੀ।

ਜ਼ਿਕਰਯੋਗ ਹੈ ਕਿ 1984 ਵਿਚ ਦਿੱਲੀ ਸਣੇ ਸਮੁੱਚੇ ਭਾਰਤ ਵਿਚ ਹਜ਼ਾਰਾਂ ਸਿੱਖਾਂ ਦਾ ਸਰਕਾਰੀ ਸ਼ਹਿ ‘ਤੇ ਯੋਜਨਾਬੱਧ ਤਰੀਕੇ ਨਾਲ ਕਤਲੇਆਮ ਕੀਤਾ ਗਿਆ। 32 ਸਾਲ ਬੀਤ ਜਾਣ ਦੇ ਬਾਵਜੂਦ ਵੀ ਦੋਸ਼ੀਆਂ ਨੂੰ ਸਜ਼ਾ ਨਹੀਂ ਮਿਲੀ ਸਗੋਂ ਉਹ ਸੱਤਾ ਦੇ ਉੱਚੇ ਅਹੁਦਿਆਂ ਦਾ ਅਨੰਦ ਮਾਣਦੇ ਰਹੇ ਹਨ।

ਸਬੰਧਤ ਖ਼ਬਰ:  1984 ਸਿੱਖ ਕਤਲੇਆਮ: 32 ਸਾਲ ਬਾਅਦ ਸੁਪਰੀਮ ਕੋਰਟ ਨੇ 190 ਕੇਸਾਂ ਦੀਆਂ ਫਾਈਲਾਂ ਮੰਗੀਆਂ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: