ਜੀ.ਕੇ. ਨੇ ਦੇਗੋ ਤੇਗੋ ਫ਼ਤਹਿ ਮਾਰਚ ਦੇ ਤਿੰਨ ਦਿਨੀਂ ਜਮਨਾ ਪਾਰ ਰੂਟ ਦਾ ਕੀਤਾ ਐਲਾਨ
ਨਵੀਂ ਦਿੱਲੀ: ਬਾਬਾ ਬੰਦਾ ਸਿੰਘ ਬਹਾਦਰ ਦੀ ਤੀਜ਼ੀ ਸ਼ਹੀਦੀ ਸ਼ਤਾਬਦੀ ਮੌਕੇ ਗੜ੍ਹੀ ਗੁਰਦਾਸ ਨੰਗਲ ਤੋਂ ਗੁਰਦੁਆਰਾ ਸ਼ਹੀਦੀ ਸਥਾਨ ਬਾਬਾ ਬੰਦਾ ਸਿੰਘ ਬਹਾਦਰ ਮਹਿਰੌਲੀ ਤਕ ਸਜਾਏ ਗਏ ਨਗਰ ਕੀਰਤਨ ਪ੍ਰਤੀ ਦਿੱਲੀ ਦੀਆਂ ਸੰਗਤਾਂ ਵੱਲੋਂ ਮੌਸ਼ਮ ਦੀ ਪਰਵਾਹ ਨਾ ਕਰਦੇ ਹੋਏ ਵਿਖਾਈ ਗਈ ਸ਼ਰਧਾ ਅਤੇ ਉਤਸ਼ਾਹ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਗਤਾਂ ਦਾ ਧੰਨਵਾਦ ਕੀਤਾ ਹੈ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕਿਹਾ ਕਿ ਬੀਤੇ 39 ਮਹੀਨੀਆਂ ਤੋਂ ਕਮੇਟੀ ਪ੍ਰਬੰਧ ਦੀ ਸੇਵਾ ਦੌਰਾਨ ਕਮੇਟੀ ਵੱਲੋਂ ਜੋ ਵੀ ਪ੍ਰੋਗਰਾਮ ਉਲੀਕੇ ਗਏ ਉਨ੍ਹਾਂ ਨੂੰ ਸੰਗਤਾਂ ਨੇ ਬੜੇ ਹੀ ਸੁੱਚਜੇ ਢੰਗ ਅਤੇ ਉਸਾਰੂ ਸੋਚ ਸਦਕਾ ਥਾਪੜਾ ਦਿੱਤਾ ਹੈ। ਨਗਰ ਕੀਰਤਨ ਦੇ ਅੱਜ ਦੇ ਲਗਭਗ 60 ਕਿਲੋਮੀਟਰ ਲੰਬੇ ਰੂਟ ਤੇ ਗਰਮੀ, ਮੀਂਹ ਅਤੇ ਝੱਖੜ ਦੀ ਪਰਵਾਹ ਨਾ ਕਰਦੇ ਹੋਏ ਦਿੱਲੀ ਦੀਆਂ ਸੰਗਤਾਂ ਵੱਲੋਂ ਪਾਲਕੀ ਸਾਹਿਬ ਦੀ 2-3 ਘੰਟੇ ਤਕ ਸੜਕਾਂ ਤੇ ਉਡੀਕ ਕਰਨਾ ਜਿਥੇ ਸੰਗਤਾਂ ਦੀ ਗੁਰੂ ਪ੍ਰਤੀ ਸ਼ਰਧਾ ਪ੍ਰਗਟਾੳਂੁਦਾ ਹੈ ।
ਜੀ.ਕੇ. ਨੇ ਨਗਰ ਕੀਰਤਨ ਵਿਚ ਸਹਿਯੋਗ ਕਰਨ ਵਾਲੀਆਂ ਸਾਰੀ ਜਥੇਬੰਦੀਆਂ ਦਾ ਧੰਨਵਾਦ ਜਤਾਉਂਦੇ ਹੋਏ ਬਾਬਾ ਬੰਦਾ ਸਿੰਘ ਬਹਾਦਰ ਦਾ ਬੁੱਤ ਹਰ ਹਾਲਾਤ ਵਿਚ ਕਮੇਟੀ ਵੱਲੋਂ ਦਿੱਲੀ ਵਿਖੇ ਲਗਾਉਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਚੇਤਾ ਕਰਵਾਇਆ ਕਿ ਸਿੱਖ ਇੱਕ ਵਾਰ ਜਿਸ ਗੱਲ ਨੂੰ ਸੋਚ ਲੈਂਦਾ ਹੈ ਉਸਨੂੰ ਨੇਪਰੇ ਚਾੜ੍ਹ ਕੇ ਹੀ ਸਾਹ ਲੈਂਦਾ ਹੈ। ਜੀ.ਕੇ. ਨੇ ਸੰਗਤਾਂ ਪਾਸੋਂ ਮਹਿਰੌਲੀ ਪਾਰਕ ਵਿਚ ਹੀ ਬੁੱਤ ਲਗਾਉਣ ਦੀ ਪ੍ਰਵਾਨਗੀ ਮਤੇ ਰਾਹੀਂ ਲਈ।
‘‘ਦੇਗੋ ਤੇਗੋ ਫ਼ਤਹਿ ਮਾਰਚ’’ ਦੇ ਗੁਰਦੁਆਰਾ ਬਾਲਾ ਸਾਹਿਬ ਤੋਂ 31 ਮਈ 2016 ਨੂੰ ਆਰੰਭ ਹੋਣ ਦੀ ਵੀ ਜਾਣਕਾਰੀ ਦਿੱਤੀ। ਜੀ.ਕੇ. ਨੇ ਦੱਸਿਆ ਕਿ ਪਹਿਲੇ ਤਿੰਨ ਦਿਨ ਉਕਤ ਯਾਤਰਾ ਜਮਨਾ ਪਾਰ ’ਚ ਰਹੇਗੀ ਜਿਸ ਦੌਰਾਨ 31 ਮਈ ਸ਼ਾਮ ਨੂੰ ਯਾਤਰਾ ਦਾ ਰਾਤ੍ਰੀ ਵਿਸ਼ਰਾਮ ਗੁਰਦੁਆਰਾ ਹਰਿਗੋਬਿੰਦ ਇੰਕਲੈਵ, 1 ਜੂਨ ਨੂੰ ਰਾਤ੍ਰੀ ਵਿਸ਼ਰਾਮ ਡੇਰਾ ਬਾਬਾ ਕਰਮ ਸਿੰਘ ਅਤੇ 2 ਜੂਨ ਰਾਤ੍ਰੀ ਵਿਸ਼ਰਾਮ ਗੁਰਦੁਆਰਾ ਨਾਨਕਸਰ ਵਿਖੇ ਹੋਵੇਗਾ।
ਸ਼ਤਾਬਦੀ ਨੂੰ ਸਮਰਪਿਤ ਗਾਇਕ ਸਿਮਰਨਜੀਤ ਸਿੰਘ ਵੱਲੋਂ ਗਾਏ ਗਏ ਇੱਕ ਧਾਰਮਿਕ ਗੀਤ ਨੂੰ ਮਾਤਾ ਸੁੰਦਰੀ ਕਾੱਲਜ ਔਡੀਟੋਰੀਅਮ ’ਚ 31 ਮਈ ਨੂੰ ਜਾਰੀ ਕਰਨ ਦਾ ਵੀ ਜੀ.ਕੇ. ਨੇ ਐਲਾਨ ਕੀਤਾ। ਐਤਵਾਰ ਨੂੰ ਨਗਰ ਕੀਰਤਨ ਦੌਰਾਨ ਸਵੇਰੇ 11 ਵਜੇ ਤੋਂ ਰਾਤ 11 ਵਜੇ ਤਕ ਦਿੱਲੀ ਦੀਆਂ ਸੜਕਾਂ ’ਤੇ ਸੰਗਤਾਂ ਦੇ ਆਏ ਹੜ੍ਹ ਨੂੰ ਜੀ.ਕੇ. ਨੇ ਗੁਰੂ ਮਹਾਰਾਜ ਦੀ ਬਖ਼ਸ਼ਿਸ਼ ਦੇ ਤੌਰ ਤੇ ਪਰਿਭਾਸ਼ਿਤ ਕੀਤਾ।
ਇਸ ਮੌਕੇ ਸੀਨੀਅਰ ਅਕਾਲੀ ਆਗੂ ਕੁਲਦੀਪ ਸਿੰਘ ਭੋਗਲ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਹਰਵਿੰਦਰ ਸਿੰਘ ਕੇ.ਪੀ., ਜਸਬੀਰ ਸਿੰਘ ਜੱਸੀ, ਗੁਰਵਿੰਦਰ ਪਾਲ ਸਿੰਘ, ਮਨਮੋਹਨ ਸਿੰਘ, ਜਤਿੰਦਰਪਾਲ ਸਿੰਘ ਗੋਲਡੀ, ਕੈਪਟਨ ਇੰਦਰਪ੍ਰੀਤ ਸਿੰਘ, ਗੁਰਦੇਵ ਸਿੰਘ ਭੋਲਾ, ਬੀਬੀ ਧੀਰਜ ਕੌਰ, ਅਮਰਜੀਤ ਸਿੰਘ ਪਿੰਕੀ ਅਤੇ ਕਾਨੂੰਨੀ ਵਿਭਾਗ ਮੁਖੀ ਜਸਵਿੰਦਰ ਸਿੰਘ ਜੌਲੀ ਵੱਲੋਂ ਨਗਰ ਕੀਰਤਨ ਦਾ ਸੁਆਗਤ ਕੀਤਾ ਗਿਆ।