ਚੰਡੀਗੜ੍ਹ – ਦਲ ਖਾਲਸਾ ਨੇ ਦੋਸ਼ ਲਗਾਇਆ ਕਿ ਭਾਰਤ ਦੀ ਕੇਂਦਰ ਸਰਕਾਰ ਵੱਲੋਂ ਨਨਕਾਣਾ ਸਾਹਿਬ ਸਾਕਾ ਦੀ ਸ਼ਤਾਬਦੀ ਮਨਾਉਣ ਲਈ ਪਾਕਿਸਤਾਨ ਜਾਣ ਵਾਲੇ ਜਥੇ ‘ਤੇ ਕੋਵਿਡ-੧੯ ਦੇ ਨਿਯਮਾਂ ਦੀ ਆੜ ਹੇਠ ਰੋਕ ਲਗਾ ਕਿ ਭਾਜਪਾ ਨੇ ਆਪਣੀ ਸਿੱਖ ਅਤੇ ਸਿੱਖੀ ਵਿਰੋਧੀ ਮਾਨਸਿਕਤਾ ਦਾ ਮੁੜ ਇਕ ਵਾਰ ਪ੍ਰਗਟਾਵਾ ਕੀਤਾ ਹੈ।
ਜਥੇਬੰਦੀ ਨੇ ਕਿਹਾ ਕਿ ਇਸੇ ਤਰਾਂ ਭਾਜਪਾ ਸਰਕਾਰ ਨੇ ਕਰਤਾਰਪੁਰ ਕੋਰੀਡੋਰ ਜੋ ਪਿਛਲੇ ਸਾਲ ਮਾਰਚ ਦਾ ਬੰਦ ਹੈ ਨੂੰ ਮੁੜ ਖੋਲਣ ਦੀ ਸਿੱਖ ਅਵਾਮ ਦੀ ਮੰਗ ਨੂੰ ਦਰਕਿਨਾਰ ਕਰ ਰਖਿਆ ਹੈ। ਉਹਨਾਂ ਅਕਾਲ ਤਖਤ ਸਾਹਿਬ ਨੂੰ ਮੋਦੀ ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਜਿਆਦਤੀ ਪਾਸੇ ਵਿਸ਼ੇਸ਼ ਧਿਆਨ ਦੇਣ ਲਈ ਕਿਹਾ।
ਜਥੇਬੰਦੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ ਲਾਕਡਾਊਨ ਦੇ ਖਤਮ ਹੋਣ ਤੋਂ ਬਾਅਦ ਪੂਰੇ ਭਾਰਤ ਅੰਦਰ ਸਭਿਆਚਾਰਕ, ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਸਰਗਰਮੀਆਂ ਪਹਿਲੇ ਵਾਂਗ ਸ਼ੁਰੂ ਹਨ ਤਾਂ ਕੇਵਲ ਸਿੱਖ ਲਈ ਆਪਣੇ ਗੁਰਧਾਮਾਂ ਤੇ ਜਾਣ ਮੌਕੇ ਹੀ ਨਰਿੰਦਰ ਮੋਦੀ ਸਰਕਾਰ ਨੂੰ ਕੋਰੋਨਾ ਨਿਯਮ ਕਿਉਂ ਚੇਤੇ ਆਉਦੇ ਹਨ। ਉਹਨਾਂ ਵਿਅੰਗ ਕੱਸਦਿਆਂ ਕਿਹਾ ਸੂਬਿਆਂ ਅਤੇ ਲੋਕਲ ਬਾਡੀਆਂ ਦੀਆਂ ਚੋਣਾਂ ਨਿਰਵਿਘਨ ਹੋ ਰਹੀਆਂ ਹਨ, ਪੂਰੇ ਦੇਸ਼ ਅੰਦਰ ਸਭ ਖੁਲਾ ਹੈ ਪਰ ਸਿੱਖਾਂ ਲਈ ਪਾਬੰਦੀਆਂ ਹਨ। ਉਹਨਾਂ ਪੁਛਿਆ ਕਿ ਕੀ ਇਹ ਸਿੱਖਾਂ ਨੂੰ ਜ਼ਲੀਲ ਕਰਨ ਦਾ ਸਰਕਾਰੀ ਪੈਂਤੜਾ ਨਹੀਂ ਤਾਂ ਹੋਰ ਕੀ ਹੈ?
ਉਹਨਾਂ ਦਸਿਆ ਕਿ ਅਕਾਲੀ ਦਲ ਨਾਲ ਦਹਾਕਿਆਂ ਦੀ ਰਾਜਨੀਤਿਕ ਸਾਂਝ ਦੇ ਬਾਵਜੂਦ ਆਰ.ਐਸ.ਐਸ ਅਤੇ ਭਾਜਪਾ ਦੀ ਸਿੱਖ ਅਤੇ ਸਿੱਖੀ ਵਿਰੋਧੀ ਮਾਨਸਿਕਤਾ ਕਾਇਮ ਹੈ । ਉਹਨਾਂ ਕਿਹਾ ਕਿ ਭਾਜਪਾ ਨੂੰ ਸਿੱਖਾਂ ਦੀ ਅੱਡਰੀ ਸੋਚ ਅਤੇ ਪਹਿਚਾਣ ਚੁੱਭਦੀ ਹੈ। ਉਹਨਾਂ ਕਿਹਾ ਕਿ ਦਿੱਲੀ ਵਿੱਚ ਬਾਬੂਆਂ (ਅਫਸਰਸ਼ਾਹੀ) ਦੀ ਮਜ਼ਬੂਤ ਲਾਬੀ ਨਹੀਂ ਚਾਹੁੰਦੀ ਕਿ ਸਿੱਖ ਦਾ ਪਾਕਿਸਤਾਨ ਨਾਲ ਰਿਸ਼ਤਾ ਮਜ਼ਬੂਤੀ ਨਾਲ ਬਣਿਆ ਰਹੇ।
ਉਹਨਾਂ ਟਿੱਪਣੀ ਕਰਦਿਆਂ ਕਿਹਾ ਕਿ ਤਿੰਨੇ ਕਾਲੇ ਖੇਤੀ ਕਾਨੂੰਨ ਕਿਸਾਨੀ ਅਤੇ ਪੂਰੇ ਦੇਸ਼ ਦੇ ਕਿਸਾਨਾਂ ਦੀ ਹੋਣੀ ਨਾਲ ਜੁੜੇ ਹਨ ਪਰ ਤ੍ਰਾਸਦੀ ਹੈ ਕਿ ਮੋਦੀ ਸਰਕਾਰ ਇਹਨਾਂ ਨੂੰ ਕੇਵਲ ਇਸ ਕਰਕੇ ਰੱਦ ਨਹੀਂ ਕਰ ਰਹੀ ਕਿਉਕਿ ਇਹਨਾਂ ਵਿਰੁੱਧ ਜਨ ਅੰਦੋਲਨ ਦੀ ਅਗਵਾਈ ਪੰਜਾਬ ਦਾ ਕਿਸਾਨ ਕਰ ਰਿਹਾ ਹੈ।