ਸ੍ਰੀ ਅੰਮਿ੍ਰਤਸਰ: ਦਲ ਖਾਲਸਾ ਨੇ ਦਿੱਲੀ ਪੁਲਿਸ ਵਲੋਂ ਪਿਛਲ਼ੇ ਸਮੇਂ ਅੰਦਰ ਨਾਗਰਿਕਤਾ ਸੋਧ ਕਾਨੂੰਨ ਦੀ ਵਿਰੋਧਤਾ ਕਰਨ ਵਾਲੇ ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਸਮਰਥਕਾਂ ਨੂੰ ਸ਼ਹਿਰ ਅੰਦਰ ਹੋਈ ਹਿੰਸਾ ਨਾਲ ਸਬੰਧਤਿ ਕੇਸਾਂ ਵਿੱਚ ਗ੍ਰਿਫਤਾਰ ਕਰਨ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਕਿ ਉਹ ਮੁਸਲਮਾਨਾਂ ਦਾ ਸੋਚੀ-ਸਮਝੀ ਨੀਤੀ ਤਹਿਤ ਕੀਤਾ ਜਾ ਰਿਹਾ ਸ਼ੋਸ਼ਣ ਅਤੇ ਸ਼ਿਕਾਰ ਨੂੰ ਬੰਦ ਕਰਵਾਉਣ ਲਈ ਦਿੱਲੀ ਪ੍ਰਸ਼ਾਸਨ ਨੂੰ ਹਦਾਇਤ ਕਰਨ।
ਪ੍ਰਧਾਨ ਮੰਤਰੀ ਦੇ ਬਿਆਨ ਕਿ ਕੋਰੋਨਾ ਵਾਈਰਸ ਕਿਸੇ ਧਰਮ ਜਾਂ ਜਾਤ ਨੂੰ ਨਹੀ ਪਛਾਣਦਾ ਉਤੇ ਵਿਅੰਗ ਕਸਦਿਆਂ ਜਥੇਬੰਦੀ ਦੇ ਆਗੂ ਨੇ ਕਿਹਾ ਕਿ ਭਾਜਪਾ ਵਲੋਂ ਪੈਦਾ ਕੀਤਾ ਫਿਰਕੂ ਵਾਈਰਸ ਜਰੂਰ ਪਛਾਣਦਾ ਹੈ ਅਤੇ ਉਹਨਾਂ ਨਰਿੰਦਰ ਮੋਦੀ ਉਤੇ ਦੋਹਰੇ ਮਾਪਦੰਡ ਦਾ ਇਲਜ਼ਾਮ ਲਾਉਦਿਆਂ ਕਿਹਾ ਕਿ ਇਹ ਸਭ ਕੁਝ ਦੁਨੀਆਂ ਦੀਆਂ ਅੱਖਾਂ ਵਿੱਚ ਧੂੜ ਪਾਉਣ ਲਈ ਕਿਹਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਦਿੱਲੀ ਵਿਖੇ 23 ਤੋਂ 26 ਫਰਵਰੀ ਤੱਕ ਹੋਈ ਹਿੰਸਾ ਕਾਰਨ 53 ਲੋਕ ਮਾਰੇ ਗਏ ਸਨ ਅਤੇ ਸੈਂਕੜੇ ਜਖਮੀ ਹੋਏ ਸਨ। ਦਿੱਲੀ ਪੁਲਿਸ ਉਤੇ ਮੁਸਲਮਾਨਾਂ ਵਿਰੁੱਧ ਹਿੰਸਾ ਕਰਨ ਵਾਲੇ ਦੰਗਾਕਾਰੀਆਂ ਨਾਲ ਮਿਲੇ ਹੋਣ ਦਾ ਇਲਜਾਮ ਲੱਗਿਆ ਸੀ।
ਜਾਮੀਆ ਯੂਨੀਵਰਸਿਟੀ ਦੇ ਵਿਦਿਆਰਥੀ ਮੀਰਾਨ ਹੈਦਰ ਅਤੇ ਬੀਬਾ ਸਾਫੂਰਾ ਜਰਗਰ ਨੂੰ ਦਿੱਲੀ ਅਪਰਾਧ ਸ਼ਾਖਾ ਵਲੋਂ ਹਿੰਸਾ ਭੜਕਾਉਣ ਦੇ ਝੂਠੇ ਕੇਸ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਲਗਭੱਗ 50 ਹੋਰਨਾਂ ਨੂੰ ਸੰਮਨ ਜਾਰੀ ਕੀਤੇ ਗਏ ਹਨ । ਇਹ ਜਾਣਕਾਰੀ ਦਲ ਖਾਲਸਾ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਮੀਡੀਆ ਨਾਲ ਸਾਂਝੀ ਕੀਤੀ।
ਉਹਨਾਂ ਕਿਹਾ ਕਿ ਜਦੋਂ ਪੂਰਾ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਿਹਾ ਹੈ ਅਤੇ ਪਿਛਲ਼ੇ ਇੱਕ ਮਹੀਨੇ ਤੋਂ ਲਾਕਡਾਊਨ ਹੈ ਅਜਿਹੇ ਸਮਿਆਂ ਅੰਦਰ ਇਹ ਗ੍ਰਿਫਤਾਰੀਆਂ ਬਦਲਾਖੋਰੀ ਦੀ ਭਾਵਨਾ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ (ਜਿਸ ਦੇ ਹੱਥ ਵਿੱਚ ਪੁਲਿਸ ਦੀ ਵਾਗਡੋਰ ਹੈ) ਦੇ ਇਸ਼ਾਰੇ ‘ਤੇ ਕੀਤੀਆਂ ਜਾ ਰਹੀਆਂ ਹਨ। ਉਹਨਾਂ ਗ੍ਰਿਫਤਾਰ ਲੋਕਾਂ ਦੀ ਫੌਰੀ ਰਿਹਾਈ ਦੀ ਮੰਗ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੇ ਹੱਕ ਵਿੱਚ ਉਠੀਆਂ ਸਾਰੀਆਂ ਆਵਾਜ਼ਾਂ ਨੂੰ ਜੇਲਾਂ ਦੀ ਕਾਲ ਕੋਠੜੀ ਵਿੱਚ ਘੁੰਮ ਕਰਨ ਲਈ ਗ੍ਰਿਫਤਾਰੀਆਂ ਕਰਵਾ ਰਹੀ ਹੈ।
ਉਹਨਾਂ ਕਿਹਾ ਕਿ ਮਹਾਂਮਾਰੀ ਦੇ ਸਮੇ ਅੰਦਰ ਗ੍ਰਿਫਤਾਰੀਆਂ ਦੇ ਹੁਕਮ ਦੇਣ ਪਿਛੇ ਸਰਕਾਰ ਦੀ ਮਨਸ਼ਾ ਸਾਫ ਹੈ । ਉਹਨਾਂ ਕਿਹਾ ਕਿ ਸਰਕਾਰ ਲੌਕਡਾਊਨ ਦਾ ਨਜਾਇਜ਼ ਫਾਇਦਾ ਉਠਾ ਰਹੀ ਹੈ ਕਿਉਕਿ ਉਹ ਜਾਣਦੀ ਹੈ ਕਿ ਅਜਿਹੇ ਸਮੇਂ ਲੋਕ ਪ੍ਰਤੀਕ੍ਰਿਆ ਕਰਨ ਦੀ ਸਥਿਤੀ ਵਿੱਚ ਨਹੀਂ ਹਨ। ਉਹਨਾਂ ਟਿਪਣੀ ਕਰਦਿਆਂ ਕਿਹਾ ਕਿ ਇੱਕ ਪਾਸੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੀ ਨਸੀਹਤ ਦਿੱਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਇੱਕ ਖਾਸ ਧਰਮ ਨਾਲ ਸਬੰਧਤਿ ਲੋਕਾਂ ਅਤੇ ਵਿਦਿਆਰਥੀਆਂ ਨੂੰ ਸਰਕਾਰੀ ਬਦਲਾਖੋਰੀ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿੱਡੀ ਵੱਡੀ ਵਿਡੰਬਨਾ ਹੈ ਕਿ ਜਿਸ ਧਰਮ ਦੇ ਲੋਕਾਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਗਿਆ ਉਸੇ ਧਰਮ ਦੇ ਲੋਕਾਂ ਨੂੰ ਉਸੇ ਹਿੰਸਾ ਨਾਲ ਸਬੰਧਿਤ ਕੇਸਾਂ ਵਿੱਚ ਫਸਾਇਆ ਜਾ ਰਿਹਾ ਹੈ।