– ਸੰਪਾਦਕੀ, ਔਮ੍ਰਿਤਸਰ ਟਾਈਮਜ਼ (11-17 ਅਗਸਤ)
ਮਨੁੱਖੀ ਇਤਿਹਾਸ ਜਿੱਥੇ ਸਾਨੂੰ ਅਪਣੇ ਵਿਰਸੇ, ਪਿਛੋਕੜ ਅਤੇ ਪੁਰਾਣੇ ਵੇਲਿਆਂ ਸਬੰਧੀ ਅਨਮੁੱਲ ਜਾਣਕਾਰੀ ਦਿੰਦਾ ਹੈ, ਉੱਥੇ ਇਸਦੇ ਅਜਿਹੇ ਪੱਖ ਵੀ ਹਨ ਜਿਹੜੇ ਸੱਚਾਈਆਂ ਤੋਂ ਕੋਹਾਂ ਦੂਰ ਤਾਂ ਹੁੰਦੇ ਹੀ ਹਨ ਬਲਕਿ ਗੁੰਮਰਾਹਕੁਨ ਅਤੇ ਝੂਠਾਂ ਨਾਲ ਲਬਰੇਜ਼ ਵੀ ਹੁੰਦੇ ਹਨ। ਅਸਲ ਵਿੱਚ ਇਤਿਹਾਸ ਕਹਿਣ ਨੂੰ ਤਾਂ ਸਾਨੂੰ ਮਨੁੱਖਤਾ ਦੇ ਭੂਤਕਾਲ ਸਬੰਧੀ ਦਸਦਿਆਂ ਬੜੇ ਭੇਦ ਸਾਂਝੇ ਕਰਦਾ ਹੈ ਪਰ ਇਸਦੇ ਉਲਟ ਅਜਿਹੀਆਂ ਅਣਗਿਣਤ ਉਦਾਹਰਣਾਂ ਹਨ ਜਦੋਂ ਇਤਿਹਾਸਕਾਰ ਉਲਟਾ ਘਟਨਾਵਾਂ ਨੂੰ ਬੁਝਾਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਪੇਸ਼ ਕਰਕੇ ਅਸਲੀਅਤ ਸਬੰਧੀ ਨਾ ਮਿਟਣ ਵਲਾ ਭੰਬਲਭੂਸਾ ਪੈਦਾ ਕਰ ਜਾਂਦੇ ਹਨ। ਅਕਸਰ ਕਿਹਾ ਜਾਂਦਾ ਹੈ ਕਿ ਇਤਿਹਾਸ ਉਹ ਨਹੀਂ ਜੋ ਅਸਲ ਵਿੱਚ ਹੋਇਆ ਵਾਪਰਿਆ ਸਗੋਂ ਉਹ ਹੈ ਜੋ ਇਤਿਹਾਸਕਾਰਾਂ ਨੇ ਹੋਇਆ ਵਿਖਾਇਆ ਹੂੰਦਾ ਹੈ। ਇਹ ਵਾਪਰਣ ਅਤੇ ਵਿਖਾਉਣ ਦੀ ਗੱਲ ਆਮ ਨਜ਼ਰੇ ਵੇਖਣ ਨੂੰ ਸਾਧਾਰਨ ਜਿਹੀ ਵੀ ਲੱਗ ਸਕਦੀ ਹੈ, ਪਰ ਹੈ ਬੜੀ ਗੰਭੀਰ ਅਤੇ ਵਿਚਾਰਣਯੋਗ। ਇਸੇ ਲਈ ਇਤਿਹਾਸ (ਜੋ ਵਾਪਰਿਆ) ਅਤੇ ਇਤਿਹਾਸਕ ਕਿਰਤਾਂ (ਜੋ ਲਿਖਿਆ ਗਿਆ) ਇੱਕ ਦੂਜੇ ਨਾਲ ਸਬੰਧਿਤ ਹੁੰਦੇ ਹੋਏ ਵੀ ਇੱਕ ਦੂਜੇ ਤੋਂ ਦੂਰ ਅਤੇ ਉਲਟ ਹੋ ਸਕਦੇ ਹਨ। ਦੁਨੀਆਂ ਦੇ ਇਤਿਹਾਸ ਸਬੰਧੀ ਪ੍ਰਾਪਤ ਬੇਸ਼ੁਮਾਰ ਲਿਖਤਾਂ ਚੋਂ ਇਸ ਵਿਰੋਧ ਦੇ ਅਣਗਿਣਤ ਠੋਸ ਸਬੂਤ ਮਿਲ ਜਾਂਦੇ ਹਨ। ਇਸਦਾ ਕਾਰਨ ਕਿਸੇ ਇਤਿਹਾਸਕਾਰ ਦੀ ਰਾਇ , ਜਿਹੜੀ ਉਸਦੀ ਨਿੱਜੀ ਸੋਚਣੀ ਅਤੇ ਕਿਸੇ ਹੱਦ ਤੱਕ ਸੁਚੇਤ ਜਾਂ ਅਚੇਤ ਤੌਰ ਉੱਤੇ ਇੱਕ ਖ਼ਾਸ ਵਿਚਾਰਧਾਰਾ/ਦ੍ਰਿਸ਼ਟੀਕੋਣ ਤੋਂ ਪ੍ਰਭਾਵਿਤ ਹੁੰਦੀ ਹੈ, ਦਾ ਉਸਦੀਆਂ ਲਿਖਤਾਂ ਉੱਤੇ ਅਸਰਦਾਰ ਹੋਣਾ ਹੁੰਦਾ ਹੈ। ਇਹ ਤਾਂ ਕਿਸੇ ਵੀ ਇਤਿਹਾਸਕਾਰ ਦੇ ਨਿੱਜੀ ਰਵੱਈਏ ਦੇ ਕਾਰਨ ਵਾਪਰ ਸਕਦਾ ਹੈ। ਪਰ ਇਸਤੋਂ ਗੰਭੀਰ ਸਥਿੱਤੀ ਤਾਂ ਉਦੋਂ ਪੈਦਾ ਹੁੰਦੀ ਜਦੋਂ ਇਤਿਹਾਸ ਨੂੰ ਸੱਤਾਧਾਰੀਆਂ (ਸਰਕਾਰਾਂ) ਵਲੋਂ ਵਪਰਾਇਆ/ਬਣਾਇਆ ਜਾਂਦਾ ਹੈ। ਇਸ ਸਬੰਧੀ ਕੋਈ ਦੋ ਰਾਵਾਂ ਨਹੀਂ ਕਿ ਵਿਸ਼ਵ ਇਤਿਹਾਸ ਨੂੰ ਖ਼ਾਸ ਦ੍ਰਿਸ਼ਟੀਕੋਣ ਤੋਂ ਲਿਖਣ/ਲਿਖਵਾਉਣ ਦਾ ਰੁਝਾਣ ਉਨਾ ਹੀ ਪੁਰਾਣਾ ਹੈ ਜਿੰਨੀ ਪੁਰਾਣੀ ਇਹ ਦੁਨੀਆ ਹੈ। ਇਸੇ ਲਈ ਹਰ ਕਾਲ ਦੇ ਇਤਿਹਾਸ ਉੱਤੇ ਉਸ ਵੇਲੇ ਦੀਆਂ ਸੱਤਾਧਾਰੀ ਧਿਰਾਂ ਦੀ ਛਾਪ ਅਦਿੱਖ ਹੁੰਦਿਆਂ ਵੀ ਬੜੀ ਗਹਿਰੀ ਤਰ੍ਹਾਂ ਛਾਈ ਹੋਈ ਹੁੰਦੀ ਹੈ। ਭਾਰਤ ਦੇ ਇਤਿਹਾਸ ਦੀ ਕਹਾਣੀ ਵੀ ਵੱਖਰੀ ਨਹੀਂ। ਸਗੋਂ ਇੱਥੇ ਤਾਂ ਮੁਗਲਾਂ ਅਤੇ ਹਿੰਦੂ ਸ਼ਾਸ਼ਕਾਂ ਦੇ ਕਈ ਪਾਲਤੂ ਇਤਿਹਾਸਕਾਰਾਂ ਨੇ ਘਟਨਾਵਾਂ ਨੂੰ ਆਪੋ ਅਪਣੀ ਕੌਮ ਦੇ ਹਿੱਤਾਂ ਅਨੁਸਾਰ ਪੇਸ਼ ਕਰਨ ਦਾ ‘ਇਤਿਹਾਸਕ ਕਾਰਜ ਬਾਖੂਬੀ’ ਨਿਭਾਇਆ । ਦੇਸ਼ ਦੇ ਆਜ਼ਾਦ ਹੋਣ ਬਾਅਦ ਇਤਿਹਾਸਕਾਰਾਂ, ਜਿਨ੍ਹਾਂ ਦੀ ਵੱਡੀ ਬਹੁਗਿਣਤੀ ਦਾ ਹਿੰਦੂ ਹੋਣਾ ਸੁਭਾਵਕ ਹੀ ਸੀ, ਨੇ ਭਾਰਤ ਦੀ ਅਜ਼ਾਦੀ ਦੇ ਇਤਿਹਾਸ ਨੂੰ ਅਪਣੇ ਧਰਮ ਅਤੇ ਭਾਈਚਾਰੇ ਦੀ ਉੱਚਤਾ ਅਤੇ ਚੜ੍ਹਤ ਵਿਖਾਉਣ ਦੀ ਦ੍ਰਿਸ਼ਟੀ ਤੋਂ ਪੇਸ਼ ਕਰਨ ਦਾ ‘ਸਿਧਾਂਤਕ ਧਰਮ’ ਬੜੀ ਬੇਸ਼ਰਮੀ ਨਾਲ ਨਿਭਾਇਆ ਹੈ। ਖ਼ੈਰ ਮੁਸਲਮਾਨਾਂ ਸਬੰਧੀ ਪੱਖਪਾਤ ਤਾਂ ਇਨ੍ਹਾਂ ਹਿੰਦੂ ਇਤਿਹਾਸਕਾਰਾਂ ਨੇ ‘ਧਾਰਮਿਕ ਟਕਰਾਅ’ ਸਦਕਾ ਕਰਨਾ ਹੀ ਸੀ, ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਭਾਰਤ ਨੂੰ ਆਜ਼ਾਦ ਕਰਾਉਣ ਲਈ ਸਭ ਤੋਂ ਵੱਧ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਦੇ ਯੋਗਦਾਨ ਨੂੰ ਲਗਦੀ ਵਾਹ ਨਿਗੂਣਾ ਕਰਕੇ ਵਿਖਾਉਣ ਦੇ ਹਰ ਸੰਭਵ ਯਤਨ ਕੀਤੇ ਗਏ ਅਤੇ ਕੀਤਾ ਜਾ ਰਹੇ ਹਨ। ਬਹੁਤਾ ਦੂਰ ਨਾ ਜਾਈਏ ਗਦਰ ਪਾਰਟੀ ਦੇ ਖਾੜਕੂ ਸੰਘਰਸ਼, ਜਿਸਨੇ ਅੰਗਰੇਜਾਂ ਨੂੰ ਵਾਪਸ ਅਪਣੇ ਮੁਲਕ ਜਾਣ ਲਈ ਮਜਬੂਰ ਕਰਨ ਦੀ ਨੀਂਹ ਧਰੀ, ਨੂੰ ਬੜਾ ਹੀ ਘਟਾ ਕੇ ਪੇਸ਼ ਕੀਤਾ ਗਿਆ ਹੈ। ਅੱਗੋਂ ਰਹਿੰਦੀ ਖੂੰਹਦੀ ਕਸਰ ਖੱਬੇਪੱਖੀ ਇਤਿਹਾਸਕਾਰਾਂ/ਲੇਖਕਾਂ ਵਲੋਂ ਅਪਣਾਈ ‘ਧਰਮਨਿਰਪੇਖਤਾ’ ਅਤੇ ਅਖੌਤੀ ਨਿਰਪੱਖਤਾ ਨੇ ਪੂਰੀ ਕਰ ਦਿੱਤੀ। ਇਨ੍ਹਾਂ ਨੇ ਗਦਰੀ ਬਾਬਿਆਂ ਦੇ ਸਿੱਖ ਹੋਣ ਨੂੰ ਅਣਗੌਲਿਆਂ ਕਰਨ, ਇੱਥੋਂ ਤੱਕ ਕਿ ਕੇਵਲ ਅਤੇ ਕੇਵਲ ਕਮਿਊਨਿਸਟ ਵਿਖਾਉਣ ਲਈ ਤੱਥਾਂ ਤੋਂ ਅੱਖਾਂ ਮੀਚਣ ਅਤੇ ਤੋੜਣ-ਮਰੋੜਣ ਵਿੱਚ ਬੜੀ ਯੋਗਤਾ ਵਿਖਾਈ। ਇਨ੍ਹਾਂ ਗੰਭੀਰ ਉਕਤਾਈਆਂ, ਜਿਹੜੀਆਂ ਅਸਲ ਵਿੱਚ ਭੋਲੇ ਭਾਅ ਹੋਈਆਂ ਨਹੀਂ ਸਗੋਂ ਸ਼ਰਾਰਤੀ ਅਤੇ ਸਾਜ਼ਿਸੀ ਬਿਰਤੀ ਨਾਲ ਕੀਤੀਆਂ ਗਈਆਂ ਸਨ, ਨੂੰ ਸਬੂਤ ਵਜੋਂ ‘ਅੰਮ੍ਰਿਤਸਰ ਟਾਈਮਜ਼’ ਨੇ ਪਿਛਲੇ ਸਾਲ ਅਗਸਤ ਮਹੀਨੇ ਦੌਰਾਨ ਸੈਕਰਾਮੈਂਟੋ ਵਿਖੇ ਕਰਵਾਈ ਗਦਰੀ ਬਾਬਿਆਂ ਨੂੰ ਸਮਰਪਿਤ ਕਾਰਨਫਰੰਸ ਮੌਕੇ ਵਿਸ਼ੇਸ਼ ਰਿਪੋਰਟ ਛਾਪ ਕੇ ਅਸਲੀ ਤੱਥ ਲੋਕਾਂ ਸਾਹਮਣੇ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸੇ ਲੜੀ ਦੇ ਅਗਲੇ ਪੜਾਅ ਵਜੋਂ ‘ਅੰਮ੍ਰਿਤਸਰ ਟਾਈਮਜ਼’ ਦੇ 21 ਜੁਲਾਈ ਤੋਂ 27 ਜੁਲਾਈ 2010 ਦੇ ਅੰਕ ਵਿੱਚ ਛਾਪੀ ਰਾਜਿੰਦਰ ਸਿੰਘ ਰਾਹੀ ਦੀ ਰਿਪੋਰਟ ਨੇ ਅਖੌਤੀ ਸ਼ਹੀਦ ਲਾਲਾ ਲਾਜਪਤ ਰਾਏ ਦੇ ਅਸਲੀ ਰੂਪ ਨੂੰ ਜਿਸ ਕਦਰ ਉਭਾਰ ਕੇ ਸਾਹਮਣੇ ਲਿਆਂਦਾ ਉਸ ਨਾਲ ਭਾਰਤ ਦੇ ਇਤਿਹਾਸ ਦੇ ਸਿੱਖਾਂ ਪ੍ਰਤੀ ਹਨੇਰੇ ਹਰਫ਼ਾਂ ਬਾਰੇ ਡੂੰਘੀ ਤਰ੍ਹਾਂ ਘੋਖ ਕੀਤੇ ਜਾਣ ਦੀ ਲੋੜ ਨੂੰ ੳਭਰ ਕੇ ਸਾਹਮਣੇ ਆਈ ਹੈ। ਸਾਨੂੰ ਇਸ ਗੱਲ ਦੀ ਖੁਸ਼ੀ ਨਾਲੋਂ ਤਸੱਲੀ ਵੱਧ ਹੈ ਕਿ ਸਾਡੇ ਸਾਧਾਰਨ ਪਾਠਕਾਂ ਤੋਂ ਲੈ ਕੇ ਸੂਝਵਾਨ ਲੇਖਕਾਂ ਨੇ ਇਸ ਪਹੁੰਚ ਨੂੰ ਬੜਾ ਹੀ ਭਰਵਾਂ ਹੂੰਗਾਰਾ ਦਿੰਦਿਆਂ ਸਾਨੂੰ ਹੱਲਾਸ਼ੇਰੀ ਵੀ ਦਿੱਤੀ ਹੈ। ਮੌਜੂਦਾ ਸਮਿਆਂ ਵਿੱਚ ਸਾਡੇ ਹੀ ਸਾਹਮਣੇ ਵਾਪਰਦੀਆਂ ਘਟਨਾਵਾਂ ਨੂੰ ਕਿਸ ਤਰ੍ਹਾਂ ‘ਰਾਜਸੀ ਰੰਗਤ’ ਦੇ ਕੇ ਅੱਗੋਂ ਇਤਿਹਾਸ ਵਿੱਚ ਕਿਸ ਧਿਰ ਦੇ ਹਿੱਤਾਂ ਲਈ ਵਰਤਿਆ ਜਾਣਾ ਹੈ, ਕਨਿਸ਼ਕ ਕਾਂਡ ਸਬੰਧੀ ਸੀਨੀਅਰ ਪੱਤਰਕਾਰ ਅਵਤਾਰ ਸਿੰਘ ਯੂ ਕੇ ਦਾ ਇਸੇ ਸਫ਼ੇ ਉੱਤੇ ਇਸ ਵਾਰ ਛਾਪਿਆ ਜਾ ਰਿਹਾ ਖੋਜ ਭਰਭੂਰ ਲੇਖ ਸਾਡੇ ਸਭਨਾਂ ਦੇ ਕਵਾੜ ਖੋਲ੍ਹਣ ਲਈ ਕਾਫ਼ੀ ਹੈ। ਇਸੇ ਹੀ ਅੰਕ ਵਿੱਚ ਸਫ਼ਾ 11 ਉੱਤੇ ਰਾਜਿੰਦਰ ਸਿੰਘ ਰਾਹੀ ਦੀ ਢੁਡੀਕੇ ਦੇ ਸ਼ਹੀਦਾਂ ਨੂੰ ਅਣਗੌਲਿਆਂ ਕਰਨ ਸਬੰਧੀ ਰਿਪੋਰਟ ਸਾਡੇ ਵਲੋਂ ਇਤਿਹਾਸ ਦੇ ਹਨੇਰੇ ਪੱਖਾਂ ਉੱਤੇ ਰੋਸ਼ਨੀ ਪਾਉਂਦਿਆਂ ਪਾਠਕਾਂ ਨੂੰ ‘ਸੱਚਾਈ ਦੀ ਤਹਿ ਤੱਕ’ ਲਿਜਾਣ ਦੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਭਵਿੱਖ ਵਿੱਚ ਜਾਰੀ ਰੱਖਣ ਦਾ ਦਾਅਵਾ ਘੱਟ ਅਤੇ ਵਾਅਦਾ ਵੱਧ ਹੈ।
ਧੰਨਵਾਦ ਸਹਿਤ ਅੰਮ੍ਰਿਤਸਰ ਟਾਈਮਜ਼ ਦੇ ਅੰਕ 11 ਤੋਂ 17 ਅਗਸਤ, 2010 ਵਿੱਚੋਂ।