ਲਾਹੌਰ: ਅੱਜ ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਨੇ ਭਾਈ ਜੋਗਾ ਸਿੰਘ ਯੂ.ਕੇ ਅਤੇ ਭਾਈ ਅਵਤਾਰ ਸਿੰਘ ਸੰਘੇੜਾ ਦੀ ਅਗਵਾਈ ਵਿੱਚ ਲਹਿੰਦੇ ਪੰਜਾਬ ਦੇ ਗਵਰਨਰ ਜਨਾਬ ਮੁਹੰਮਦ ਸਰਵਰ ਨਾਲ ਮੁਲਾਕਾਤ ਕੀਤੀ ਅਤੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਇੱਕ ਚਿੱਠੀ ਉਹਨਾਂ ਨੂੰ ਸੌਂਪੀ ਗਈ ।
ਮੁਲਾਕਾਤ ਦੇ ਦੌਰਾਨ ਭਾਈ ਜੋਗਾ ਸਿੰਘ ਨੇ ਸਿੱਖ ਸੰਗਤਾਂ ਵਲੋਂ ਲੰਬੇ ਸਮੇਂ ਤੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਮੰਗ ਨੂੰ ਪਾਕਿਸਤਾਨੀ ਸਰਕਾਰ ਵਲੋਂ ਪ੍ਰਵਾਨ ਕੀਤੇ ਜਾਣ ਦੀ ਸ਼ਲਾਘਾ ਕੀਤੀ ਅਤੇ ਪਾਕਿਸਤਾਨੀ ਆਗੂਆਂ ਵਲੋਂ ਭਾਰਤ ਸਰਕਾਰ ਵਲੋਂ ਪਾਏ ਜਾ ਰਹੇ ਅੜਿੱਕਿਆਂ ਦੇ ਬਾਵਜੂਦ ਲਏ ਗਏ ਇਸ ਫੈੈਸਲੇ ਨੂੰ ਦਲੇਰ ਅਤੇ ਸਿਧਾਂਤਕ ਕਰਾਰ ਦਿੱਤਾ ਹੈ।
ਵਰਲਡ ਸਿੱਖ ਪਾਰਲੀਮੈਂਟ ਵਲੋਂ ਦਿੱਤੀ ਗਈ ਏਸ ਚਿੱਠੀ ਵਿੱਚ ਅਗਲੇ ਸਾਲ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਪਾਕਿਸਤਾਨ ਵਿੱਚ ਵੱਡੇ ਪੱਧਰ ਉੱਤੇ ਮਨਾਉਣ ਦਾ ਸੁਝਾਅ ਦਿੱਤਾ ਅਤੇ ਏਸ ਵਿੱਚ ਹਰ ਸੰਭਵ ਸਹਿਯੋਗ ਦੇਣ ਦਾ ਵਚਨ ਕੀਤਾ।
ਗਵਰਨਰ ਮੁਹੰਮਦ ਸਰਵਰ ਨੂੰ ਪਾਕਿਸਤਾਨ ਸਰਕਾਰ ਦੇ ਉਹਨਾਂ ਅਦਾਰਿਆਂ ਜਿਹਨਾਂ ਨੇ ਗੁਰਪੁਰਬ ਮਨਾਉਣ ਲਈ ਪ੍ਰਬੰਧ ਕਰਨੇ ਹਨ, ਉਹਨਾਂ ਦੇ ਵਰਲਡ ਸਿੱਖ ਪਾਰਲੀਮੈਂਟ ਨਾਲ ਵਰਕਿੰਗ ਕਮੇਟੀਆਂ ਬਨਾਉਣ ਦੀ ਬੇਨਤੀ ਕੀਤੀ ਤਾਂ ਕਿ ਇਹਨਾਂ ਸਮਾਗਮਾਂ ਨੂੰ ਵੱਡੇ ਪੱਧਰ ਤੇ ਮਿਲਾਉਣ ਲਈ ਸਾਂਝੇ ਉਪਰਾਲੇ ਕੀਤੇ ਜਾ ਸਕਣ ।
ਉਹਨਾਂ ਪਾਕਿਸਤਾਨ ਸਰਕਾਰ ਨੂੰ ਸੁਝਾਅ ਦਿੱਤਾ ਕਿ ਉਹ ਜਲਦ ਹੀ ਦੁਨੀਆਂ ਭਰ ਤੋਂ ਸਿੱਖ ਜਥੇਬੰਦੀਆਂ ਦੀ ਇੱਕ ਮੀਟਿੰਗ ਬੁਲਾਉਣ ਤਾਂ ਕਿ ਅਗਲੇ ਸਾਲ ਦੇ ਪ੍ਰੋਗਰਾਮਾਂ ਨੂੰ ਵਿਸ਼ਵ ਪੱਧਰੀ ਬਨਾਉਣ ਲਈ ਸਮੂਹ ਸਿੱਖਾਂ ਦੀ ਸਲਾਹ ਅਤੇ ਸਹਿਯੋਗ ਲਿਆ ਜਾ ਸਕੇ ।
ਭਾਈ ਜੋਗਾ ਸਿੰਘ ਵੱਲੋਂ ਪਾਕਿਸਤਾਨ ਸਰਕਾਰ ਨੂੰ ਵਰਲਡ ਸਿੱਖ ਪਾਰਲੀਮੈਂਟ ਦੀ ਸਥਾਪਨਾ ਬਾਰੇ ਵੀ ਜਾਣਕਾਰੀ ਦਿੱਤੀ ਗਈ ਤੇ ਵਰਲਡ ਸਿੱਖ ਪਾਰਲੀਮੈਂਟ ਦੇ ਉਦੇਸ਼ਾਂ ਬਾਰੇ ਵੀ ਉਹਨਾਂ ਨੂੰ ਆਗਾਹ ਕਰਵਾਇਆ ਅਤੇ ਦੱਸਿਆ ਗਿਆ ਕਿ ਵਰਲਡ ਸਿੱਖ ਪਾਰਲੀਮੈਂਟ ਕੌਮਾਂਤਰੀ ਪੱਧਰ ਤੇ ਸਿੱਖਾਂ ਦੀ ਨੁੰਮਾਇੰਦਗੀ ਕਰਨ ਤੇ ਸਿੱਖਾਂ ਦੇ ਹੱਕਾਂ ਲਈ ਕੰਮ ਕਰਨਾ ਲਈ ਬਣਾਈ ਗਈ ਹੈ ।
ਗਵਰਨਰ ਮੁਹੰਮਦ ਸਰਵਰ ਨੇ ਵਰਲਡ ਸਿੱਖ ਪਾਰਲੀਮੈਂਟ ਵੱਲੋਂ ਦਿੱਤੇ ਸੁਝਾਵਾਂ ਉੱਤੇ ਅਤੇ ਕੀਤੀਆਂ ਬੇਨਤੀਆਂ ਉੱਤੇ ਜਲਦ ਹੀ ਕੰਮ ਕਰਨ ਦਾ ਭਰੋਸਾ ਦਿਵਾਇਆ ।
ਵਰਲਡ ਸਿੱਖ ਪਾਰਲੀਮੈਂਟ ਦੇ ਵਫਦ ਵਿੱਚ ਭਾਈ ਹਰਵਿੰਦਰ ਸਿੰਘ, ਭਾਈ ਰਣਜੀਤ ਸਿੰਘ ਵੀ ਸ਼ਾਮਲ ਸਨ ।