ਕੋਟ ਈਸੇ ਖਾਂ, ਮੋਗਾ: ਸਾਕਾ ਕੋਟਕਪੂਰਾ ਅਤੇ ਸਾਕਾ ਬਹਿਬਲ ਕਲਾਂ ਮਾਮਲਿਆਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਸਪੈਸ਼ਲ ਇਨਵੈਸਟੀਗੇਟਿਵ ਟੀਮ (ਸ.ਇ.ਟੀ.) ਵੱਲੋਂ ਪੇਸ਼ ਕੀਤੇ ਗਏ ਚਲਾਣ ਵਿੱਚ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਅਤੇ ਸੁਖਬੀਰ ਬਾਦਲ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨੂੰ ਵਿਉਂਤਬੰਦ ਕਰਨ ਲਈ ਜ਼ਿੰਮੇਵਾਰ ਠਹਿਰਾਉਣ ਉੱਤੇ ਟਿੱਪਣੀ ਕਰਦਿਆਂ ਦਲ ਖ਼ਾਲਸਾ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹ ਦੋਨਾਂ ਨੂੰ ਹਿਰਾਸਤ ਵਿੱਚ ਲੈ ਕੇ ਸਾਰੀ ਸਾਜਿਸ਼ ਨੂੰ ਬੇਨਕਾਬ ਕਰੇ।
ਦਲ ਖਾਲਸਾ ਵੱਲੋਂ ਜੂਨ 1984 ਘੱਲੂਘਾਰੇ ਦੀ ਯਾਦ ਵਿੱਚ 5 ਜੂਨ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਕੀਤੇ ਜਾਣ ਵਾਲੇ ਘੱਲੂਘਾਰਾ ਯਾਦਗਾਰੀ ਯਾਤਰਾ ਬਾਰੇ ਆਪਣੇ ਕਾਰਕੁਨਾਂ ਨਾਲ ਗੱਲਬਾਤ ਕਰਨ ਪਹੁੰਚੇ ਪਾਰਟੀ ਆਗੂਆਂ ਨੇ ਖਬਰਖਾਨੇ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਹੋਣ ਦੇ ਨਾਤੇ ਸੁਖਬੀਰ ਉਤੇ ਲੱਗੇ ਇਲਜਾਮ ਗੰਭੀਰ ਹਨ। ਉਹਨਾਂ ਸੁਖਬੀਰ ਸਿੰਘ ਬਾਦਲ ਅਤੇ ਸੁਮੇਧ ਸੈਣੀ ਦੀ ਗ੍ਰਿਫਤਾਰੀ ਦੀ ਮੰਗ ਕਰਦਿਆਂ ਕਿਹਾ ਕਿ ਸਜ਼ਾ ਭੁਗਤ ਰਹੇ ਗੁਰਮੀਤ ਰਾਮ ਰਹੀਮ ਦੀ ਵੀ ਹਿਰਾਸਤੀ ਪੁੱਛ-ਗਿਛ ਹੋਣੀ ਚਾਹੀਦੀ ਹੈ ਕਿਉਂਕਿ ਤਿੰਨੇ ਹੀ ਸਿੱਖ ਭਾਵਨਾਵਾਂ ਨਾਲ ਖਿਲਵਾੜ ਕਰਨ, ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਅਤੇ ਦੋ ਸਿੱਖ ਨੌਜਵਾਨਾਂ ਦੇ ਕਤਲ ਲਈ ਬਰਾਬਰ ਦੇ ਜ਼ਿੰਮੇਵਾਰ ਹਨ।
ਦਲ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਬੇਸ਼ੱਕ ਭਾਰਤ ਅੰਦਰ ਹਿੰਦੂਤਵੀ ਵਿਚਾਰਧਾਰਾ ਵਾਲੀ ਭਾਜਪਾ ਅਤੇ ਪੰਜਾਬ ਅੰਦਰ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਲੀ ਕਾਂਗਰਸ ਨੂੰ ਲੋਕ ਸਭਾ ਚੋਣਾਂ ਦੌਰਾਨ ਜਿੱਤ ਹਾਸਲ ਹੋਈ ਹੈ, ਇਸਦੇ ਬਾਵਜੂਦ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਪੀੜ ਸਿੱਖ ਹਿਰਦਿਆਂ ਅੰਦਰ ਸੱਜਰੀ ਹੈ ਅਤੇ ਸਿੱਖ ਇਸ ਸਾਕੇ ਨੂੰ ਭੁੱਲੇ ਨਹੀਂ ਹਨ ਅਤੇ ਨਾ ਹੀ ਦੋਸ਼ੀਆਂ ਨੂੰ ਮੁਆਫ ਕੀਤਾ ਹੈ।
ਉਨ੍ਹਾਂ ਫ਼ਰੀਦਕੋਟ ਵਿੱਚ ਜਸਪਾਲ ਸਿੰਘ ਦੇ ਜੇਲ੍ਹ ਅੰਦਰ ਹੋਏ ਕਤਲ ਦੀ ਜਾਂਚ ਸੈਸ਼ਨ ਕੋਰਟ ਦੇ ਜੱਜ ਕੋਲੋਂ ਕਰਵਾਉਣ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਸਥਾਨਕ ਪੁਲਿਸ ਮੁਖੀ ਨੂੰ ਅਹੁਦੇ ਤੋਂ ਲਾਂਭੇ ਕਰ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਇਹ ਵਰਤਾਰਾ 1980ਵਿਆਂ ਦੇ ਦਹਾਕਿਆਂ ਤੋਂ ਜਾਰੀ ਹੈ ਜਿਸ ਦਾ ਮੁੱਖ ਕਾਰਨ ਸਮੇਂ ਦੀਆਂ ਸਰਕਾਰਾਂ ਵੱਲੋਂ ਪੁਲਿਸ ਵਾਲਿਆਂ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਕੰਮ ਕਰਨ ਦੀ ਖੁੱਲ੍ਹ ਦੇਣਾ ਹੈ। ਉਹਨਾਂ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਕੋਈ ਵੀ ਰਾਜਨੀਤਕ ਧਿਰ ਇਸ ਅਣ-ਮਨੁੱਖੀ ਵਰਤਾਰੇ (ਤਸ਼ਦਦ ਅਤੇ ਹਿਰਾਸਤੀ ਮੌਤਾਂ) ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਇਸ ਮੌਕੇ ਸੁਰਜੀਤ ਸਿੰਘ ਖਾਲਸਤਾਨੀ, ਜਸਵੀਰ ਸਿੰਘ ਖੰਡੂਰ, ਜਗਜੀਤ ਸਿੰਘ ਖੋਸਾ, ਗੁਰਭਾਗ ਸਿੰਘ, ਗੁਰਨਾਮ ਸਿੰਘ, ਮਹਿਲ ਸਿੰਘ ਦਾਤੇਵਾਲ, ਗੁਰਪ੍ਰੀਤ ਸਿੰਘ ਖਾਲਸਾ, ਬਾਬਾ ਤਾਰਾ ਸਿੰਘ, ਭਾਈ ਕਸ਼ਮੀਰ ਸਿੰਘ, ਅਮਰਜੀਤ ਸਿੰਘ, ਭਾਈ ਰਣਜੀਤ ਸਿੰਘ, ਰਾਜਿੰਦਰ ਸਿੰਗ ਖੋਸਾ, ਗੁਰਬਚਨ ਸਿੰਘ ਗਗੜਾ ਆਦਿ ਮੌਜੂਦ ਸਨ।