ਹੁਸ਼ਿਆਰਪੁਰ: ਭਾਰਤੀ ਗਣਤੰਤਰ ਦਿਨ ਨੂੰ ਸਿੱਖਾਂ ਲਈ ਵਿਸਾਹਘਾਤ ਦਿਹਾੜਾ ਦੱਸਦਿਆਂ, ਦਲ ਖਾਲਸਾ ਨੇ ਯੂ.ਐਨ. ਦੀ ਸੁਰਖਿਆ ਕੌਂਸਲ ਦੇ ਪੰਜ ਸਥਾਈ ਮੈਂਬਰਾਂ ਕੋਲੋਂ ਮੰਗ ਕੀਤੀ ਹੈ ਕਿ ਉਹ ਭਾਰਤ ਉਤੇ ਆਪਣਾ ਕੂਟਨੀਤਿਕ ਦਬਾਅ ਪਾਵੇ ਅਤੇ ਇਸ ਖਿਤੇ ਵਿੱਚ ਵਸਦੀਆਂ ਕੌਮਾਂ ਤੇ ਕੌਮੀਅਤਾਂ ਨੂੰ ਸਵੈ-ਨਿਰਣੇ ਦਾ ਹੱਕ ਦਿਵਾਉਣ ਵਿੱਚ ਮਦਦਗਾਰ ਹੋਵੇ।
ਸਿੱਖਾਂ ਨਾਲ ਸੰਵਿਧਾਨਕ ਅਤੇ ਰਾਜਸੀ ਪ੍ਰਬੰਧਕੀ ਢਾਂਚੇ ਰਾਹੀਂ ਲਗਾਤਾਰ ਕੀਤੀਆਂ ਜਾ ਰਹੀਆਂ ਬੇਇਨਸਾਫੀਆਂ ਅਤੇ ਵਧੀਕੀਆਂ ਵਿਰੁੱਧ ਦਲ ਖਾਲਸਾ ਨੇ 26 ਜਨਵਰੀ ਦੇ ਜਸ਼ਨਾਂ ਦਾ ਵਿਰੋਧ ਕੀਤਾ ਅਤੇ ਪੰਜਾਬ ਦੇ ਤਿੰਨ ਸ਼ਹਿਰਾਂ- ਅੰਮ੍ਰਿਤਸਰ, ਹੁਸ਼ਿਆਰਪੁਰ ਅਤੇ ਜੀਰੇ ਵਿੱਚ ਰੋਸ-ਵਿਖਾਵੇ ਕੀਤੇ। ਇਹਨਾਂ ਵਿਖਾਵਿਆਂ ਦੇ ਪ੍ਰਬੰਧਕਾਂ ਨੇ ਭਾਰਤੀ ਗਣਤੰਤਰ ਦਿਹਾੜੇ ਨੂੰ ਸਿੱਖਾਂ ਲਈ ਕਾਲਾ ਗਣਤੰਤਰ ਦਿਹਾੜਾ ਦਸਿਆ।
ਦਲ ਖਾਲਸਾ ਵਲੋਂ ਜਾਰੀ ਇਹ ਬਿਆਨ ਵਿਚ ਕਿਹਾ ਗਿਆ ਹੈ ਕਿ 26 ਦੇ ਸਰਕਾਰੀ ਜਸ਼ਨਾਂ ਦੇ ਮੁਕਾਬਲੇ ਤੇ ਦਲ ਖਾਲਸਾ ਵਲੋਂ ਸਵੈ ਨਿਰਣੇ ਦਾ ਹੱਕ ਹਾਸਲ ਕਰਨ ਲਈ ਕੀਤੇ ਗਏ ਵਿਖਾਵਿਆਂ ਦੀ ਅਗਵਾਈ ਸਿੱਖ ਪ੍ਰਭੂਸੱਤਾ ਦੇ ਪ੍ਰਤੀਕ ਖਾਲਸਾਈ ਝੰਡੇ ਹੇਠ ਕੀਤੀ।
ਦਲ ਦੇ ਆਗੂਆਂ ਨੇ 36 ਜਨਵਰੀ ਦੇ ਜਸ਼ਨਾਂ ਦੇ ਵਿਰੋਧ ਨੂੰ ਜਾਇਜ ਦਸਦਿਆਂ ਕਿਹਾ ਕਿ ਮੌਜੂਦਾ ਸੰਵਿਧਾਨ ਸਿੱਖਾਂ ਦੀ ਨਿਆਰੀ ਪਛਾਣ ਤੇ ਹੋਂਦ ਤੋਂ ਮੁਨਕਰ ਹੈ। ਉਨ੍ਹਾਂ ਕਿਹਾ ਕਿ “ਸਾਡੇ ਹੱਕ ਹਕੂਕ ਖੋਹੇ ਗਏ ਹਨ, ਪੰਜਾਬ ਦੇ ਪਾਣੀ ਲੁੱਟੇ ਜਾ ਰਹੇ ਹਨ, ਸਰਕਾਰਾਂ ਸਵੈ-ਨਿਰਣੇ ਦਾ ਹੱਕ ਦੇਣ ਤੋਂ ਮੁਨਕਾਰ ਹਨ, ਪੁਲਿਸ ਅਤੇ ਸੁਰਖਿਆ ਫੋਰਸਾਂ ਨੂੰ ਬੇਤਹਾਸ਼ਾ ਤਾਕਤਾਂ ਮਿਿਲਆਂ ਹਨ ਤਾਂ ਜੋ ਉਹ ਕਿਸੇ ਦੀ ਵੀ ਜ਼ਿੰਦਗੀ ਨਾਲ ਖੇਡ ਸਕਣ, ਸੰਵਿਧਾਨ ਅਤੇ ਤਿਰੰਗੇ ਦੀ ਆੜ ਹੇਠ ਸੈਕੜੇ ਨੌਜਵਾਨ ਗੈਰ-ਕਾਨੂੰਨੀ ਢੰਗ ਨਾਲ ਮਾਰ ਮੁਕਾਏ ਗਏ”।
ਆਗੂਆਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ 26 ਜਨਵਰੀ ਦੀ ਮੁਖਾਲਫਤ ਭਾਰਤੀ ਲੋਕਾਂ ਦੀ ਵਿਰੋਧਤਾ ਨਹੀਂ ਹੈ। ਜਥੇਬੰਦੀ ਦੇ ਕਾਰਕੁੰਨਾਂ ਨੇ “ਸੰਵਿਧਾਨ ਸਾਡਾ ਨਹੀਂ, ਤਿਰੰਗਾ ਸਾਡਾ ਨਹੀਂ, ਜਨ ਗਨ ਮਨ ਅਤੇ 26 ਜਨਵਰੀ ਸਾਡੀ ਨਹੀਂ” ਦੇ ਨਾਅਰੇ ਮਾਰੇ।
ਦਲ ਦੇ ਮੁਖੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਿੱਖ ਇੱਕ ਵੱਖਰੀ ਕੌਮ ਹੈ ਅਤੇ ਆਪਣੀ ਕਿਸਮਤ ਦੀ ਮਾਲਕ ਵੀ ਆਪ ਹੀ ਬਨਣਾ ਲੋਚਦੀ ਹੈ। ਸਿੱਖਾਂ ਨੂੰ ਦਿੱਲੀ ਤੋਂ ਥੋਪੇ ਜਾਂਦੇ ਫੈਸਲੇ ਪ੍ਰਵਾਨ ਨਹੀਂ ਹਨ। ਉਹਨਾਂ ਕਿਹਾ ਕਿ ਭਾਰਤ ਅਤੇ ਸਿੱਖ ਕੌਮ ਵਿਚਾਲੇ ਖਿਚੋਤਾਣ ਦਾ ਪੱਕਾ ਹੱਲ ਸਿੱਖਾਂ ਨੂੰ ਸਵੈ-ਨਿਰਣੇ ਦਾ ਹੱਕ ਦੇਣ ਅਤੇ ਉਸਨੂੰ ਲਾਗੂ ਕਰਨ ਨਾਲ ਹੀ ਹੋਵੇਗਾ।
ਦਲ ਦੇ ਸਾਬਕਾ ਮੁਖੀ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਸੰਵਿਧਾਨਕ ਮੱਦਾਂ ਲਗਾਤਾਰ ਸਿੱਖਾਂ ਨੂੰ ਠਿੱਠ ਕਰ ਕਰੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਰਾਜ ਵਲੋਂ ਪਿਛਲੇ ਸੱਤ ਦਹਾਕਿਆਂ ਤੋਂ ਰਾਇਪੇਰੀਅਨ ਸਿਧਾਂਤ ਅਤੇ ਆਪਣੇ ਹੀ ਸੰਵਿਧਾਨ ਦੀ ਭਾਵਨਾ ਦੇ ਉਲਟ ਜਾ ਕੇ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਵੀ ਪੁਲਿਸ ਦੇ ਦਬਦਬੇ ਤੋਂ ਮੁਕਤ ਨਹੀਂ ਹੈ, ਇਸੇ ਲਈ ਬਹਿਬਲ ਕਲਾਂ ਗੋਲੀ ਕਾਂਡ ਦੇ ਸੁਮੇਧ ਸਿੰਘ ਸੈਣੀ ਸਾਰੇ ਦਾਗੀ ਤੇ ਦੋਸ਼ੀ ਅਫਸਰ ਕਾਨੂੰਨ ਦੀ ਪਕੜ ਤੋਂ ਆਜ਼ਾਦ ਘੁੰਮ ਰਹੇ ਹਨ।
ਪਰਮਜੀਤ ਸਿੰਘ ਟਾਂਡਾ, ਰਣਬੀਰ ਸਿੰਘ, ਹਰਮਿੰਦਰ ਸਿੰਘ ਹਰਮੋਏ, ਗੁਰਦੀਪ ਸਿੰਘ ਕਾਲਕੱਟ, ਗੁਰਪ੍ਰੀਤ ਸਿੰਘ, ਦਿਲਬਾਗ ਸਿੰਘ ਗੁਰਦਾਸਪੁਰ, ਕੁਲਵੰਤ ਸਿੰਘ ਫੇਰੂਮਾਨ, ਕੁਲਦੀਪ ਸਿੰਘ ਦੀ ਅਗਵਾਈ ਹੇਠ ਨੌਜਵਾਨਾਂ ਨੇ ਸ਼ਹਿਰ ਦੇ ਬਾਜ਼ਾਰਾਂ ਵਿੱਚ ਨਾਅਰਿਆਂ ਦੀ ਗੂੰਜ ਨਾਲ ਮਾਰਚ ਕੱਢਿਆ ਗਿਆ।
ਯੂਥ ਵਿੰਗ ਦੇ ਪ੍ਰਧਾਨ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪਿਛਲੀ ਅਤੇ ਮੌਜੂਦਾ ਸਰਕਾਰ ਦੇ ਰਵਈਏ ਤੋਂ ਇਹ ਗੱਲ ਪੁਖਤਾ ਹੁੰਦੀ ਹੈ ਕਿ ਇਸ ਮੁਲਕ ਅੰਦਰ ਦੋਸ਼ੀ ਪੁਲਿਸ ਅਫਸਰਾਂ ਨੂੰ ਕਾਨੂੰਨ ਦੀ ਲਪੇਟ ਤੋਂ ਬਚਾਉਣ ਲਈ ਬਾਰ-ਬਾਰ ਇਨਸਾਫ ਦਾ ਗਲਾ ਘੁਟਿਆ ਜਾਂਦਾ ਹੈ। ਉਹਨਾਂ ਕਿਹਾ ਕਿ ਦੂਜੇ ਪਾਸੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਰਾਜਨੀਤਿਕ ਕੈਦੀਆਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।