ਸਿਆਸੀ ਖਬਰਾਂ

ਦਿੱਲੀ ਕਮੇਟੀ ਪੈਸੇ ਦੀ ਦੁਰਵਰਤੋਂ ਕਰਕੇ ਸਿੱਖਾਂ ਨੂੰ ਮੂਰਤੀਵਾਦ ਨਾਲ ਜੋੜ ਰਹੀ ਹੈ: ਸ਼੍ਰੋਮਣੀ ਅਕਾਲੀ ਦਲ ਦਿੱਲੀ

By ਸਿੱਖ ਸਿਆਸਤ ਬਿਊਰੋ

June 26, 2016

ਨਵੀਂ ਦਿੱਲੀ: ਦਿੱਲੀ ਕਮੇਟੀ ਪ੍ਰਬੰਧਕਾਂ ਦੀ ਕਾਰਜਸ਼ੈਲੀ ’ਤੇ ਸਵਾਲ ਖੜੇ ਕਰਦੇ ਹੋਏ ਦਮਨਦੀਪ ਸਿੰਘ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਸ਼ਤਾਬਦੀ ਪ੍ਰੋਗਰਾਮ ਵੱਡੇ ਪੱਧਰ ’ਤੇ ਮਨਾਉਣ ਦੀ ਆੜ ਹੇਠ ਗੁਰੂ ਦੀ ਗੋਲਕ ਦੀ ਭਾਰੀ ਦੁਰਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਸ਼ਤਾਬਦੀ ਨੂੰ ਸਮਰਪਿਤ ਦਿੱਲੀ ਦੇ ਕਈ ਇਲਾਕਿਆਂ ’ਚ ਨਗਰ ਕੀਰਤਨ ਕੱਢੇ ਗਏ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਇਨ੍ਹਾਂ ਨਗਰ ਕੀਰਤਨਾਂ ਵਿਚ ਜਿਥੇ ਜ਼ਿਆਦਾਤਰ ਸਿੱਖ ਸੰਗਤਾਂ ਨੇ ਹਾਜ਼ਰੀ ਭਰਨ ਤੋਂ ਪਾਸਾ ਵੱਟੀ ਰੱਖਿਆ ਉਥੇ ਹੀ ਸੱਤਾ ਧਾਰੀ ਧਿਰ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰ ਤੇ ਪਾਰਟੀ ਦੇ ਹੋਰਨਾ ਆਗੂ ਵੀ ਗੈਰ-ਹਾਜ਼ਰ ਨਜ਼ਰ ਆਏ।

ਦਮਨਦੀਪ ਸਿੰਘ ਨੇ ਕਿਹਾ ਕਿ ਪਿਛੋਕੜ ’ਚ ਦਿੱਲੀ ਕਮੇਟੀ ਪ੍ਰਬੰਧਕਾਂ ਨੇ ਗੋਲਕ ਦੀ ਭਾਰੀ ਦੁਰਵਰਤੋਂ ਕੀਤੀ ਹੈ ਅਤੇ ਸ਼ਾਇਦ ਇਸੇ ਕਰਕੇ ਹੁਣ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਕਮੇਟੀ ਪ੍ਰਬੰਧਕਾਂ ਵੱਲੋਂ ਗੋਲਕ ਦੀ ਖੁਰਦ ਬੁਰਦ ਕੀਤੀ ਗਈ ਰਕਮ ਨੂੰ, ਨਗਰ ਕੀਰਤਨਾਂ ਸਮੇਤ ਹੋਰਨਾ ਪ੍ਰੋਗਰਾਮਾਂ ’ਚ ਖਰਚ ਹੋਣ ਵਾਲੇ ਖਰਚਿਆਂ ’ਚ ਜੋੜ ਕੇ ਹਿਸਾਬ ਬਰਾਬਰ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਦਿੱਲੀ ਦੀਆਂ ਕਈ ਸੜਕਾਂ ਅਤੇ ਬੱਚਿਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਕਿਤਾਬਾਂ ਵਿਚ ਬਾਬਾ ਬੰਦਾ ਸਿੰਘ ਬਹਾਦਰ ਦੀ ਬਜਾਏ ਵੀਰ ਬੰਦਾ ਬੈਰਾਗੀ ਲਿੱਖ ਕੇ ਹਿੰਦੂ ਯੋਧੇ ਵਜੋਂ ਦਰਸਾਇਆ ਗਿਆ ਹੈ ਅਤੇ ਬੀਤੇ ਦਿਨੀਂ ਦਿੱਲੀ ਕਮੇਟੀ ਅਧੀਨ ਖਾਲਸਾ ਕਾਲਜ ਵਿਚ ਵੀਰ ਬੰਦਾ ਬੈਰਾਗੀ ਦੇ ਨਾਂਅ ’ਤੇ ਹੋਇਆ ਸੈਮੀਨਾਰ ਇਸ ਦਾ ਪ੍ਰਤੱਖ ਉਦਾਹਰਨ ਹੈ। ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਤੋਂ ਸ਼ਤਾਬਦੀ ਮਨਾਉਣ ਦੀ ਤਿਆਰੀਆਂ ’ਚ ਜੁਟੀ ਕਮੇਟੀ ਨੇ ਸਰਕਾਰੀ ਪੱਧਰ ਅਤੇ ਕਿਤਾਬਾਂ ’ਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਂਅ ਠੀਕ ਕਰਵਾਉਣ ਪ੍ਰਤੀ ਦਿਲਚਸਪੀ ਕਿਉਂ ਨਹੀਂ ਵਿਖਾਈ।

ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ’ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਤਾਬਦੀ ਮਨਾਉਣ ਦਾ ਦਿੱਲੀ ਕਮੇਟੀ ਦਾ ਫੈਸਲਾ ਇਸ ਕਰਕੇ ਵੀ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਹੈ ਕਿਉਂਕਿ ਪਿਛੋਕੜ ’ਚ ਦਿੱਲੀ ਕਮੇਟੀ ਵੱਲੋਂ ਕਿਸੇ ਗੁਰੂ ਸਾਹਿਬ ਨਾਲ ਸਬੰਧਿਤ ਦਿਹਾੜੇ ਨੂੰ ਇੰਨੇ ਵੱਡੇ ਪੱਧਰ ’ਤੇ ਨਹੀਂ ਮਨਾਇਆ ਗਿਆ।ਉਨ੍ਹਾਂ ਕਿਹਾ ਕਿ ਕੁਤਬ ਮੀਨਾਰ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ, ਪ੍ਰੰਤੂ ਇਸ ਸਮਾਗਮ ’ਚ ਦਿੱਲੀ ਕਮੇਟੀ ਵੱਲੋਂ ਜਿਸ ਤਰ੍ਹਾਂ ਤਮਾਮ ਡੇਰੇਦਾਰਾਂ ਨੂੰ ਖੁਸ਼ ਕਰਨ ਪ੍ਰਤੀ ਵਧੇਰੇ ਤਵੱਜੋ ਦਿੱਤੀ ਗਈ ਉਸ ਨਾਲ ਸੰਗਤਾਂ ’ਚ ਭਾਰੀ ਨਾਰਾਜ਼ਗੀ ਪਾਈ ਜਾ ਰਹੀ ਹੈ।

ਹੁਣ ਮਨਜਿੰਦਰ ਸਿੰਘ ਸਿਰਸਾ ਵਲੋਂ ਇੱਕ ਨਵਾਂ ਸ਼ਫੂਗਾ ਛੱਡਿਆ ਗਿਆ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਆਪ ਪ੍ਰਧਾਨ ਮੰਤਰੀ ਮੋਦੀ ਨਾਲ ਆਹਮਣੇ-ਸਾਹਮਣੇ ਗੱਲ-ਬਾਤ ਕਰਨਗੇ ਤੇ ਉਸ ਤੋਂ ਬਾਅਦ ਸੰਗਤਾਂ ਨੂੰ ਸੰਦੇਸ਼ ਦੇਣਗੇ। ਦਿੱਲੀ ਕਮੇਟੀ ਦੇ ਮੌਜੂਦਾ ਪ੍ਰਬੰਧਕ ਕੀ ਸਿੱਖਾਂ ਨੂੰ ਮੂਰਤੀਵਾਦ ਨਾਲ ਜੋੜਨਾ ਚਾਹੁੰਦੇ ਹਨ? ਉਨ੍ਹਾਂ ਦਾ ਦਾਅਵਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਵਰਚੂਅਲ ਸ਼ਰੀਰ ਲੇਜਰ ਸ਼ੋ ਜੋ ਜਰਮਨ ਟੈਕਨੋਲਜੀ ’ਤੇ ਅਧਾਰਿਤ ਹੈ, ਰਾਹੀਂ ਹੋਵੇਗਾ ਪਰ ਜਾਗਰੂਕ ਸੰਗਤਾਂ ਨੇ ਦਿੱਲੀ ਕਮੇਟੀ ਦੇ ਇਸ ਫੈਸਲੇ ਦਾ ਵਿਰੋਧ ਸ਼ੁਰੂ ਵੀ ਕਰ ਦਿੱਤਾ ਹੈ, ਕਿਉਂਕਿ ਇਸ ਲੇਜਰ ਸ਼ੋ ਨਾਲ ਸ਼ਬਦ ਦੇ ਪੁਜਾਰੀ ਸਿੱਖਾਂ ਨੂੰ ਮੂਰਤੀਵਾਦ ਨਾਲ ਜੋੜਨ ਦੀ ਕੁਚੱਜੀ ਕੋਸ਼ਿਸ ਹੋ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: