ਭਾਈ ਕੰਵਰਪਾਲ ਸਿੰਘ, ਭਾਈ ਹਰਪਾਲ ਸਿੰਘ ਚੀਮਾ, ਭਾਈ ਹਰਚਰਨਜੀਤ ਸਿੰਘ ਧਾਮੀ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਸਬੰਧੀ ਵਿਚਾਰਾਂ ਕਰਦੇ ਹੋਏ

ਸਿਆਸੀ ਖਬਰਾਂ

ਦਲ ਖ਼ਾਲਸਾ ਵਲੋਂ 15 ਅਗਸਤ ਨੂੰ ਕਾਲਾ ਦਿਵਸ ਮਨਾਉਣ ਦਾ ਐਲਾਨ; ਲੁਧਿਆਣਾ ਵਿਖੇ ਰੋਹ ਭਰਪੂਰ ਮੁਜਾਹਰਾ

By ਸਿੱਖ ਸਿਆਸਤ ਬਿਊਰੋ

August 03, 2016

ਹੁਸ਼ਿਆਰਪੁਰ: ਹਿੰਦੁਸਤਾਨੀ ਗਲਬੇ ਤੋਂ ਪੰਜਾਬ ਤੇ ਪੰਥ ਨੂੰ ਅਜ਼ਾਦ ਕਰਵਾਉਣ ਦੀ ਸੋਚ ਨੂੰ ਹੁਲਾਰਾ ਦੇਣ ਦੇ ਮੰਤਵ ਨਾਲ, ਦਲ ਖ਼ਾਲਸਾ ਨੇ ਅਖੰਡ ਕੀਰਤਨੀ ਜਥੇ ਦੇ ਸਹਿਯੋਗ ਨਾਲ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਮੌਕੇ ਲੁਧਿਆਣਾ ਵਿਖੇ 15 ਅਗਸਤ ਨੂੰ ਰੋਹ ਭਰਪੂਰ ਮੁਜ਼ਾਹਰਾ ਕਰਨ ਦਾ ਐਲਾਨ ਕੀਤਾ ਹੈ।

15 ਅਗਸਤ ਦੇ ਜਸ਼ਨਾਂ ਵਿਚ ਸਿੱਖਾਂ ਵਲੋਂ ਸ਼ਮੂਲੀਅਤ ਨਾ ਕਰਨ ਉਤੇ ਜ਼ੋਰ ਦਿੰਦਿਆਂ, ਜਥੇਬੰਦੀ ਨੇ ਕਰਮਚਾਰੀਆਂ, ਸਕੂਲ ਪ੍ਰਬੰਧਕਾਂ ਅਤੇ ਵਿਦਿਆਰਥੀਆਂ ਨੂੰ ਭਾਰਤ ਦੀ ਆਜ਼ਾਦੀ ਜਸ਼ਨਾਂ ਤੋਂ ਦੂਰ ਰਹਿ ਕੇ ਬਾਈਕਾਟ ਕਰਨ ਦੀ ਅਪੀਲ ਕੀਤੀ ਹੈ।

ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਦਲ ਖ਼ਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ 15 ਅਗਸਤ ਨੂੰ ਕਾਲੇ ਦਿਨ ਵਜੋਂ ਮਨਾਉਣ ਦਾ ਮਕਸਦ, ਅਜ਼ਾਦੀ ਦੀ ਤਾਂਘ ਤੇ ਇੱਛਾ ਨੂੰ ਜਿਉਂਦਾ ਰੱਖਣਾ ਹੈ। ਉਹਨਾਂ ਕਿਹਾ ਕਿ ਦੋਨਾਂ ਜਥੇਬੰਦੀਆਂ ਦੇ ਕਾਰਜਕਰਤਾ ਲੁਧਿਆਣਾ ਸ਼ਹਿਰ ਦੇ ਜਗਰਾਉਂ ਪੁੱਲ ‘ਤੇ ਤਖਤੀਆਂ, ਬੈਨਰਾਂ ਤੇ ਕਾਲੇ ਝੰਡਿਆਂ ਨਾਲ ਮੁਜ਼ਾਹਰਾ ਕਰਨਗੇ। ਉਹਨਾਂ ਸਪੱਸ਼ਟ ਕੀਤਾ ਕਿ ਸੜਕੀ ਆਵਾਜਾਈ ਨਹੀਂ ਰੋਕੀ ਜਾਵੇਗੀ।

ਸਿੱਖ ਅਜ਼ਾਦੀ ਪਸੰਦ ਪਾਰਟੀ ਨੇ ਨੀਤੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਜਦਕਿ ਮੁਸਲਮਾਨ ਅਤੇ ਹਿੰਦੂ ਭਾਈਚਾਰਿਆਂ ਨੂੰ ਕ੍ਰਮਵਾਰ 14 ਅਤੇ 15 ਅਗਸਤ ਵਾਲੇ ਦਿਨ ਅਜ਼ਾਦੀ ਮਿਲ ਗਈ ਸੀ, ਪਰ ਬਦਕਿਸਮਤੀ ਨਾਲ ਸਿੱਖਾਂ ਨੇ ਉਹ ਮੌਕਾ ਗੁਆ ਲਿਆ ਅਤੇ ਉਹ ਅੰਗਰੇਜ਼ ਦੇ ਗਲਬੇ ਤੋਂ ਨਿੱਕਲ ਕੇ ਹਿੰਦੂ ਦੇ ਰਾਜਨੀਤਿਕ ਗਲਬੇ ਹੇਠ ਫਸ ਕੇ ਰਹਿ ਗਏ। ਉਨ੍ਹਾਂ ਕਿਹਾ ਕਿ ਪਿਛਲੇ 70 ਸਾਲਾਂ ਵਿਚ ਨਾ ਹੱਕ ਮਿਲੇ ਨਾ ਹਕੂਕ, ਨਾ ਅੱਡਰੀ ਪਹਿਚਾਣ ਤੇ ਨਾ ਮਾਣ, ਮਿਲਿਆ ਤਾਂ ਕੇਵਲ ਕੈਦਾਂ, ਝੂਠੇ ਮੁਕਾਬਲੇ ਤੇ ਫਾਂਸੀਆਂ। ਉਨ੍ਹਾਂ ਕਿਹਾ ਕਿ ਸਿੱਖ ਹਿੰਦੁਸਤਾਨ ਦੀ ਗੁਲਾਮੀ ਅਤੇ ਜ਼ਲਾਲਤ ਦਾ ਦਰਦ ਹੰਢਾ ਰਹੇ ਹਨ।

ਦਲ ਖ਼ਾਲਸਾ ਦੇ ਸਾਬਕਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਦੇ ਨਾਲ ਹਰਪਾਲ ਸਿੰਘ ਚੀਮਾ ਨੇ ਅੰਤਰਰਾਸ਼ਟਰੀ ਸੰਧੀਆਂ ਅਤੇ ਇਕਰਾਰਾਂ ਅਨੁਸਾਰ ਸਿੱਖਾਂ ਦੇ ਸਵੈ-ਨਿਰਣੇ ਦੇ ਮੌਲਿਕ ਅਧਿਕਾਰ ਨੂੰ ਮਾਨਤਾ ਨਾ ਦੇਣ ‘ਤੇ ਭਾਰਤੀ ਸਰਕਾਰਾਂ ਦੀ ਘੋਰ ਨਿੰਦਾ ਕੀਤੀ।

ਦਲ ਖ਼ਾਲਸਾ ਨੇ ਪੰਜਾਬ ਸਰਕਾਰ ਵਲੋਂ ਵੱਖ-ਵੱਖ ਖੇਤਰਾਂ ਤੇ ਵਸੀਲਿਆਂ (ਜਿਵੇਂ ਕਿ ਬਿਜਲੀ ਦੇ ਬਿਲਾਂ, ਨਵੀਆਂ ਗੱਡੀਆਂ ਦੀ ਰਜਿਸਟਰੇਸ਼ਨ ਆਦਿ) ਰਾਹੀਂ ਵਸੂਲੇ ਜਾ ਰਹੇ ਗਾਂ ਟੈਕਸ ਦਾ ਵਿਰੋਧ ਕੀਤਾ ਹੈ। ਦਲ ਖ਼ਾਲਸਾ ਪ੍ਰਧਾਨ ਨੇ ਕਿਹਾ ਕਿ ਹਿੰਦੂ ਭਾਈਚਾਰਾ ਤੋਂ ਇਲਾਵਾ ਗਾਂ ਨੂੰ ਕੋਈ ਵੀ ਹੋਰ ਭਾਈਚਾਰਾ ਨਾ ਤਾਂ ਮਾਂ ਮੰਨਦਾ ਹੈ ਨਾਂ ਹੀ ਪਵਿੱਤਰ ਜਾਨਵਰ ਸਮਝਦਾ ਹੈ। ਉਨ੍ਹਾਂ ਪੁਛਿਆ ਕਿ ਜਦੋਂ ਸਰਕਾਰਾਂ ਧਰਮ-ਨਿਰਪੱਖ ਹੋਣ ਦਾ ਦਾਅਵਾ ਕਰਦੀਆਂ ਨਹੀਂ ਥਕਦੀਆਂ ਤਾਂ ਫਿਰ ਸਿਰਫ ਗਾਂ ਦੇ ਨਾਂ ਤੇ ਟੈਕਸ ਕਿਉਂ? ਉਹਨਾਂ ਕਿਹਾ ਕਿ ਅਵਾਰਾ ਗਾਵਾਂ ਦੀ ਸਮਸਿਆ ਗੰਬੀਰ ਹੈ, ਇਸ ਦਾ ਹੱਲ ਟੈਕਸ ਲਾ ਕੇ ਨਹੀਂ ਹੋਣ ਵਾਲਾ।

ਗੁਜਰਾਤ ਵਿਚ ਬੀਤੇ ਦਿਨਾਂ ਅੰਦਰ ਦਲਿਤਾਂ ਨਾਲ ਕੀਤੇ ਗਏ ਅਤਿਆਚਾਰਾਂ ਦਾ ਹਵਾਲਾ ਦਿੰਦਿਆਂ ਉਨ੍ਹਾਂ ਸੱਤਾ ਦੇ ਨਸ਼ੇ ਵਿੱਚ ਆਏ ਹਿੰਦੁਤਵੀ ਤਾਕਤਾਂ ਵਲੋਂ ਦਲਿਤਾਂ ਨਾਲ ਕੀਤੀ ਬਦਸਲੂਕੀ ਅਤੇ ਹੁਲੜਪੁਣੇ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਦਲਿਤ ਭਾਈਚਾਰੇ ਨਾਲ ਇੱਕਜੁਟਤਾ ਪ੍ਰਗਟਾਈ।

ਦਲ ਖ਼ਾਲਸਾ ਆਗੂਆਂ ਨੇ ਸੰਘਰਸ਼ ਕਰ ਰਹੀਆਂ ਕਸ਼ਮੀਰੀ ਅਤੇ ਸਿੱਖ ਕੌਮ ਵਿਚਾਲੇ ਆਪਸੀ ਰਿਸ਼ਤਿਆਂ ਨੂੰ ਹੋਰ ਡੂੰਘਾ ਤੇ ਮਜ਼ਬੂਤ ਕਰਨ ਲਈ ਕਸ਼ਮੀਰੀ ਲੋਕਾਂ ਵਲੋਂ ਸਵੈ-ਨਿਰਣੇ ਦੇ ਹੱਕ ਲਈ ਕੀਤੇ ਜਾ ਰਹੇ ਸੰਘਰਸ਼ ਵਾਸਤੇ ਲਗਾਤਾਰ ਸਹਿਯੋਗ ਦੇਣ ਦੀ ਵਚਨਬੱਧਤਾ ਪ੍ਰਗਟ ਕੀਤੀ ਅਤੇ ਉਨ੍ਹਾਂ ਕਿਹਾ ਕਿ ਕਸ਼ਮੀਰੀਆਂ ਦੀ ਮੌਜੂਦਾ ਔਖੀ ਘੜੀ ਵਿਚ ਉਹ ਉਨ੍ਹਾਂ ਦੇ ਨਾਲ ਖੜੇ ਹਨ।

ਉਨ੍ਹਾਂ ਕਿਹਾ ਕਿ ਉਹ ਭਾਈ ਜਗਤਾਰ ਸਿੰਘ ਹਵਾਰਾ, ਭਾਈ ਦਵਿੰਦਰਪਾਲ ਸਿੰਘ ਭੁੱਲਰ ਸਮੇਤ ਸਾਰੇ ਸਿੱਖ ਕੌਮੀ ਨਾਇਕਾਂ ਦਾ ਦਿਲੋਂ ਸਤਿਕਾਰ ਕਰਦੇ ਹਨ, ਜੋ ਕੌਮ ਦੀ ਅਜ਼ਾਦੀ ਦੇ ਸੰਘਰਸ਼ ਲਈ ਜੂਝਣ ਕਾਰਨ ਲੰਬੇ ਸਮੇਂ ਤੋਂ ਜੇਲ੍ਹਾਂ ਵਿਚ ਨਜਰਬੰਦ ਹਨ।

ਇਸ ਮੌਕੇ ਗੁਰਦੀਪ ਸਿੰਘ ਕਾਲਕੱਟ, ਰਣਵੀਰ ਸਿੰਘ, ਨੋਬਲਜੀਤ ਸਿੰਘ ਤੇ ਸਿੱਖ ਯੂਥ ਆਫ ਪੰਜਾਬ ਦੇ ਪ੍ਰਧਾਨ ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਵੀ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ: