ਅੰਮ੍ਰਿਤਸਰ (12 ਨਵੰਬਰ, 2015): ਦਲ ਖਾਲਸਾ, ਪੰਚ ਪ੍ਰਧਾਨੀ ਅਤੇ ਸਿੱਖ ਯੂਥ ਆਫ ਪੰਜਾਬ ਦੇ ਕਾਰਜਕਰਤਾਵਾਂ ਨੇ ਦਰਸ਼ਨੀ ਦਿਊੜੀ ਵਿਖੇ ਬੰਦੀ ਛੋੜ ਦਿਵਸ ਮੌਕੇ ਗਿਆਨੀ ਗੁਰਬਚਨ ਸਿੰਘ ਵਲੋਂ ਦਿੱਤੇ ਸੰਦੇਸ਼ ਦੌਰਾਨ ਉਹਨਾਂ ਦਾ ਜਬਰਦਸਤ ਵਿਰੋਧ ਕਰਦਿਆਂ ਕਾਲੇ ਝੰਡੇ ਦਿਖਾਏ ।
ਸਿਰਸੇ ਸਾਧ ਗੁਰਮੀਤ ਰਾਮ ਰਹੀਮ ਨੂੰ ਮੁਆਫੀ ਦੇਣ ਅਤੇ ਬਾਅਦ ਵਿੱਚ ਆਪਣਾ ਫੈਸਲਾ ਰੱਦ ਕਰਨ ਤੋਂ ਬਾਅਦ ਜਥੇਦਾਰਾਂ ਵਿਰੁੱਧ ਉਠਿਆ ਗੁੱਸਾ ਥੰਮ ਨਹੀਂ ਰਿਹਾ ਅਤੇ ਵੱਡੀ ਪੱਧਰ ਉਤੇ ਉਹਨਾਂ ਨੂੰ ਅਹੁਦੇ ਛੱਡਣ ਲਈ ਆਖਿਆ ਜਾ ਰਿਹਾ ਹੈ।
ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨਾਂ ਨੇ ਜਥੇਦਾਰ ਉਤੇ ਅਕਾਲ ਤਖਤ ਦੀ ਸਰਵਉਚਤਾ ਅਤੇ ਸ਼ਾਨ ਦਾ ਨਿਰਾਦਰ ਕਰਨ ਦਾ ਦੋਸ਼ ਲਾਉਦਿਆਂ ਉਹਨਾਂ ਵਿਰੁੱਧ ਜੋਸ਼ ਨਾਲ ਨਾਹਰੇ ਮਾਰੇ ਅਤੇ ਅਹੁਦਾ ਛੱਡਣ ਲਈ ਜੋਰ ਪਾਇਆ।
ਅਕਾਲ ਤਖਤ ਸਾਹਿਬ ਦੇ ਸਾਹਮਣੇ ਦਰਸ਼ਨੀ ਦਿਊੜੀ ਤੋਂ ਜਦੋਂ ਹੀ ਗਿਆਨੀ ਗੁਰਬਚਨ ਸਿੰਘ ਆਪਣੀ ਤਕਰੀਰ ਸ਼ੁਰੂ ਕਰਨ ਲੱਗੇ ਤਾਂ ਸਿੱਖ ਯੂਥ ਆਫ ਪੰਜਾਬ ਦੇ ਨੌਜਵਾਨ ਜੋ ਪ੍ਰਧਾਨ ਪਰਮਜੀਤ ਸਿੰਘ ਟਾਂਡਾ ਅਤੇ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਉਥੇ ਪਹਿਲਾਂ ਤੋਂ ਹੀ ਮੌਜੂਦ ਸਨ, ਨੇ ਕਾਲੇ ਝੰਡੇ ਲਹਰਾਉਦਿਆਂ ਕਿਹਾ ਕਿ ਮੌਜੂਦਾ ਜਥੇਦਾਰ ਜੋ ਆਪਣੀ ਭਰੋਸੇਯੋਗਤਾ ਗੁਆ ਚੁੱਕੇ ਹਨ, ਪ੍ਰਵਾਨ ਨਹੀਂ, ਮਨਜ਼ੂਰ ਨਹੀਂ।
ਦਲ ਖਾਲਸਾ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਤੇ ਕੰਵਰਪਾਲ ਸਿੰਘ, ਪੰਚ ਪ੍ਰਧਾਨੀ ਆਗੂ ਹਰਪਾਲ ਸਿੰਘ ਚੀਮਾ ਜੋ ਉਸ ਮੌਕੇ ਉਥੇ ਮੌਜੂਦ ਸਨ ਨੇ ਮੀਡੀਆ ਨਾਲ ਗਲਬਾਤ ਕਰਦਿਆ ਕਿਹਾ ਕਿ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੇ ਸਿੱਖੀ ਸਿਧਾਂਤਾਂ ਅਤੇ ਕੌਮੀ ਸਵੈਮਾਣ ਨੂੰ ਢਾਹ ਲਾਉਣ ਦੀ ਹੱਦ ਪਾਰ ਕਰ ਦਿੱਤੀ ਹੈ।
ਉਹਨਾਂ ਕਿਹਾ ਕਿ ਅਕਾਲੀ ਰਾਜਨੀਤੀ ਅਤੇ ਬਾਦਲਕਿਆਂ ਦੇ ਹੈਂਕੜ ਨੇ ਕੌਮ ਨੂੰ ਖਾਨਾਜੰਗੀ ਵੱਲ ਧੱਕ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਬਾਦਲਾਂ ਦਾ ਹੈਂਕੜ ਅਤੇ ਗਲਤ ਫੈਸਲੇ ਜ਼ਿਮੇਵਾਰ ਹਨ। ਉਹਨਾਂ ਕਿਹਾ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਦਾ ਰਵਈਆ ਤੇ ਰੋਲ ਸੱਭ ਤੋਂ ਮਾੜਾ ਅਤੇ ਭੱਦਾ ਹੈ।
ਉਹਨਾਂ ਸਿਮਰਨਜੀਤ ਸਿੰਘ ਮਾਨ ਸਮੇਤ ਪੰਥਕ ਆਗੂਆਂ ਦੀਆਂ ਗ੍ਰਿਫਤਾਰੀਆਂ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਬੁਖਲਾਹਟ ਦਾ ਸਬੂਤ ਹਨ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਕੁਰਾਹੇ ਪੈ ਚੁੱਕੀ ਹੈ ਅਤੇ ਉਹਨਾਂ ਨੂੰ ਪੰਥਕ ਹਿੱਤਾਂ ਲਈ ਸਰਗਰਮ ਹਰ ਸਿੱਖ ਪੰਜਾਬ ਦੀ ਸ਼ਾਂਤੀ ਦਾ ਵੈਰੀ ਦਿਖਾਈ ਦਿੰਦੇ ਹਨ।
ਉਹਨਾਂ ਦਸਿਆ ਕਿ ਰਵਾਇਤ ਅਨੁਸਾਰ ਜਥੇਦਾਰ ਸ਼ਾਮ ੫ ਵਜੇ ਦੇ ਕਰੀਬ ਆਪਣਾ ਭਾਸ਼ਨ ਦਿੰਦੇ ਹਨ ਪਰ ਕਲ ਸ਼੍ਰੋਮਣੀ ਕਮੇਟੀ ਨੇ ਚਲਾਕੀ ਖੇਡਦਿਆਂ ਅਤੇ ਪੰਥ ਦੇ ਰੋਹ ਤੋਂ ਬਚਣ ਲਈ ਉਹਨਾਂ ਨੂੰ ੩.੩੦ ਵਜੇ ਹੀ ਬੁਲਵਾ ਦਿੱਤਾ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ਅੰਦਰ ਝਗੜਾ ਕਰਵਾਉਣ ਦੀ ਨੀਯਤ ਅਤੇ ਜਥੇਦਾਰ ਦਾ ਸਿਧਾਂਤਕ ਵਿਰੋਧ ਕਰਨ ਆਏ ਨੌਜਵਾਨਾਂ ਨੂੰ ਬਦਨਾਮ ਕਰਨ ਦੇ ਮਨਸ਼ਾ ਨਾਲ ਬਾਦਲਾਂ ਦੇ ਚਹੇਤੇ ਅਤੇ ਲੰਬੀ ਹਲਕੇ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਆਪਣੇ ਨਾਲ ਸੈਕੜੇ ਮੁੰਡੇ ( ਜੋ ਸਿਰਾਂ ਤੋਂ ਮੋਨੇ ਸਨ ਅਤੇ ਉਹਨਾਂ ਰੁਮਾਲ ਬੰਣੇ ਹੋਏ ਸਨ) ਲੈ ਕੇ ਆਇਆ ਹੋਇਆ ਸੀ।
ਇਸੇ ਤਰਾਂ ਇੱਕ ਹੋਰ ਸਥਾਨਕ ਅਕਾਲੀ ਆਗੂ ਨਿਹੰਗ ਬਾਣਿਆਂ ਵਾਲੇ ਨੌਜਵਾਨਾਂ ਨੂੰ ਨਾਲ ਲੈ ਕੇ ਆਇਆ ਸੀ, ਜਿਹਨਾਂ ਨੰਗੀਆਂ ਤਲਵਾਰਾਂ ਫੜੀਆਂ ਹੋਈਆਂ ਸਨ। ਉਹਨਾਂ ਕਿਹਾ ਕਿ ਬਾਦਲਕੇ ਦਰਬਾਰ ਸਾਹਿਬ ਅੰਦਰ ਖਾਨਾਜੰਗੀ ਕਰਵਾਉਣ ਦੀ ਨੀਯਤ ਰੱਖਦੇ ਸਨ ਪਰ ਵਾਹਿਗੁਰੂ ਦੀ ਕ੍ਰਿਪਾ ਨਾਲ ਅਜਿਹਾ ਹੋਣ ਤੋਂ ਬੱਚ ਗਿਆ। ਇਸ ਮੌਕੇ ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਕਾਲਕੱਟ, ਗੁਰਮੀਤ ਸਿੰਘ, ਪਰਮਜੀਤ ਸਿੰਘ ਮੰਡ, ਗਗਨਦੀਪ ਸਿੰਘ, ਸਰਵਕਾਰ ਸਿੰਘ ਆਦਿ ਮੌਜੂਦ ਸਨ।