ਹੁਸ਼ਿਆਰਪੁਰ (4 ਅਗਸਤ 2014): 14 ਅਤੇ 15 ਅਗਸਤ 1947 ਨੂੰ ਮੁਸਲਮਾਨਾਂ ਨੂੰ ਪਾਕਿਸਤਾਨ ਅਤੇ ਹਿੰਦੂਆਂ ਨੂੰ ਹਿੰਦੋਸਤਾਨ ਮਿਲਿਆ ਪਰ ਸਿੱਖ ਆਜ਼ਾਦੀ ਦਾ ਆਨੰਦ ਮਾਨਣ ਤੋਂ ਵਾਂਝੇ ਰਹਿ ਗਏ। ਉਸ ਦਿਨ ਤੋਂ ਹੀ ਸਿੱਖ ਆਪਣੇ ਰਾਜ ਭਾਗ ਅਤੇ ਕੌਮੀ ਘਰ ਲਈ ਜੱਦੋਜਹਿਦ ਕਰ ਰਹੇ ਹਨ। ਦਲ ਖਾਲਸਾ ਨੇ ਵਿਸ਼ਵਾਸ ਜਤਾਉਂਦਿਆਂ ਕਿਹਾ ਕਿ ਸਿੱਖਾਂ ਦਾ ਸਵੈ-ਨਿਰਣੇ ਲਈ ਸੰਘਰਸ਼ ਜੋ ਪਿਛਲੇ 3 ਦਹਾਕਿਆਂ ਤੋਂ ਜਾਰੀ ਹੈ, ਫ਼ਤਿਹਯਾਬੀ ਤੱਕ ਜਾਰੀ ਰਹੇਗਾ। ਇਹ ਪ੍ਰਗਟਾਵਾ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਆਗੂ ਕੰਵਰਪਾਲ ਸਿੰਘ ਅਤੇ ਡਾ. ਮਨਜਿੰਦਰ ਸਿੰਘ ਵੀ ਮੌਜੂਦ ਸਨ।
ਪਾਕਿਸਤਾਨ ਅਤੇ ਭਾਰਤ ਵੱਲੋਂ 14 ਤੇ 15 ਅਗਸਤ ਨੂੰ ਮਨਾਏ ਜਾ ਰਹੇ ਆਪੋ-ਆਪਣੇ ਆਜ਼ਾਦੀ ਦਿਹਾੜਿਆਂ ਦੇ ਸਬੰਧ ਵਿੱਚ ਸਿੱਖ ਜਥੇਬੰਦੀ ਦਲ ਖਾਲਸਾ ਨੇ 13 ਅਗਸਤ ਨੂੰ ‘ਆਜ਼ਾਦੀ ਸੰਕਲਪ ਦਿਵਸ’ ਵਜੋਂ ਮਨਾਉਣ ਦਾ ਫ਼ੈਸਲਾ ਕੀਤਾ ਹੈ।
ਜਥੇਬੰਦੀ ਨੇ ‘ਆਜ਼ਾਦੀ ਇੱਕੋ-ਇੱਕ ਰਾਹ’ ਵਿਸ਼ੇ ‘ਤੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਜਲੰਧਰ ਵਿਖੇ ਕਾਨਫ਼ਰੰਸ ਕਰਨ ਦਾ ਐਲਾਨ ਵੀ ਕੀਤਾ।
ਉਨ੍ਹਾਂ ਕਿਹਾ ਕਿ ਹੋਂਦ ਵਿੱਚ ਆਈ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਨੂੰ ਲੈ ਕੇ ਹਰਿਆਣਾ ਤੇ ਪੰਜਾਬ ਦੇ ਸਿੱਖਾਂ ਵਿੱਚ ਜੋ ਤਣਾਅ ਅਤੇ ਟਕਰਾਅ ਦਾ ਮਾਹੌਲ ਬਣਿਆ ਹੋਇਆ ਹੈ, ਉਹ ਖ਼ਤਰਨਾਕ ਅਤੇ ਦੁਖਦਾਈ ਹੈ। ਉਨ੍ਹਾਂ ਕਿਹਾ ਕਿ ਕੌਮ ਦੇ ਅੰਦਰੂਨੀ ਟਕਰਾਅ ਅਤੇ ਪਾਟੋ-ਧਾੜ ਨੇ ਪਹਿਲਾਂ ਹੀ ਸਿੱਖਾਂ ਦੇ ਅਕਸ ਨੂੰ ਢਾਹ ਲਗਾਈ ਹੋਈ ਹੈ, ਜਿਸ ਨੇ ਸਿੱਖ ਸੰਘਰਸ਼ ਨੂੰ ਕਮਜ਼ੋਰ ਕੀਤਾ ਹੈ।
ਉਨ੍ਹਾਂ ਮੌਜੂਦਾ ਹਾਲਾਤ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਟੁੱਟਣ ਦਾ ਉਨ੍ਹਾਂ ਨੂੰ ਵੀ ਦੁੱਖ ਹੈ ਪਰ ਅਫ਼ਸੋਸ ਹੈ ਕਿ ਇਨ੍ਹਾਂ ਸਾਰੇ ਹਾਲਾਤ ਲਈ ਜ਼ਿੰਮੇਵਾਰ ਧਿਰ ਅਕਾਲ ਤਖ਼ਤ ਸਾਹਿਬ ਦੀ ਢਾਲ ਲੈ ਕੇ ਆਪਣੇ ਆਪ ਨੂੰ ਸੱਚਾ ਅਤੇ ਦੂਜੀ ਧਿਰ ਨੂੰ ਗਲਤ ਸਾਬਤ ਕਰਨ ‘ਚ ਲੱਗੀ ਹੋਈ ਹੈ। ਉਨ੍ਹਾਂ ਨੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੀ ਟੀਮ ਨੂੰ ਜ਼ਿੰਮੇਵਾਰ ਠਹਿਰਾਇਆ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਸੋਚ ਅਤੇ ਕੰਮ ਕਰਨ ਦੇ ਢੰਗ ਵਿੱਚ ਨਿਘਾਰ ਆਇਆ ਹੈ ਅਤੇ ਸਿੱਖਾਂ ਦੀ ਇਹ ਸੰਸਥਾ ਅਕਾਲੀ ਦਲ ਦੀ ਕੇਵਲ ਇਕ ਬਰਾਂਚ ਬਣ ਕੇ ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਸੰਸਥਾ ਦੀ ਕਾਇਆ-ਕਲਪ ਕਰਨ ਦਾ ਸਮਾਂ ਆ ਗਿਆ ਹੈ।