ਨਵੰਬਰ 1984 ਸਿੱਖ ਨਸਲਕੁਸ਼ੀ

ਸਿੱਖ ਖਬਰਾਂ

ਦਿੱਲੀ ਸਿੱਖ ਕਤਲੇਆਮ ਦੇ ਕੇਸ ਵਿੱਚ ਉਮਰ ਕੈਦ ਭੋਗ ਰਹੇ ਬਲਵਾਨ ਖੋਖਰ ਨੂੰ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ

By ਸਿੱਖ ਸਿਆਸਤ ਬਿਊਰੋ

October 07, 2015

ਨਵੀਂ ਦਿੱਲੀ (6 ਅਕਤੂਬਰ 2015): ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਤਕਲ ਤੋਂ ਬਾਅਦ ਹੋਏ ਸਿੱਖ ਕਤਲੇਆਮ ਦੇ ਇੱਕ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਬਲਵਾਨ ਖੋਖਰ ਨੂੰ ਦਿੱਲੀ ਹਾਈਕੋਰਟ ਨੇ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਉਸ ਨੂੰ ਉਸ ਦੀ ਸਿਹਤ ਦੀ ਮਾੜੀ ਹਾਲਤ ਦੇ ਬਾਵਜੂਦ ਆਤਮਸਮਰਪਣ ਲਈ ਆਖਦਿਆਂ ਕਿਹਾ ਕਿ ਜੇਲ੍ਹ ਅਧਿਕਾਰੀ ਉਸ ਦੀ ਸਿਹਤ ਦੀ ਦੇਖਭਾਲ ਕਰਨਗੇ।ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਆਰ. ਕੇ. ਗੌਬਾ ‘ਤੇ ਆਧਾਰਤ ਬੈਂਚ ਨੇ ਇਸ ਆਧਾਰ ‘ਤੇ ਕੈਦੀ ਬਲਵਾਨ ਖੋਖਰ ਨੂੰ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜੇਕਰ ਲੋੜ ਪਈ ਤਾਂ ਜੇਲ੍ਹ ਅਧਿਕਾਰੀ ਉਸ ਦੀਆਂ ਸਿਹਤ ਸਮੱਸਿਆਵਾਂ ਦੀ ਦੇਖਭਾਲ ਕਰਨਗੇ।

ਬੈਂਚ ਨੇ ਇਹ ਗੱਲ ਜੇਲ੍ਹ ਅਧਿਕਾਰੀਆਂ ਵਲੋਂ ਇਹ ਦੱਸਣ ਪਿੱਛੋਂ ਕਹੀ ਕਿ ਦੋਸ਼ੀ ਦੀਆਂ ਸਿਹਤ ਸਮੱਸਿਆਵਾਂ ਦੀ ਉਨ੍ਹਾਂ ਵਲੋਂ ਦੇਖਭਾਲ ਕੀਤੀ ਜਾ ਸਕਦੀ ਹੈ।15 ਅਪ੍ਰੈਲ ਨੂੰ ਅਦਾਲਤ ਨੇ ਇਹ ਦੱਸੇ ਜਾਣ ਕਿ ਦੋਸ਼ੀ ਬਲਵਾਨ ਖੋਖਰ ਦੀ ਜੇਲ੍ਹ ਵਿਚ ਡਿਗਣ ਕਾਰਨ ਹੱਥ ਦੀ ਹੱਡੀ ਟੁੱਟ ਗਈ ਹੈ ਪਿੱਛੋਂ ਉਸ ਬਾਰੇ ਮੈਡੀਕਲ ਰਿਪੋਰਟ ਦੇਣ ਲਈ ਕਿਹਾ ਸੀ।

ਜ਼ਿਕਰਯੋਗ ਹੈ ਕਿ ਇੰਦਰਾ ਗਾਂਧੀ ਦੀ ਹੱਤਿਆ ਪਿੱਛੋਂ ਇਕ ਨਵੰਬਰ 1984 ਨੂੰ ਦਿੱਲੀ ਛਾਉਣੀ ਦੇ ਰਾਜ ਨਗਰ ਇਲਾਕੇ ਵਿਚ ਇਕ ਪਰਿਵਾਰ ਦੇ ਪੰਜ ਜੀਆਂ ਦੇ ਕਤਲ ਨਾਲ ਸਬੰਧਤ ਮਾਮਲੇ ਵਿਚ ਖੋਖਰ, ਕੈਪਟਨ ਭਾਗਮਲ ਅਤੇ ਗਿਰਧਾਰੀ ਲਾਲ ਅਤੇ ਦੋ ਹੋਰਨਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।ਉਨ੍ਹਾਂ ਨੇ ਮਈ 2013 ਵਿਚ ਹੇਠਲੀ ਅਦਾਲਤ ਵਲੋਂ ਦਿੱਤੀ ਸਜ਼ਾ ਨੂੰ ਚੁਣੌਤੀ ਦਿੱਤੀ ਸੀ।

ਹੇਠਲੀ ਅਦਾਲਤ ਨੇ ਮਾਮਲੇ ਵਿਚ ਕਾਂਗਰਸੀ ਨੇਤਾ ਸੱਜਣ ਕੁਮਾਰ ਨੂੰ ਬਰੀ ਕਰ ਦਿੱਤਾ ਸੀ ਪਰ ਬਲਵਾਨ ਖੋਖਰ, ਭਾਗਮਲ ਅਤੇ ਗਿਰਧਾਰੀ ਲਾਲ ਨੂੰ ਉਮਰ ਕੈਦ ਅਤੇ ਦੋ ਹੋਰਨਾਂ ਸਾਬਕਾ ਵਿਧਾਇਕ ਮਹੇਂਦਰ ਯਾਦਵ ਅਤੇ ਕਿਸ਼ਨ ਖੋਖਰ ਨੂੰ ਤਿੰਨ-ਤਿੰਨ ਸਾਲ ਦੀ ਸਜ਼ਾ ਸੁਣਾਈ ਸੀ।ਸਜ਼ਾ ਯਾਫ਼ਤਾ ਕੈਦੀਆਂ ਨੇ ਹਾਈ ਕੋਰਟ ਕੋਲ ਅਪੀਲ ਦਾਇਰ ਕੀਤੀ ਸੀ ਜਦਕਿ ਸੀ. ਬੀ. ਆਈ. ਨੇ ਤਿੰਨਾਂ ਨੂੰ ਫਾਂਸੀ ਦੀ ਸਜ਼ਾ ਦੇਣ ਲਈ ਅਪੀਲ ਕਰਦਿਆਂ ਦੋਸ਼ ਲਾਇਆ ਕਿ ਉਨ੍ਹਾਂ ਨੇ ਨਸਲਕੁਸ਼ੀ ਦੀ ਯੋਜਨਾ ਬਣਾਈ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: